ਜੀਂਦ ਸਕੂਲ ’ਚ ਛੇੜਛਾੜ ਦੇ ਮੁੱਦੇ ’ਤੇ ਹੰਗਾਮਾ
ਕਾਂਗਰਸੀ ਵਿਧਾਇਕਾ ਅਤੇ ਦੁਸ਼ਿਅੰਤ ਚੌਟਾਲਾ ਵਿਚਾਲੇ ਤਿੱਖੀ ਬਹਿਸ
ਆਤਿਸ਼ ਗੁਪਤਾ
ਚੰਡੀਗੜ੍ਹ, 15 ਦਸੰਬਰ
ਹਰਿਆਣਾ ਵਿਧਾਨ ਸਭਾ ਦਾ ਤਿੰਨ ਰੋਜ਼ਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਅੱਜ ਜੀਂਦ ਵਿੱਚ ਵਿਦਿਆਰਥਣਾਂ ਨਾਲ ਸਕੂਲ ਪ੍ਰਿੰਸੀਪਲ ਵੱਲੋਂ ਛੇੜਾਛਾੜ ਕਰਨ ਦੇ ਮਾਮਲੇ ’ਤੇ ਹੰਗਾਮਾ ਹੋਇਆ। ਇਸ ਮੌਕੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਕਾਂਗਰਸੀ ਵਿਧਾਇਕਾ ਗੀਤਾ ਭੁੱਕਲ ਵਿਚਕਾਰ ਕਾਫੀ ਬਹਿਸ ਹੋਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਜੀਂਦ ਵਿੱਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਪ੍ਰਿੰਸੀਪਲ ਖ਼ਿਲਾਫ਼ ਸ਼ਿਕਾਇਤ ਆਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2005 ਤੇ 2011 ਵਿੱਚ ਵੀ ਪ੍ਰਿੰਸੀਪਲ ਵਿਰੁੱਧ ਸ਼ਿਕਾਇਤਾਂ ਹੋਈਆਂ ਸਨ, ਪਰ ਉਸ ਵੇਲੇ ਉਸ ਨੂੰ ਬਚਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ 2011 ਵਿੱਚ ਤਤਕਾਲੀ ਸਿੱਖਿਆ ਮੰਤਰੀ ਗੀਤਾ ਭੁਕੱਲ ਦੇ ਘਰ ਸਮਝੋਤਾ ਹੋਇਆ ਸੀ, ਜਿਸ ਮਗਰੋਂ ਪ੍ਰਿੰਸੀਪਲ ਵਿਰੁੱਧ ਡੀਡੀਆਰ ਦਰਜ ਹੋਣ ਕੇ ਬਾਵਜੂਦ ਮਾਮਲਾ ਰਫਾ-ਦਫਾ ਕਰ ਦਿੱਤਾ ਗਿਆ। ਕਾਂਗਰਸੀ ਵਿਧਾਇਕਾ ਗੀਤਾ ਭੁਕੱਲ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਪ ਮੁੱਖ ਮੰਤਰੀ ਕੋਲ ਜੇਕਰ ਕੋਈ ਸਬੂਤ ਹੈ ਤਾਂ ਉਹ ਸਭ ਦੇ ਸਾਹਮਣੇ ਪੇਸ਼ ਕਰਨ। ਇਸ ਦੌਰਾਨ ਵਿਧਾਇਕ ਜਗਦੇਵ ਮਲਿਕ ਤੇ ਅਭੈ ਚੌਟਾਲਾ ਨੇ ਵੀ ਆਪਣੀ ਗੱਲ ਰੱਖੀ। ਅਖੀਰ ਵਿੱਚ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਉਕਤ ਮਾਮਲੇ ਦੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਤੋਂ ਕਰਵਾਉਣ ਦਾ ਫੈ਼ਸਲਾ ਕੀਤਾ।
ਉਨ੍ਹਾਂ ਉਕਤ ਮਾਮਲੇ ’ਤੇ 19 ਦਸੰਬਰ ਲਈ ਕਾਲ ਅਟੈਂਸ਼ਨ ਮੋਸ਼ਨ ਸਵੀਕਾਰ ਕਰ ਲਿਆ ਹੈ।ਸੈਸ਼ਨ ਵਿੱਚ ਰਿਵਾੜੀ ਤੋਂ ਵਿਧਾਇਕ ਚਿਰਨਜੀਵ ਰਾਵ ਨੇ ਕਿਹਾ ਮੁੱਖ ਮੰਤਰੀ ਖੱਟਰ ਨੇ ਸਾਲ 2015 ਵਿੱਚ ਰਿਵਾੜੀ ਵਿੱਚ ਏਮਜ਼ ਹਸਪਤਾਲ ਬਣਵਾਉਣ ਸਬੰਧੀ ਐਲਾਨ ਕੀਤਾ ਸੀ, ਜੋ ਪੂਰਾ ਨਹੀਂ ਕੀਤਾ ਗਿਆ ਹੈ। ਇਸ ’ਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਰਿਵਾੜੀ ’ਚ ਛੇਤੀ ਹੀ ਏਮਜ਼ ਦੀ ਉਸਾਰੀ ਆਰੰਭੀ ਜਾਵੇਗੀ। ਇਸ ਤੋਂ ਬਿਨਾਂ ਘਰੇਲੂ ਗੈਸ ਸਿਲੰਡਰ ਨੂੰ 450 ਰੁਪਏ ਸਮੇਤ ਹੋਰ ਕਈ ਮੁੱਦਿਆਂ ’ਤੇ ਵੀ ਬਹਿਸ ਹੋਈ।
ਫਰੀਦਾਬਾਦ ਤੋਂ ਵਿਧਾਇਕ ਨੀਰਜ ਸ਼ਰਮਾ ਕਫ਼ਨ ਲੈ ਕੇ ਪੁੱਜਿਆ
ਫਰੀਦਾਬਾਦ ਤੋਂ ਕਾਂਗਰਸੀ ਵਿਧਾਇਕ ਨੀਰਜ ਸ਼ਰਮਾ ਅੱਜ ਵਿਧਾਨ ਸਭਾ ਵਿੱਚ ਦੋ ਗੱਜ ਕਫ਼ਨ ਦਾ ਟੁਕੜਾ ਲੈ ਕੇ ਪਹੁੰਚੇ। ਵਿਧਾਇਕ ਨੇ ਕਿਹਾ ਕਿ ਫਰੀਦਾਬਾਦ ਦੇ ਵਿਕਾਸ ਲਈ 28 ਕਰੋੜ ਰੁਪਏ ਦਾ ਬਜਟ ਤਿਆਰ ਹੋਇਆ ਹੈ, ਪਰ ਮੁੱਖ ਮੰਤਰੀ ਦਫ਼ਤਰ ਫੰਡ ਜਾਰੀ ਕਰਨ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਫੰਡ ਜਾਰੀ ਨਾ ਕੀਤਾ ਗਿਆ ਤਾਂ ਉਹ ਕਫ਼ਨ ਲੈ ਕੇ ਪ੍ਰਦਰਸ਼ਨ ਕਰਨਗੇ।
ਵਿਧਾਨ ਸਭਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ
ਲੋਕ ਸਭਾ ਵਿੱਚ ਸੁਰੱਖਿਆ ਪ੍ਰਬੰਧਾਂ ’ਚ ਸੰਨ੍ਹ ਲੱਗਣ ਤੋਂ ਬਾਅਦ ਅੱਜ ਹਰਿਆਣਾ ਵਿਧਾਨ ਸਭਾ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਅੰਦਰ ਜਾਣ ਵਾਲਿਆਂ ਦੀ ਤਿੰਨ ਵਾਰ ਚੈਕਿੰਗ ਅਤੇ ਦਰਸ਼ਕ ਗੈਲਰੀ ’ਚ ਬੈਠੇ ਲੋਕਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਵਿਧਾਨ ਸਭਾ ਸਪੀਕਰ ਨੇ ਵੀ ਸਾਰੇ ਵਿਧਾਇਕਾਂ ਨੂੰ ਦਰਸ਼ਕ ਗੈਲਰੀ ਵਿੱਚ ਆਉਣ ਵਾਲਿਆਂ ਦੀ ਸਿਫਾਰਿਸ਼ ਧਿਆਨ ਨਾਲ ਕਰਨ ਦੀ ਅਪੀਲ ਕੀਤੀ।