ਨਾਜਾਇਜ਼ ਕਲੋਨੀਆਂ ਨੂੰ ਐੱਨਓਸੀ ਦੇਣ ’ਤੇ ਹੰਗਾਮਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਅਗਸਤ
ਨਗਰ ਕੌਂਸਲ ਦੇ ਮੈਬਰਾਂ ਦੀ ਮਹੀਨਾਵਾਰ ਮੀਟਿੰਗ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠਾਂ ਹੋਈ, ਜਿਸ ਵਿਚ ਵਿਰੋਧੀ ਧਿਰ ਦੇ ਕੌਂਸਲਰਾਂ ਵਿਚਕਾਰ ਖੂਬ ਹੰਗਾਮਾ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਕੌਂਸਲਰਾਂ ਨੇ ਪ੍ਰਧਾਨ ਲੱਧੜ ਦਾ ਘਿਰਾਓ ਕਰਦਿਆਂ ਸ਼ਹਿਰ ਦੀ ਵਾਰਡਬੰਦੀ ਕਰਵਾਉਣ ਦੀ ਮੰਗ ਕੀਤੀ ਜਿਸ ਨੂੰ ਏਜੰਡੇ ਵਿਚ ਸ਼ਾਮਲ ਨਹੀਂ ਕੀਤਾ ਗਿਆ। ਮੀਟਿੰਗ ਦੌਰਾਨ ਮਤਿਆਂ ਵਿਚ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ ਪਰ ਨਗਰ ਕੌਂਸਲ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕੀਤੇ ਗਏ ਅਤੇ ਸ਼ਹਿਰ ਵਿਚ ਨਾਜਾਇਜ਼ ਕਲੋਨੀਆਂ ਕੱਟਣ ਦੇ ਮਾਮਲੇ ’ਤੇ ਜੇਬਾਂ ਗਰਮ ਕਰਨ ਦੇ ਦੋਸ਼ ਲੱਗੇ। ਮੀਟਿੰਗ ਵਿਚ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਦੀ ਗੈਰਹਾਜ਼ਰੀ ਦਾ ਮੁੱਦਾ ਵੀ ਉਠਾਇਆ ਗਿਆ। ਇਸ ਮੌਕੇ ਵਾਰਡ ਨੰਬਰ-6 ਦੇ ਕੌਂਸਲਰ ਸੁਨੀਲ ਕੁਮਾਰ ਨੀਟਾ ਨੇ ਕਿਹਾ ਕਿ ਨਗਰ ਕੌਂਸਲ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਵਾਹੀਯੋਗ ਜ਼ਮੀਨ ਦੀ ਐਨਓਸੀ ਵਪਾਰਕ ਤੌਰ ’ਤੇ ਕੱਟੀ ਜਾ ਰਹੀ ਹੈ। ਕੁਝ ਅਧਿਕਾਰੀ ਅਜਿਹਾ ਕਰਕੇ ਮੋਟੀਆਂ ਰਕਮਾਂ ਵਸੂਲ ਰਹੇ ਹਨ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਇਕ ਮਾਮਲੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਤੋਂ ਐਨਓਸੀ ਜਾਰੀ ਕਰਵਾ ਕੇ ਤਹਿਸੀਲ ਕੰਪਲੈਕਸ ਵਿਚ 5 ਤੋਂ 6 ਰਜਿਸਟਰੀਆਂ ਕੀਤੀਆਂ ਗਈਆਂ ਸਨ। ਇਸ ਮੌਕੇ ਅਮਲੋਹ ਰੋਡ ’ਤੇ ਬਣੀਆਂ ਦੋ ਕਲੋਨੀਆਂ ਨੂੰ ਜਾਂਦੀ ਸੜਕ ਦਾ ਕੰਮ ਨਾਜਾਇਜ਼ ਕਰਨ ਦਾ ਮਾਮਲਾ ਭਖਿਆ। ਇਸ ਸਬੰਧੀ ਆਪ ਕੌਂਸਲਰ ਸੁਖਮਨਜੀਤ ਸਿੰਘ ਨੇ ਸਵਾਲ ਕੀਤਾ ਕਿ ਕੌਂਸਲ ਕਿਸ ਏਜੰਡੇ ਤਹਿਤ ਉੱਥੇ ਸੜਕ ਬਣਾ ਰਹੀ ਹੈ। ਨਗਰ ਕੌਂਸਲ ਪ੍ਰਧਾਨ ਲੱਧੜ ਨੇ ਕਿਹਾ ਕਿ ਉਨ੍ਹਾਂ ਵੱਲ ਉਂਗਲ ਉਠਾਉਣ ਤੋਂ ਪਹਿਲਾਂ ਸਬੂਤ ਦਿਖਾਓ। ਉਨ੍ਹਾਂ ਕਿਹਾ ਕਿ ਅਫ਼ਸਰਾਂ ਵੱਲੋਂ ਐਨਓਸੀ ਜਾਰੀ ਕੀਤੀ ਜਾਂਦੀ ਹੈ, ਉਨ੍ਹਾਂ ਦੇ ਦਸਤਖਤ ਨਹੀਂ ਹੁੰਦੇ। ਅਮਲੋਹ ਰੋਡ ’ਤੇ ਸਥਿਤ ਦੋ ਕਲੋਨੀਆਂ ਦੇ ਮੁੱਦੇ ’ਤੇ ਐਮਈ ਨੂੰ ਪੱਤਰ ਲਿਖਿਆ ਜਾਵੇਗਾ ਜਿਸ ਦੀ ਜਾਂਚ ਕਰਵਾਈ ਜਾਵੇਗੀ।