For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਹਿੰਸਾ ਬਾਰੇ ਚਰਚਾ ਕਰਨ ’ਤੇ ਹੰਗਾਮਾ

08:45 AM Aug 18, 2023 IST
ਮਨੀਪੁਰ ਹਿੰਸਾ ਬਾਰੇ ਚਰਚਾ ਕਰਨ ’ਤੇ ਹੰਗਾਮਾ
ਦਿੱਲੀ ਵਿਧਾਨ ਸਭਾ ਵਿੱਚ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 17 ਅਗਸਤ
ਦਿੱਲੀ ਵਿਧਾਨ ਸਭਾ ਦੇ ਦੋ ਰੋਜ਼ਾ ਸੈਸ਼ਨ ਦੇ ਦੂਜੇ ਦਿਨ ਅੱਜ ਸਦਨ ’ਚ ਕਾਫ਼ੀ ਹੰਗਾਮਾ ਹੋਇਆ। ਡਿਪਟੀ ਸਪੀਕਰ ਰਾਖੀ ਬਿਰਲਾ ਨੇ ਮਨੀਪੁਰ ਹਿੰਸਾ ਉਤੇ ਚਰਚਾ ਦਾ ਵਿਰੋਧ ਕਰਨ ’ਤੇ ਸਦਨ ਦੀ ਕਾਰਵਾਈ ਦੌਰਾਨ ਭਾਜਪਾ ਦੇ ਪੰਜ ਵਿਧਾਇਕਾਂ ਨੂੰ ਬਾਹਰ ਕੱਢ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਦਿੱਲੀ ਸਰਕਾਰ ’ਤੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦਾ ਦੋਸ਼ ਲਾਇਆ। ਦੂਜੇ ਪਾਸੇ ਭਾਜਪਾ ਦੇ ਵਿਧਾਇਕਾਂ ਦੇ ਵਿਰੋਧ ਨੂੰ ‘ਆਪ’ ਨੇ ਮੰਗਭਾਗਾ ਕਰਾਰ ਦਿੱਤਾ ਤੇ ਪ੍ਰਧਾਨ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਸਦਨ ਦੀ ਕਾਰਵਾਈ ਨੂੰ ਇਕ ਦਿਨ ਹੋਰ ਵਧਾਉਣ ਦੇ ਪੱਖ ਵਿਚ ਵੋਟਾਂ ਪਾਉਣ ਮਗਰੋਂ ਵਿਧਾਨ ਸਭਾ ਦਾ ਸੈਸ਼ਨ ਭਲਕੇ ਸ਼ੁੱਕਰਵਾਰ ਨੂੰ ਜਾਰੀ ਰਹੇਗਾ। ਜਾਣਕਾਰੀ ਅਨੁਸਾਰ ਅੱਜ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਮਨੀਪੁਰ ’ਚ ਹਿੰਸਕ ਘਟਨਾਵਾਂ ’ਤੇ ਚਰਚਾ ਸ਼ੁਰੂ ਹੀ ਕੀਤੀ ਸੀ ਕਿ ਭਾਜਪਾ ਦੇ ਵਿਧਾਇਕ ਵਿਰੋਧ ਵਿੱਚ ਖੜ੍ਹੇ ਹੋ ਗਏ ਤੇ ਕਿਹਾ ਕਿ ਸਦਨ ’ਚ ਦਿੱਲੀ ਨਾਲ ਸਬੰਧਤ ਮੁੱਦਿਆਂ ’ਤੇ ਬਹਿਸ ਹੋਣੀ ਚਾਹੀਦੀ ਹੈ।
ਇਸ ਦੌਰਾਨ ਡਿਪਟੀ ਸਪੀਕਰ ਰਾਖੀ ਬਿਰਲਾ ਨੇ ਭਾਜਪਾ ਵਿਧਾਇਕਾਂ ਨੂੰ ਸਵਾਲ ਕਰਦੇ ਹੋਏ ਕਿਹਾ, ‘‘ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਮਨੀਪੁਰ ਹਿੰਸਾ ਵਿਧਾਨ ਸਭਾ ’ਚ ਚਰਚਾ ਕਰਨ ਵਾਲਾ ਮੁੱਦਾ ਨਹੀਂ ਹੈ? ਯੂਪੀ ਵਿਧਾਨ ਸਭਾ ਨੇ ਵੀ ਮਨੀਪੁਰ ਮੁੱਦੇ ‘ਤੇ ਚਰਚਾ ਕੀਤੀ ਸੀ।’’ ਭਾਜਪਾ ਵਿਧਾਇਕਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ ਜਿਸ ਤੋਂ ਬਾਅਦ ਉਨ੍ਹਾਂ ’ਚੋਂ ਚਾਰ ਅਭੈ ਵਰਮਾ, ਜਿਤੇਂਦਰ ਮਹਾਜਨ, ਅਜੈ ਮਹਾਵਰ ਅਤੇ ਓਪੀ ਸ਼ਰਮਾ ਨੂੰ ਸਦਨ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਮੋਹਨ ਸਿੰਘ ਬਿਸ਼ਟ ਨੂੰ ਵੀ ਮਾਰਸ਼ਲ ਆਊਟ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਭਾਜਪਾ ਦੇ ਹੋਰ ਮੈਂਬਰ ਵਾਕਆਊਟ ਕਰ ਗਏ। ਜ਼ਿਕਰਯੋਗ ਹੈ ਕਿ 70 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ ਅੱਠ ਵਿਧਾਇਕ ਹਨ। ਦੁਰਗੇਸ਼ ਪਾਠਕ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਭਾਜਪਾ ਇਸ ਮੁੱਦੇ ‘ਤੇ ਚਰਚਾ ਨਹੀਂ ਚਾਹੁੰਦੀ। ਪਾਠਕ ਦੀ ਅਗਵਾਈ ਵਿੱਚ ‘ਆਪ’ ਵਿਧਾਇਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਘਿਰਾਓ ਕੀਤਾ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਵਿੱਚ ਹਿੰਸਕ ਘਟਨਾਵਾਂ ’ਤੇ ਚੁੱਪ ਰਹੇ ਹਨ ਉਹ ਸ਼ਾਂਤੀ ਦੀ ਅਪੀਲ ਕਰ ਸਕਦੇ ਸਨ। ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਦੇਸ਼ ‘ਤੇ ਸੰਕਟ ਦੀ ਸਥਿਤੀ ਆਉਂਦੀ ਹੈ ਤਾਂ ਪ੍ਰਧਾਨ ਮੰਤਰੀ ‘ਚੁੱਪ’ ਰਹਿੰਦੇ ਹਨ। ਉਨ੍ਹਾਂ ਕਿਹਾ ‘‘ਪ੍ਰਧਾਨ ਮੰਤਰੀ ਪਿਤਾ ਦੀ ਤਰ੍ਹਾਂ ਹਨ। ਉਨ੍ਹਾਂ ਨੇ ਮਨੀਪੁਰ ਦੀਆਂ ਧੀਆਂ ਤੋਂ ਮੂੰਹ ਮੋੜ ਲਿਆ। ਤੁਸੀਂ ਆਪਣੇ ਕਮਰੇ ਵਿੱਚ ਬੈਠੇ ਰਹੇ। ਪੂਰਾ ਦੇਸ਼ ਪ੍ਰਧਾਨ ਮੰਤਰੀ ਦੀ ਚੁੱਪ ਦਾ ਕਾਰਨ ਪੁੱਛ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਚੁੱਪ ਹਨ।’’ ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਾਮਲੇ ਵਿੱਚ ਪ੍ਰਧਾਨ ਮੰਤਰੀ ਚੁੱਪ ਸਨ।
ਕੇਜਰੀਵਾਲ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੂੰ ਐਫਆਈਆਰ ਦਰਜ ਕਰਵਾਉਣ ਲਈ ਸੁਪਰੀਮ ਕੋਰਟ ਜਾਣਾ ਪਿਆ। ‘ਮਨੀਪੁਰ ਮਾਮਲੇ ਵਿੱਚ ਉਹ ਘੱਟੋ-ਘੱਟ ਸ਼ਾਂਤੀ ਦੀ ਅਪੀਲ ਕਰ ਸਕਦੇ ਸਨ। ਪਾਠਕ ਨੇ ਕਿਹਾ ਕਿ ਇਸ ਤੋਂ ਵੱਧ ਮੰਦਭਾਗੀ ਗੱਲ ਹੋਰ ਕੁਝ ਨਹੀਂ ਹੋ ਸਕਦੀ ਕਿ ਰਾਜ ਵਿੱਚ ਹਿੰਸਾ ਕਾਰਨ ਲੋਕਾਂ ਨੂੰ ਮਨੀਪੁਰ ਤੋਂ ਮਿਆਂਮਾਰ ਜਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਕਾਰਨ ਮਨੀਪੁਰ ਸੜ ਰਿਹਾ ਹੈ ਅਤੇ ਸੂਬੇ ਦੇ ਲੋਕ ਅਸੁਰੱਖਿਅਤ ਹਨ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਾਰੇ ਜਾਣਦੇ ਹਨ ਕਿ ਮਨੀਪੁਰ 100 ਦਿਨਾਂ ਤੋਂ ਸੜ ਰਿਹਾ ਹੈ। ਜੋ ਕੁਝ ਵੀ ਹੋ ਰਿਹਾ ਹੈ, ਉਹ ਇਕੱਲੇ ਮਨੀਪੁਰ ਦਾ ਨਹੀਂ, ਸਗੋਂ ਪੂਰੇ ਦੇਸ਼ ਦਾ ਦਰਦ ਹੈ। -ਪੀਟੀਆਈ

Advertisement

ਭਾਜਪਾ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੇ ਬਾਹਰ ਮੁਜ਼ਾਹਰਾ

ਕੇਜਰੀਵਾਲ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕਰਦੇ ਹੋਏ ਭਾਜਪਾ ਵਿਧਾਇਕ। -ਫੋਟੋ: ਪੀਟੀਆਈ

ਦਿੱਲੀ ਵਿਧਾਨ ਸਭਾ ’ਚੋਂ ਵਾਕਆਊਟ ਕਰਨ ਮਗਰੋਂ ਭਾਜਪਾ ਵਿਧਾਇਕਾਂ ਨੇ ‘ਆਪ’ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਹੋਏ ਵਿਧਾਨ ਸਭਾ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਦਫ਼ਤਰ ਤੇ ਵਿਧਾਨ ਸਭਾ ਦੇ ਬਾਹਰ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਕਾਲੇ ਕੱਪੜੇ ਪਾ ਕੇ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਾਣਕਾਰੀ ਅਨੁਸਾਰ ਭਾਜਪਾ ਵਿਧਾਇਕਾਂ ਦੀਆਂ ਟੀ-ਸ਼ਰਟਾਂ ‘ਤੇ ਸਰਕਾਰ ਦੇ ਕਥਿਤ ਘੁਟਾਲਿਆਂ ਦੀ ਸੂਚੀ ਛਪੀ ਹੋਈ ਸੀ, ਜਿਸ ‘ਚ ਆਬਕਾਰੀ ਨੀਤੀ, ਮੁੱਖ ਮੰਤਰੀ ਦੀ ਰਿਹਾਇਸ਼ ਦੀ ਕਾਇਆਕਲਪ, ਬੱਸਾਂ ‘ਚ ਪੈਨਿਕ ਬਟਨ ਲਗਾਉਣ ਅਤੇ ਕਲਾਸ ਰੂਮ ਦੀ ਉਸਾਰੀ ਆਦਿ ਦਾ ਜ਼ਿਕਰ ਕੀਤਾ ਗਿਆ ਸੀ।

Advertisement

Advertisement
Author Image

joginder kumar

View all posts

Advertisement