ਧਾਰਾ 370 ਖ਼ਿਲਾਫ਼ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਮਤਾ ਪੇਸ਼ ਕਰਨ ’ਤੇ ਹੰਗਾਮਾ
ਸ੍ਰੀਨਗਰ, 4 ਨਵੰਬਰ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦੇ ਪਲੇਠੇ ਇਜਲਾਸ ਦੇ ਪਹਿਲੇ ਦਿਨ ਅੱਜ ਪੀਡੀਪੀ ਵਿਧਾਇਕ ਵਹੀਦ ਪਾਰਾ ਵੱਲੋਂ ਧਾਰਾ 370 ਰੱਦ ਕਰਨ ਖ਼ਿਲਾਫ਼ ਅਤੇ ਸੂਬੇ ਦਾ ਵਿਸ਼ੇਸ਼ ਦਰਜਾ ਬਹਾਲ ਕਰਨ ਸਬੰਧੀ ਮਤਾ ਪੇਸ਼ ਕਰਨ ’ਤੇ ਸਦਨ ਅੰਦਰ ਜ਼ੋਰਦਾਰ ਹੰਗਾਮਾ ਹੋਇਆ। ਨੈਸ਼ਨਲ ਕਾਨਫਰੰਸ ਆਗੂ ਅਬਦੁੱਲ ਰਹੀਮ ਰਾਠੇਰ ਨੂੰ ਵਿਧਾਨ ਸਭਾ ਸਪੀਕਰ ਚੁਣੇ ਜਾਣ ਦੇ ਤੁਰੰਤ ਮਗਰੋਂ ਪੁਲਵਾਮਾ ਤੋਂ ਵਿਧਾਇਕ ਪਾਰਾ ਨੇ ਇਹ ਮਤਾ ਪੇਸ਼ ਕੀਤਾ। ਪਾਰਾ ਨੇ ਮਤਾ ਪੇਸ਼ ਕਰਦਿਆਂ ਕਿਹਾ, ‘‘ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ’ਚ ਰਖਦਿਆਂ ਇਹ ਸਦਨ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਦਾ ਵਿਰੋਧ ਕਰਦਾ ਹੈ।’’ ਇਸ ’ਤੇ ਭਾਜਪਾ ਦੇ ਸਾਰੇ 28 ਵਿਧਾਇਕ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਉਨ੍ਹਾਂ ਤਿੱਖਾ ਵਿਰੋਧ ਜਤਾਇਆ। ਭਾਜਪਾ ਵਿਧਾਇਕ ਸ਼ਾਮ ਲਾਲ ਸ਼ਰਮਾ ਨੇ ਵਿਧਾਨ ਸਭਾ ਨੇਮਾਂ ਦੀ ਉਲੰਘਣਾ ਲਈ ਪਾਰਾ ਨੂੰ ਸਦਨ ’ਚੋਂ ਮੁਅੱਤਲ ਕਰਨ ਦੀ ਮੰਗ ਕੀਤੀ। ਰਾਠੇਰ ਨੇ ਉਨ੍ਹਾਂ ਨੂੰ ਸੀਟਾਂ ’ਤੇ ਬੈਠਣ ਲਈ ਆਖਦਿਆਂ ਕਿਹਾ ਕਿ ਉਨ੍ਹਾਂ ਕੋਲ ਹਾਲੇ ਮਤਾ ਨਹੀਂ ਆਇਆ ਹੈ ਪਰ ਜਦੋ ਇਹ ਆਵੇਗਾ ਤਾਂ ਉਹ ਇਸ ਦੀ ਪੜਤਾਲ ਕਰਨਗੇ। ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਨੇ ਭਾਜਪਾ ਮੈਂਬਰਾਂ ’ਤੇ ਸਦਨ ਦੀ ਕਾਰਵਾਈ ’ਚ ਅੜਿੱਕੇ ਡਾਹੁਣ ਦੇ ਦੋਸ਼ ਲਾਏ। ਹੰਗਾਮੇ ਦੌਰਾਨ ਨੈਸ਼ਨਲ ਕਾਨਫਰੰਸ ਵਿਧਾਇਕ ਸ਼ਬੀਰ ਕੂਲੇ ਸਪੀਕਰ ਦੇ ਆਸਣ ਸਾਹਮਣੇ ਆ ਗਏ। ਸਪੀਕਰ ਨੇ ਜਦੋਂ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਸਦਨ ਨੂੰ ਸੰਬੋਧਨ ਕਰਨਗੇ ਤਾਂ ਭਾਜਪਾ ਮੈਂਬਰ ਸ਼ਾਂਤ ਹੋਏ। ਸਦਨ ਦੇ ਆਗੂ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਜਾਣਦੇ ਸਨ ਕਿ ਮੈਂਬਰ ਮਤਾ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਪਰ ਉਸ ਨੇ ਪਹਿਲਾਂ ਹੀ ਇਸ ਨੂੰ ਪੇਸ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੈਮਰਿਆਂ ਲਈ ਕੀਤਾ ਗਿਆ ਹੈ ਅਤੇ ਅੱਜ ਲਿਆਂਦੇ ਗਏ ਮਤੇ ਦੀ ਕੋਈ ਅਹਿਮੀਅਤ ਨਹੀਂ ਹੈ। ਸਦਨ ਦੀ ਕਾਰਵਾਈ ਉਪ ਰਾਜਪਾਲ ਦੇ ਭਾਸ਼ਣ ਤੱਕ ਮੁਲਤਵੀ ਕਰਨ ਦੀ ਬੇਨਤੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਪੀਕਰ ਨਾਲ ਵਿਚਾਰ ਵਟਾਂਦਰੇ ਮਗਰੋਂ ਆਉਂਦੇ ਦਿਨਾਂ ’ਚ ਇਹ ਤਜਵੀਜ਼ ਲਿਆਂਦੀ ਜਾਵੇਗੀ। ਇਸ ਮਗਰੋਂ ਨੈਸ਼ਨਲ ਕਾਨਫਰੰਸ, ਪੀਡੀਪੀ, ਪੀਪਲਜ਼ ਕਾਨਫਰੰਸ ਅਤੇ ਅਵਾਮੀ ਇਤੇਹਾਦ ਪਾਰਟੀ ਦੇ ਮੈਂਬਰਾਂ ਵਿਚਾਲੇ ਮੁੜ ਤੋਂ ਬਹਿਸ ਸ਼ੁਰੂ ਹੋ ਗਈ ਜਿਸ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। -ਪੀਟੀਆਈ
ਸੂਬੇ ਦੀ ਦਰਜਾ ਬਹਾਲੀ ਲਈ ਹਰ ਯਤਨ ਕਰੇਗੀ ਜੰਮੂ ਕਸ਼ਮੀਰ ਸਰਕਾਰ: ਮਨੋਜ ਸਿਨਹਾ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਨਵ-ਨਿਯੁਕਤ ਵਿਧਾਨ ਸਭਾ ਨੂੰ ਭਰੋਸਾ ਦਿੱਤਾ ਕਿ ਉਮਰ ਅਬਦੁੱਲਾ ਸਰਕਾਰ ਸੂਬੇ ਦਾ ਦਰਜਾ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੂੰ ਮਿਲੀਆਂ ਸਾਰੀਆਂ ਸੰਵਿਧਾਨਕ ਗਾਰੰਟੀਆਂ ਬਹਾਲ ਕਰਨ ਦਾ ਹਰ ਸੰਭਵ ਯਤਨ ਕਰੇਗੀ। ਵਿਧਾਨ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਉਪ ਰਾਜਪਾਲ ਨੇ ਕਿਹਾ ਕਿ ਸੂਬੇ ਦੇ ਦਰਜੇ ਤੇ ਸੰਵਿਧਾਨਕ ਗਾਰੰਟੀ ਦੀ ਬਹਾਲੀ ਲੋਕਾਂ ਵੱਲੋਂ ਜਮਹੂਰੀ ਸੰਸਥਾਵਾਂ ਵਿੱਚ ਪ੍ਰਗਟਾਏ ਭਰੋਸੇ ਦਾ ਅਸਲ ਪ੍ਰਤੀਕ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਨੂੰ ਅਮਲੀ ਰੂਪ ਦੇਣ ਲਈ ਪੂਰੀ ਤਰ੍ਹਾਂ ਕਮਰ ਕਸ ਚੁੱਕੀ ਹੈ। ਸੂਬੇ ਦੀ ਦਰਜਾ ਬਹਾਲੀ ਦੀ ਮੰਗ ਦੇ ਪਿਛੋਕੜ ਵਿੱਚ ਉਪ ਰਾਜਪਾਲ ਨੇ ਕਿਹਾ ਕਿ ਇਸ ਮੰਗ ਨੇ ਜ਼ੋਰ ਫੜਿਆ ਹੋਇਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਈ ਮੌਕਿਆਂ ’ਤੇ ਇਸ ਬਾਰੇ ਆਪਣੀ ਵਚਨਬੱਧਾ ਪ੍ਰਗਟਾ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਗਸਤ 2019 ਵਿੱਚ ਧਾਰਾ 370 ਮਨਸੂਖ ਕਰ ਕੇ ਜੰਮੂ ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਵੰਡ ਦਿੱਤਾ ਸੀ। -ਪੀਟੀਆਈ
ਨੈਸ਼ਨਲ ਕਾਨਫਰੰਸ ਦੇ ਰਾਠੇਰ ਵਿਧਾਨ ਸਭਾ ਸਪੀਕਰ ਬਣੇ
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਤੇ ਚਰਾਰ-ਏ-ਸ਼ਰੀਫ਼ ਤੋਂ ਸੱਤ ਵਾਰ ਦੇ ਵਿਧਾਇਕ ਅਬਦੁੱਲ ਰਹੀਮ ਰਾਠੇਰ ਨੂੰ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਵਿਰੋਧੀ ਧਿਰ ਵੱਲੋਂ ਕੋਈ ਉਮੀਦਵਾਰ ਨਾ ਉਤਾਰੇ ਜਾਣ ਕਾਰਨ ਉਨ੍ਹਾਂ ਨੂੰ ਜ਼ੁਬਾਨੀ ਵੋਟਾਂ ਨਾਲ ਸਪੀਕਰ ਚੁਣਿਆ ਗਿਆ। ਖੇਤੀਬਾੜੀ ਮੰਤਰੀ ਜਾਵੇਦ ਅਹਿਮਦ ਡਾਰ ਨੇ ਸਪੀਕਰ ਦੇ ਅਹੁਦੇ ਲਈ ਰਾਠੇਰ ਦੇ ਨਾਮ ਦਾ ਮਤਾ ਪੇਸ਼ ਕੀਤਾ ਜਦਕਿ ਨੈਸ਼ਨਲ ਕਾਨਫਰੰਸ ਦੇ ਵਿਧਾਇਕ ਅਰਜੁਨ ਸਿੰਘ ਰਾਜੂ ਨੇ ਉਨ੍ਹਾਂ ਦੇ ਨਾਮ ਦੀ ਤਾਈਦ ਕੀਤੀ। ਸਦਨ ਦੇ ਆਗੂ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਰਾਠੇਰ (80) ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਤਜਰਬੇ ਨੂੰ ਦੇਖਦਿਆਂ ਉਹ ਇਸ ਅਹੁਦੇ ਦੇ ਯੋਗ ਸਨ। ਉਨ੍ਹਾਂ ਆਸ ਜਤਾਈ ਕਿ ਉਹ ਸਾਰੇ ਮੈਂਬਰਾਂ ਨਾਲ ਇਕੋ ਜਿਹਾ ਵਿਹਾਰ ਕਰਨਗੇ।
ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ, ਕਾਂਗਰਸ ਵਿਧਾਇਕ ਗੁਲਾਮ ਅਹਿਮਦ ਮੀਰ ਅਤੇ ਸੀਪੀਐੱਮ ਦੇ ਐੱਮਵਾਈ ਤਰੀਗਾਮੀ ਨੇ ਵੀ ਰਾਠੇਰ ਨੂੰ ਵਧਾਈ ਦਿੱਤੀ। -ਪੀਟੀਆਈ