ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਸਦ ਦੇ ਦੋਵਾਂ ਸਦਨਾਂ ਵਿਚ ਨੀਟ-ਯੂਜੀ ਮੁੱਦੇ ’ਤੇ ਹੰਗਾਮਾ

06:41 AM Jun 29, 2024 IST
ਲੋਕ ਸਭਾ ਵਿੱਚ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ। -ਫੋਟੋ: ਪੀਟੀਆਈ

* ਸੰਸਦ ਦੀ ਕਾਰਵਾਈ 1 ਜੁਲਾਈ ਤੱਕ ਮੁਲਤਵੀ
* ਰਾਜ ਸਭਾ ਵਿਚ ਵਿਰੋਧੀ ਧਿਰਾਂ ਵੱਲੋਂ ਵਾਕਆਊਟ

Advertisement

ਨਵੀਂ ਦਿੱਲੀ, 28 ਜੂਨ
ਨੀਟ-ਯੂਜੀ ਪ੍ਰੀਖਿਆ ਵਿਚ ਕਥਿਤ ਬੇਨਿਯਮੀਆਂ ਦੇ ਮੁੱਦੇ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿਚ ਜਮ ਕੇ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੀਟ ਮੁੱਦੇ ’ਤੇ ਚਰਚਾ ਦੀ ਆਪਣੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ, ਜਿਸ ਕਰਕੇ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪਿਆ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਿਰੋਧੀ ਧਿਰਾਂ ਨੂੰ ਕਿਹਾ ਕਿ ਉਹ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਨੀਟ ਮੁੱਦੇ ’ਤੇ ਚਰਚਾ ਕਰ ਸਕਦੇ ਹਨ, ਪਰ ਵਿਰੋਧੀ ਧਿਰਾਂ ਆਪਣੀ ਮੰਗ ’ਤੇ ਅੜੀਆਂ ਰਹੀਆਂ।

ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਨੀਟ ਮਸਲਾ ਪੂਰੇ ਦੇਸ਼ ਲਈ ਅਹਿਮ ਮੁੱਦਾ ਹੈ ਤੇ ਉਹ ਇਸ ਮਾਮਲੇ ’ਤੇ ਨਿੱਠ ਕੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਟ-ਯੂਜੀ ਮਾਮਲੇ ਉੱਤੇ ਚਰਚਾ ਨਹੀਂ ਚਾਹੁੰਦੇ ਜਦੋਂਕਿ ਉਨ੍ਹਾਂ ਨੂੰ ਖ਼ੁਦ ਮੂਹਰੇ ਕੇ ਹੋ ਵਿਦਿਆਰਥੀਆਂ ਨਾਲ ਜੁੜੇ ਮਸਲੇ ’ਤੇ ਚਰਚਾ ਦੀ ਅਗਵਾਈ ਕਰਨੀ ਚਾਹੀਦੀ ਹੈ।

Advertisement

ਗਾਂਧੀ ਨੇ ਬਿਰਲਾ ਨੂੰ ਅਪੀਲ ਕੀਤੀ ਕਿ ਉਹ ਮੈਂਬਰਾਂ ਵੱਲੋਂ ਰੱਖੇ ਕੰਮ ਰੋਕੂ ਮਤੇ ਨੂੰ ਸਵੀਕਾਰ ਕਰਕੇ ਨੀਟ ਮੁੱਦੇ ’ਤੇ ਚਰਚਾ ਕਰਵਾਉਣ। ਬਿਰਲਾ ਨੇ ਹਾਲਾਂਕਿ ਇਸ ਤੋਂ ਇਨਕਾਰ ਕਰ ਦਿੱਤਾ। ਸਪੀਕਰ ਬਿਰਲਾ ਨੇ ਮਗਰੋਂ ਹੇਠਲੇ ਸਦਨ ਦੀ ਕਾਰਵਾਈ ਸੋਮਵਾਰ (1 ਜੁਲਾਈ) ਤੱਕ ਮੁਲਤਵੀ ਕਰ ਦਿੱਤੀ। ਉਧਰ ਰਾਜ ਸਭਾ ਵਿਚ ਵੀ ਨੀਟ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਖਾਸਾ ਰੌਲਾ-ਰੱਪਾ ਪਿਆ। ਸਦਨ ਦੀ ਕਾਰਵਾਈ ਨੂੰ ਤਿੰਨ ਵਾਰ ਮੁਲਤਵੀ ਕਰਨਾ ਪਿਆ। ਮਗਰੋਂ ਵਿਰੋਧੀ ਧਿਰ ਦੇ ਮੈਂਬਰ ਸਦਨ ’ਚੋਂ ਵਾਕਆਊਟ ਕਰ ਗਏ। ਇਸ ਮੌਕੇ ਬੀਜੂ ਜਨਤਾ ਦਲ ਦੇ ਮੈਂਬਰ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਕਾਂਗਰਸ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਵੱਲੋਂ ਸਦਨ ਵਿਚ ਬੋਲਣ ਮੌਕੇ ਉਨ੍ਹਾਂ ਦਾ ਮਾਈਕ ਬੰਦ ਕੀਤਾ ਗਿਆ।

ਇਸ ਤੋਂ ਪਹਿਲਾਂ ਅੱਜ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਕਾਂਗਰਸ, ਟੀਐੱਮਸੀ ਤੇ ਡੀਐੱਮਕੇ ਪਾਰਟੀਆਂ ਦੇ ਮੈਂਬਰ ਨੀਟ ਮੁੱਦੇ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਸਦਨ ਦੇ ਐਨ ਵਿਚਾਲੇ ਆ ਗਏ। ਸੰਸਦੀ ਮਾਮਲਿਆਂ ਬਾਰੇ ਮੰਤਰੀ ਰਿਜਿਜੂ ਨੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਵਿਰੋਧੀ ਧਿਰ ਸਦਨ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ’ਤੇ ਬਹਿਸ ਤੋਂ ਪਹਿਲਾਂ ਹੀ ਕਿਸੇ ਮਸਲੇ ’ਤੇ ਚਰਚਾ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਂ ਵਿਰੋਧੀ ਧਿਰਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਸੀਂ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਰੱਖੇ ਜਾਣ ਵਾਲੇ ਕਿਸੇ ਵੀ ਮੁੱਦੇ ਦਾ ਜਵਾਬ ਦੇਵਾਂਗੇ।’’ ਉਧਰ ਬਿਰਲਾ ਨੇ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਦੇ ਹਵਾਲੇ ਨਾਲ ਕਿਹਾ, ‘‘ਸੜਕ ’ਤੇ ਕੀਤੇ ਜਾਣ ਵਾਲੇ ਅਤੇ ਸਦਨ ਦੇ ਅੰਦਰ ਕੀਤੇ ਜਾਣ ਵਾਲੇ ਰੋਸ ਮੁਜ਼ਾਹਰੇ ਵਿਚ ਫ਼ਰਕ ਹੈ.... ਤੁਸੀਂ ਸਦਨ ਦੀ ਕਾਰਵਾਈ ਨੂੰ ਨਹੀਂ ਚੱਲਣ ਦੇਣਾ ਚਾਹੁੰਦੇ। ਤੁਸੀਂ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਨੀਟ ’ਤੇ ਚਰਚਾ ਨਹੀਂ ਚਾਹੁੰਦੇ?’’ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਧੰਨਵਾਦ ਮਤੇ ’ਤੇ ਬਹਿਸ ਰੋਕ ਕੇ ਨੀਟ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ ਤਾਂ ਬਿਰਲਾ ਨੇ ਕਿਹਾ, ‘‘ਤੁਸੀਂ ਇਸ ਮੁੱਦੇ ਨੂੰ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਵਿਚਾਰ ਸਕਦੇ ਹੋ। ਉਦੋਂ ਤੁਹਾਨੂੰ ਵਾਧੂ ਸਮਾਂ ਮਿਲੇਗਾ। ਪਰ ਧੰਨਵਾਦ ਮਤੇ ’ਤੇ ਬਹਿਸ ਦੌਰਾਨ ਮੈਂ ਤੁਹਾਨੂੰ ਹੋਰ ਕੋਈ ਮੁੱਦਾ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦਾ।’’ ਸਦਨ ਵਿਚ ਰੌਲਾ-ਰੱਪਾ ਪੈਂਦਾ ਰਿਹਾ ਤਾਂ ਬਿਰਲਾ ਨੇ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ। ਉਂਜ ਵਿਰੋਧੀ ਧਿਰਾਂ ਦੇ ਰੌਲੇ ਦਰਮਿਆਨ ਹੀ ਟੀਐੱਮਸੀ ਮੈਂਬਰ ਐੱਸਕੇ ਨੂਰੁਲ ਇਸਲਾਮ ਨੇ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ।

ਲੋਕ ਸਭਾ ਦੇ ਸਾਬਕਾ ਸਪੀਕਰ ਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਸਣੇ ਫੌਤ ਹੋਏ ਕੁੱਲ 13 ਸਾਬਕਾ ਮੈਂਬਰਾਂ ਦੇ ਨਾਂ ਲੈ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਧਰ ਰਾਜ ਸਭਾ ਵਿਚ ਨੀਟ ਮੁੱਦੇ ਨੂੰ ਲੈ ਕੇ ਹੋਏ ਹੰਗਾਮੇ ਦੌਰਾਨ ਕਾਂਗਰਸ ਦੀ ਸੰਸਦ ਮੈਂਬਰ ਫੂਲੋ ਦੇਵੀ ਨੇਤਮ ਗਸ਼ ਖਾ ਕੇ ਡਿੱਗ ਗਈ। ਸਦਨ ਬਾਅਦ ਦੁਪਹਿਰ ਢਾਈ ਵਜੇ ਤੀਜੀ ਵਾਰ ਜੁੜਿਆ ਤਾਂ ਡੀਐੱਮਕੇ ਮੈਂਬਰ ਤਿਰੂਚੀ ਸ਼ਿਵਾ ਨੇ ਦੱਸਿਆ ਕਿ ਨੇਤਮ ਨੂੰ ਬਲੱਡ ਪ੍ਰੈੱਸ਼ਰ ਦੀ ਦਿੱਕਤ ਸੀ। ਵਿਰੋਧੀ ਧਿਰਾਂ ਦੇ ਮੈਂਬਰ ਨੀਟ ਮੁੱਦੇ ’ਤੇ ਚਰਚਾ ਦੀ ਮੰਗ ’ਤੇ ਅੜੇ ਰਹੇ। ਚੇਅਰਮੈਨ ਜਗਦੀਪ ਧਨਖੜ ਨੇ ਕਿਹਾ, ‘‘ਮੈਂ ਸਾਰੇ ਲੋੜੀਂਦੇ ਕਦਮ ਚੁੱਕੇ ਹਨ। ਸਦਨ ਦਾ ਨਿਯਮਤ ਕੰਮਕਾਜ ਮੁਅੱਤਲ ਕਰ ਦਿੱਤਾ। ਸਾਰੇ ਪ੍ਰਬੰਧ ਕੀਤੇ ਗਏ ਹਨ ਤੇ ਮੈਂ ਇਸ ਤੋਂ ਵੱਧ ਕੁਝ ਹੋਰ ਨਹੀਂ ਕਰ ਸਕਦਾ।’’ ਹਾਲਾਂਕਿ ਵਿਰੋਧੀ ਧਿਰਾਂ ਇਸ ਤੋਂ ਸੰਤੁਸ਼ਟ ਨਹੀਂ ਜਾਪੀਆਂ ਤੇ ਉਨ੍ਹਾਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਰੋਧੀ ਧਿਰਾਂ ਜਲਦੀ ਹੀ ਸਦਨ ’ਚੋਂ ਵਾਕਆਊਟ ਕਰ ਗਈਆਂ। ਧਨਖੜ ਨੇ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਵੱਲੋਂ ਸਦਨ ਦੇ ਐਨ ਵਿਚਾਲੇ ਆਉਣ ’ਤੇ ਇਤਰਾਜ਼ ਜਤਾਇਆ। -ਪੀਟੀਆਈ

ਸਰਕਾਰ ਤਿਆਰ, ਪਰ ਮਰਿਆਦਾ ’ਚ ਰਹਿ ਕੇ ਹੋਵੇ ਚਰਚਾ: ਪ੍ਰਧਾਨ

ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਸਰਕਾਰ ਮੈਡੀਕਲ ਕੋਰਸਾਂ ਵਿੱਚ ਦਾਖਲਿਆਂ ਲਈ ਹੋਣ ਵਾਲੀ ਨੀਟ ਪ੍ਰੀਖਿਆ ’ਤੇ ਚਰਚਾ ਕਰਨ ਲਈ ਤਿਆਰ ਹੈ, ਪਰ ਇਹ ਰਵਾਇਤ ਮੁਤਾਬਕ ਅਤੇ ਮਰਿਆਦਾ ਵਿੱਚ ਰਹਿੰਦੇ ਹੋਏ ਹੋਣੀ ਚਾਹੀਦੀ ਹੈ। ਪ੍ਰਧਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਇਸ ਮੁੱਦੇ ’ਤੇ ਉਲਝਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਮੁਰਮੁੂ ਨੇ ਲੰਘੇ ਦਿਨ ਆਪਣੇ ਭਾਸ਼ਣ ਵਿਚ ਪ੍ਰੀਖਿਆ ਦਾ ਜ਼ਿਕਰ ਕੀਤਾ ਸੀ ਤੇ ਇਹ ਦਰਸਾਉਂਦਾ ਹੈ ਕਿ ਸਰਕਾਰ ਕਿਸੇ ਵੀ ਮੁੱਦੇ ’ਤੇ ਵਿਚਾਰ ਚਰਚਾ ਲਈ ਤਿਆਰ ਹੈ। ਪ੍ਰਧਾਨ ਨੇ ਕਿਹਾ, ‘‘ਜਦੋਂ ਸਰਕਾਰ ਆਪਣਾ ਪੱਖ ਰੱਖਣ ਲਈ ਤਿਆਰ ਹੈ ਤਾਂ ਫਿਰ ਕੀ ਉਲਝਣ ਹੈ? ਅਸੀਂ ਸਖ਼ਤ ਕਾਰਵਾਈ ਕਰ ਰਹੇ ਹਾਂ ਤੇ ਸੀਬੀਆਈ ਹਰੇਕ ਦੋਸ਼ੀ ਨੂੰ ਕਾਬੂ ਕਰ ਰਹੀ ਹੈ। ਅਸੀਂ ਕਿਸੇ (ਦੋਸ਼ੀ) ਨੂੰ ਨਹੀਂ ਛੱਡਾਂਗੇ।’’ -ਪੀਟੀਆਈ

ਸਦਨ ਦੇ ਐਨ ਵਿਚਾਲੇ ਜਾਣ ਲਈ ਮਜਬੂਰ ਕੀਤਾ ਗਿਆ: ਖੜਗੇ

ਨਵੀਂ ਦਿੱਲੀ: ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਸਦਨ ਦੇ ਐਨ ਵਿਚਾਲੇ ਜਾਣ ਲਈ ਮਜਬੂਰ ਹੋਣਾ ਪਿਆ। ਖੜਗੇ ਨੇ ਕਿਹਾ ਕਿ ਉਨ੍ਹਾਂ ਲੰਮਾ ਸਮਾਂ ਹੱਥ ਉੱਤੇ ਕਰੀ ਰੱਖਿਆ ਤਾਂ ਕਿ ਚੇਅਰਮੈਨ ਦਾ ਧਿਆਨ ਉਨ੍ਹਾਂ ਵੱਲ ਜਾਵੇ। ਖੜਗੇ ਨੇ ਕਿਹਾ ਕਿ ਉਹ ਰਾਜ ਸਭਾ ਚੇਅਰਮੈਨ ਦਾ ਧਿਆਨ ਆਪਣੇ ਵੱਲ ਦਿਵਾਉਣ ਲਈ ਹੀ ਉਥੇ ਗਏ ਸਨ। ਉਧਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਖੜਗੇ ਕੋਈ ਵਿਰੋਧੀ ਧਿਰ ਦੇ ਕੋਈ ਪਹਿਲੇ ਆਗੂ ਨਹੀਂ ਹਨ, ਜੋ ਸਦਨ ਦੇ ਵੈੱਲ ਵਿਚ ਗਏ ਹਨ। ਸੂਤਰਾ ਮੁਤਾਬਕ ਰਾਜ ਸਭਾ ਦੀ ਕਾਰਵਾਈ ਦੌਰਾਨ ਖੜਗੇ ਦਾ ਵੀ ਮਾਈਕ ਬੰਦ ਕਰ ਦਿੱਤਾ ਗਿਆ ਸੀ।

Advertisement
Advertisement