ਸੜਕ ਨਿਰਮਾਣ ’ਚ ਮਾੜੀ ਸਮੱਗਰੀ ਵਰਤਣ ’ਤੇ ਹੰਗਾਮਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 9 ਨਵੰਬਰ
ਪਿੰਡ ਅਲੀਕਾ ਤੋਂ ਪਿਲਛੀਆਂ ਤੱਕ ਬਣ ਰਹੀ ਸੜਕ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਵਰਤਣ ’ਤੇ ਅੱਜ ਦੋਵੇਂ ਪਿੰਡਾਂ ਦੇ ਲੋਕਾਂ ਨੇ ਹੰਗਾਮਾ ਕਰਕੇ ਸੜਕ ਦਾ ਨਿਰਮਾਣ ਕਾਰਜ ਰੁਕਵਾ ਦਿੱਤਾ। ਸਿਰਫ 4 ਕਿਲੋਮੀਟਰ ਦੇ ਸੜਕ ਦੇ ਨਿਰਮਾਣ ਨੂੰ ਲੈ ਕੇ ਲੋਕਾਂ ਨੇ ਘਪਲੇ ਦੇ ਦੋਸ਼ ਲਗਾਏ ਅਤੇ ਕਿਹਾ ਕਿ ਸੜਕ ਨਿਰਮਾਣ ਵਿਚ ਘਟੀਆ ਮਾਲ ਪਾਇਆ ਜਾ ਰਿਹਾ ਹੈ, ਜੋ ਰਾਤ ਭਰ ਵੀ ਟਿਕ ਨਹੀਂ ਪਾਇਆ ਅਤੇ ਸਵੇਰੇ ਉਖੜਣ ਲੱਗਿਆ ਹੈ। ਲੋਕਾਂ ਦੇ ਹੰਗਾਮੇ ਨੂੰ ਦੇਖਦੇ ਹੋਏ ਮੌਕੇ ਤੇ ਪਹੁੰਚੇ ਠੇਕੇਦਾਰ ਨੇ ਕੁੱਝ ਇਲਾਕੇ ਵਿਚ ਸੜਕ ਨਿਰਮਾਣ ਵਿਚ ਸਹੀ ਮਾਪਦੰਡ ਤਹਿਤ ਸਮੱਗਰੀ ਨਾ ਪਾਉਣ ਦੀ ਗਲਤੀ ਮੰਨੀ ਅਤੇ ਦੋਬਾਰਾ ਉਥੇ ਸੜਕ ਬਣਾਉਣ ਦੀ ਗੱਲ ਕਹੀ।
ਉਥੇ ਵਿਭਾਗ ਦੇ ਪਹੁੰਚੇ ਜੇਈ ਨੇ ਵੀ ਮੰਨਿਆ ਕਿ ਕੁੱਝ ਦੂਰੀ ਤੇ ਸਮੱਗਰੀ ਸੜੀ ਹੋਈ ਪਾਈ ਗਈ ਹੈ, ਜਿਸ ਵਿਚ ਠੇਕੇਦਾਰ ਦੀ ਗਲਤੀ ਹੈ। ਪਿੰਡ ਦੇ ਸਰਪੰਚ ਸੁਰੇਸ਼ ਦੀ ਅਗਵਾਈ ਵਿਚ ਪਹੁੰਚੇ ਦੋਵੇਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਅੰਤਿਮ ਵਾਰ ਇਹ ਸੜਕ 2024 ਵਿਚ ਬਣੀ ਸੀ ਅਤੇ ਹੁਣ 20 ਸਾਲ ਬਾਅਦ ਇਸ ਸੜਕ ਨੂੰ ਸੰਭਾਲਿਆ ਗਿਆ ਹੈ ਪਰ ਨਿਰਮਾਣ ਕਾਰਜ ਵਿਚ ਅਨਿਯਮਤਾਵਾਂ ਵਰਤੀਆ ਜਾ ਰਹੀਆਂ ਹਨ। ਰਾਤ ਨੂੰ ਜੋ ਸੜਕ ਬਣਾਈ, ਉਹ ਸਵੇਰੇ ਉੱਖੜ ਰਹੀ ਸੀ।
ਦੋਸ਼ ਲਗਾਇਆ ਕਿ ਠੇਕੇਦਾਰ ਨੂੰ ਕਿਹਾ ਤਾਂ ਉਹ ਇਸ ਤੇ ਲੀਪਾਪੋਚੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤਾਂ ਵਿਭਾਗ ਅਤੇ ਠੇਕੇਦਾਰ ਸੜਕ ਬਣਾ ਕੇ ਚਲੇ ਜਾਣਗੇ ਪਰ ਇਹ ਸੜਕ ਜ਼ਿਆਦਾ ਸਮਾਂ ਨਹੀਂ ਟਿਕੇਗੀ ਅਤੇ ਉਨ੍ਹਾਂ ਨੂੰ ਫਿਰ 15-20 ਸਾਲ ਇੰਤਜ਼ਾਰ ਕਰਨਾ ਪਵੇਗਾ, ਅਜਿਹਾ ਨਾ ਹੋਵੇ, ਇਸ ਲਈ ਅੱਜ ਉਨ੍ਹਾਂ ਨਿਰਮਾਣ ਕਾਰਜ ਰੁਕਵਾ ਦਿੱਤਾ ਹੈ।
ਹੰਗਾਮੇ ਦੀ ਸੂਚਨਾ ਪਾ ਕੇ ਠੇਕੇਦਾਰ ਰਾਜਨ ਅਤੇ ਜ਼ਿਲਾ ਪ੍ਰੀਸ਼ਦ ਦੇ ਜੇਈ ਰਵਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲ ਕੀਤੀ।
ਠੇਕੇਦਾਰ ਨੇ ਦੱਸਿਆ ਕਿ ਪੂਰੀ ਸੜਕ ਠੀਕ ਬਣ ਰਹੀ ਹੈ ਅਤੇ ਐਸਟੀਮੇਟ ਅਨੁਸਾਰ 50 ਐਮਐਮ ਦੀ ਮੋਟਾਈ ਦੀ ਸਮੱਗਰੀ ਪਾਈ ਜਾ ਰਹੀ ਹੈ ਪਰ 100 ਮੀਟਰ ਦੇ ਟੁਕੜੇ ਵਿਚ ਕਰਿੰਦਿਆਂ ਨੇ ਜ਼ਿਆਦਾ ਤਾਪਮਾਨ ਵਾਲਾ ਮਾਲ ਪਾ ਦਿੱਤਾ ਸੀ, ਜਦੋਂ ਲੋਕਾਂ ਨੇ ਇਹ ਮਾਮਲਾ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਜਿੰਨੀ ਸੜਕ ਦਾ ਮਾਲ ਖਰਾਬ ਹੈ, ਉਥੇ ਦੁਬਾਰਾ ਮਾਲ ਪਾਇਆ ਜਾਵੇਗਾ। ਠੇਕੇਦਾਰ ਨੇ ਕਿਹਾ ਕਿ ਉਹ ਆਪਣੀ ਗਲਤੀ ਕਬੂਲ ਕਰਦੇ ਹਨ ਤੇ ਸੜਕ ਦਾ ਨਿਰਮਾਣ ਮਿਆਰੀ ਸਮੱਗਰੀ ਨਾਲ ਹੋਵੇਗਾ।
ਸੜਕ ’ਤੇ ਮੁੜ ਪ੍ਰੀਮਿਕਸ ਪਾਉਣ ਲਈ ਆਖਿਆ: ਜੇਈ
ਜੇਈ ਰਵਿੰਦਰ ਕੁਮਾਰ ਨੇ ਵੀ ਮੰਨਿਆ ਕਿ ਠੇਕੇਦਾਰ ਨੇ ਮਾੜੀ ਸਮੱਗਰੀ ਥੋੜ੍ਹੇ ਜਿਹੇ ਟੋਟੇ ਵਿੱਚ ਪਾਈ ਸੀ, ਜਿਸ ਨੂੰ ਠੀਕ ਕਰਵਾਉਣ ਲਈ ਕਹਿ ਦਿੱਤਾ ਹੈ ਅਤੇ ਬਾਕੀ ਸੜਕ ਪੂਰੀ ਤਰ੍ਹਾਂ ਠੀਕ ਬਣਾਈ ਜਾ ਰਹੀ ਹੈ।