ਯੂਪੀਐੱਸਸੀ ਧੋਖਾਧੜੀ ਮਾਮਲਾ: ਪੂਜਾ ਖੇੜਕਰ ਨੂੰ ਪੇਸ਼ਗੀ ਜ਼ਮਾਨਤ ਦੇਣ ਤੋਂ ਹਾਈ ਕੋਰਟ ਦਾ ਇਨਕਾਰ
ਨਵੀਂ ਦਿੱਲੀ, 23 ਦਸੰਬਰ
ਦਿੱਲੀ ਹਾਈ ਕੋਰਟ ਨੇ ਅੱਜ ਸਾਬਕਾ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਨੂੰ ਸਿਵਲ ਸੇਵਾ ਪ੍ਰੀਖਿਆ ਵਿੱਚ ਕਥਿਤ ਧੋਖਾਧੜੀ ਤੇ ਹੋਰ ਪੱਛੜਾ ਵਰਗ (ਓਬੀਸੀ) ਤੇ ਅੰਗਹੀਣ ਕੋਟੇ ਦਾ ਗਲਤ ਲਾਭ ਲੈਣ ਲਈ ਉਸ ਖ਼ਿਲਾਫ਼ ਦਰਜ ਅਪਰਾਧਿਕ ਕੇਸ ਵਿੱਚ ਪੇਸ਼ਗੀ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਚੰਦਰ ਧਾਰੀ ਸਿੰਘ ਨੇ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਜ ਕੀਤੀ ਜਾਂਦਾ ਹੈ। ਗ੍ਰਿਫ਼ਤਾਰੀ ਤੋਂ ਅਗਾਊਂ ਸੁਰੱਖਿਆ ਰੰਦ ਕੀਤੀ ਜਾਂਦੀ ਹੈ।’’ ਜਸਟਿਸ ਸਿੰਘ ਨੇ ਕਿਹਾ ਕਿ ਪਹਿਲੀ ਨਜ਼ਰੇ ਖੇੜਕਰ ਖ਼ਿਲਾਫ਼ ਮਜ਼ਬੂਤ ਮਾਮਲਾ ਬਣਦਾ ਹੈ ਅਤੇ ਸਾਜ਼ਿਸ਼ ਦਾ ਪਤਾ ਲਾਉਣ ਲਈ ਜਾਂਚ ਦੀ ਲੋੜ ਹੈ।
ਜੱਜ ਨੇ ਕਿਹਾ ਕਿ ਇਹ ਸੰਵਿਧਾਨਕ ਸੰਸਥਾ ਦੇ ਨਾਲ-ਨਾਲ ਸਮਾਜ ਦੇ ਨਾਲ ਧੋਖਾਧੜੀ ਦਾ ਇਕ ਮਾਮਲਾ ਹੈ। ਖੇੜਕਰ ’ਤੇ ਰਾਖਵੇਂਕਰਨ ਦੇ ਲਾਭ ਲੈਣ ਵਾਸਤੇ ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ 2022 ਲਈ ਆਪਣੀ ਅਰਜ਼ੀ ਵਿੱਚ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ।
ਦਿੱਲੀ ਪੁਲੀਸ ਦੇ ਵਕੀਲ ਅਤੇ ਸ਼ਿਕਾਇਤਕਰਤਾ ਯੂਪੀਐੱਸਸੀ ਦੇ ਵਕੀਲ ਨੇ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਦਾ ਵਿਰੋਧ ਕੀਤਾ। ਯੂਪੀਐੱਸਸੀ ਦੀ ਨੁਮਾਇੰਦਗੀ ਸੀਨੀਅਰ ਵਕੀਲ ਨਰੇਸ਼ ਕੌਸ਼ਿਕ ਅਤੇ ਵਕੀਲ ਵਰਧਮਾਨ ਕੌਸ਼ਿਕ ਨੇ ਕੀਤੀ। ਖੇੜਕਰ ਨੇ ਉਸ ਖ਼ਿਲਾਫ਼ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। -ਪੀਟੀਆਈ