ਨਗਰ ਕੌਂਸਲ ਖੰਨਾ ਦੀ ਮੀਟਿੰਗ ਵਿੱਚ ਹੰਗਾਮਾ
ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਅਕਤੂਬਰ
ਇੱਥੇ ਅੱਜ ਨਗਰ ਕੌਂਸਲ ਖੰਨਾ ਦੀ ਮੀਟਿੰਗ ’ਚ ਭ੍ਰਿਸ਼ਟਾਚਾਰ ਤੇ ਕੂੜੇ ਦੇ ਟੈਂਡਰ ਸਬੰਧੀ ਵੱਡਾ ਹੰਗਾਮਾ ਹੋਇਆ। ਇਸ ਮੌਕੇ ਰਸੂਲੜਾ ਸਥਿਤ ਮੁੱਖ ਡੰਪ ਵਾਲੀ ਥਾਂ ’ਤੇ ਕੂੜਾ ਚੁੱਕਣ ਲਈ 3 ਕਰੋੜ 83 ਲੱਖ ਰੁਪਏ ਦੇ ਟੈਂਡਰ ਵਿੱਚ ਵਾਧਾ ਕਰਨ ਅਤੇ ਵਾਰਡ ਨੰਬਰ- 25 ਵਿੱਚ ਬਣੀ ਸੜਕ ਦੇ ਨਾਂ ਸਬੰਧੀ ਗੰਭੀਰ ਦੋਸ਼ ਲਾਏ ਗਏ। ਕੌਂਸਲਰਾਂ ਦੇ ਵਿਰੋਧ ਉਪਰੰਤ ਕੂੜੇ ਦੀ ਰੈਮੀਡੇਸ਼ਨ ਦਾ ਮਤਾ ਰੱਦ ਕੀਤਾ ਗਿਆ। ਮੀਟਿੰਗ ਦੌਰਾਨ ‘ਆਪ’ ਕੌਂਸਲਰ ਅਮਲੋਹ ਰੋਡ ਸਥਿਤ ਸਨਸਿਟੀ ਦੇ ਨਾਲ ਬਣ ਰਹੀ ਸੜਕ ਦੇ ਮੁੱਦੇ ’ਤੇ ਭਿੜਦੇ ਨਜ਼ਰ ਆਏ।
ਜਾਣਕਾਰੀ ਅਨੁਸਾਰ ਕੌਂਸਲ ਦੇ ਮੁੱਖ ਡੰਪ ’ਤੇ ਕੂੜੇ ਕਰਕਟ ਦੀ ਰੈਮੀਡੇਸ਼ਨ ਕਰਨ ਲਈ ਕੌਂਸਲ ਵੱਲੋਂ ਮਤਾ ਨੰਬਰ 62 ਅਕਤੂਬਰ 2022 ਤੇ ਚੀਫ਼ ਇੰਜਨੀਅਰ ਨਗਰ ਕੌਂਸਲ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੰਬਰ 2022 ਦੀ ਮਨਜ਼ੂਰੀ ਉਪਰੰਤ ਟੈਂਡਰ ਪ੍ਰਕਿਰਿਆ ਪੂਰੀ ਕਰ ਲਈ ਗਈ ਸੀ। ਇਸ ਉਪਰੰਤ ਇਹ ਕੰਮ ਸ਼ਿਯੋਰ ਟਰੇਡ ਰਿਸਰਚ ਪ੍ਰਾਈਵੇਟ ਲਿਮਟਿਡ ਨਵੀਂ ਦਿੱਲੀ ਨੂੰ ਦਿੰਦਿਆਂ 90 ਹਜ਼ਾਰ ਮੀਟ੍ਰਿਕ ਟਨ ਲਿਗੇਸੀ ਵੇਸਟ ਦੀ ਰੈਮੀਡੇਸ਼ਨ ਦੇ ਕੰਮ ਦਾ 3 ਕਰੋੜ 83 ਲੱਖ ਦਾ ਵਰਕ ਆਰਡਰ ਜਾਰੀ ਕੀਤਾ ਗਿਆ ਸੀ, ਪਰ ਕੰਪਨੀ ਦੀ ਸਰਵੇਖਣ ਰਿਪੋਰਟ ਵਿੱਚ ਇਸ ਡੰਪ ’ਤੇ 1 ਲੱਖ 47 ਹਜ਼ਾਰ ਮੀਟਰਿਕ ਟਨ ਕੂੜਾ ਮਿਲਿਆ ਜਿਸ ’ਤੇ ਵੱਧ ਕੂੜੇ ਦੇ ਨਿਪਟਾਰੇ ਦੀ ਪ੍ਰਵਾਨਗੀ ਲਈ ਮਤਾ ਲਿਆਂਦਾ ਗਿਆ, ਪਰ ਇਹ ਪਾਸ ਨਹੀਂ ਹੋਇਆ।
ਇਸ ਮੌਕੇ ‘ਆਪ ਕੌਂਸਲਰ ਸੁਨੀਲ ਕੁਮਾਰ ਨੀਟਾ, ਜਤਿੰਦਰ ਪਾਠਕ, ਸੁਖਮਨਜੀਤ ਸਿੰਘ, ਪਰਮਪ੍ਰੀਤ ਸਿੰਘ ਪੌਂਪੀ ਨੇ ਦੋਸ਼ ਲਾਇਆ ਕਿ ਇਸ ਵਿੱਚ ਵੱਡਾ ਘਪਲਾ ਹੈ, ਜਿਸ ਦੀ ਜਾਂਚ ਕਰਵਾਈ ਜਾਵੇਗੀ। ਇਸੇ ਤਰ੍ਹਾਂ ਵਾਰਡ ਨੰਬਰ-25 ਦੀ ਕੌਂਸਲਰ ਅਮਨਦੀਪ ਕੌਰ ਨੇ ਕਿਹਾ ਕਿ ਇਸ ਵਾਰਡ ਵਿੱਚ ਬੀਰੂ ਦੀ ਗਲੀ ਸਬੰਧੀ ਕਈ ਵਾਰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਗਲੀ ਬਣਾਈ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਮੇਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਸ਼ਿਕਾਇਤ ਦੀ ਅਜੇ ਤੱਕ ਜਾਂਚ ਨਹੀਂ ਕੀਤੀ ਗਈ ਅਤੇ ਜੋ ਇਲਜ਼ਾਮ ਉਨ੍ਹਾਂ ’ਤੇ ਲਾਏ ਜਾ ਰਹੇ ਹਨ, ਉਹ ਸਰਾਸਰ ਝੂਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਗਲੀ ਅਧਿਕਾਰੀਆਂ ਅਤੇ ਠੇਕੇਦਾਰ ਦੀ ਮਿਲੀਭੁਗਤ ਨਾਲ ਬਣੀ ਹੈ।
ਮਤਾ ਕੌਂਸਲਰਾਂ ਦੇ ਲਿਖਤੀ ਇਤਰਾਜ਼ ਉਪਰੰਤ ਰੱਦ ਕੀਤਾ ਗਿਐ: ਕੌਂਸਲ ਪ੍ਰਧਾਨ
ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਕਿ ਕੂੜੇ ਦਾ ਰੈਮੀਡੇਸ਼ਨ ਮਤਾ ਕੌਂਸਲਰਾਂ ਦੇ ਲਿਖਤੀ ਇਤਰਾਜ਼ ਉਪਰੰਤ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੂੜੇ ਨੂੰ ਡੋਰ-ਟੂ-ਡੋਰ ਇਕੱਠਾ ਕਰਨ ਦਾ ਟੈਂਡਰ ਲਗਾ ਦਿੱਤਾ ਗਿਆ ਹੈ ਅਤੇ ਅਗਲੇ ਦੋ ਮਹੀਨਿਆਂ ਵਿੱਚ ਸ਼ਹਿਰ ’ਚ ਕਿਧਰੇ ਵੀ ਕੂੜੇ ਦੇ ਢੇਰ ਨਜ਼ਰ ਨਹੀਂ ਆਉਣਗੇ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।