ਐੱਮਸੀਡੀ ਦੇ ਮੁੱਦੇ ’ਤੇ ਵਿਧਾਨ ਸਭਾ ਵਿੱਚ ਹੰਗਾਮਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਅੱਜ ਦਿੱਲੀ ਵਿਧਾਨ ਸਭਾ ਵਿੱਚ ਐੱਮਸੀਡੀ ਸਥਾਈ ਕਮੇਟੀ ਚੋਣਾਂ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਕੀਤਾ। ਮਗਰੋਂ ਸਦਨ ਨੂੰ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਜਦੋਂ ‘ਆਪ’ ਵਿਧਾਇਕਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ ਤਾਂ ਸਪੀਕਰ ਰਾਮ ਨਿਵਾਸ ਗੋਇਲ ਨੇ ਵਿਧਾਨ ਸਭਾ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ।
ਬਾਅਦ ਵਿੱਚ ‘ਆਪ’ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਦੇ ਅਹਾਤੇ ’ਤੇ ਮਹਾਤਮਾ ਗਾਂਧੀ ਦੇ ਬੁੱਤ ਨੇੜੇ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਅਤੇ ਉਪ ਰਾਜਪਾਲ ਵਿਰੁੱਧ ਨਾਅਰੇਬਾਜ਼ੀ ਕੀਤੀ। ‘ਆਪ’ ਵਿਧਾਇਕ ਦਲੀਪ ਪਾਂਡੇ ਨੇ ਦੋਸ਼ ਲਾਇਆ ਕਿ ਐਲ-ਜੀ ਸੰਵਿਧਾਨਕ ਕਾਰਵਾਈਆਂ ਵਿੱਚ ਦਖਲ ਦੇਣ ਅਤੇ ਸਿਸਟਮ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਬਾਰਾ ਸਦਨ ਜੁੜਨ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੂੰ ਦਿੱਲੀ ਦੀਆਂ ਸੜਕਾਂ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦਿੱਲੀ ਨਗਰ ਨਿਗਮ ਬਾਰੇ ਐੱਲਜੀ ਵੱਲੋਂ ਜਾਰੀ ਹੁਕਮ ਨੂੰ ਗਲਤ ਕਰਾਰ ਦਿੱਤਾ ਅਤੇ ਕਿਹਾ ਕਿ ਨਿਯਮਾਂ ਦੀ ਅਣਦੇਖੀ ਕੀਤੀ ਗਈ। ਉਨ੍ਹਾਂ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ 13 ਰਾਜਾਂ ਦੀਆਂ ਵਿਰੋਧੀਆਂ ਦੀਆਂ ਸਰਕਾਰਾਂ ਨੂੰ ਕਥਿਤ ਡੇਗਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਆਤਿਸ਼ੀ ਵੱਲੋਂ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਕਰੀਬ ਡੇਢ ਸਾਲ ਬਾਅਦ ਇਕੱਠੇ ਸਦਨ ਵਿੱਚ ਸ਼ਾਮਲ ਹੋਣ ‘ਤੇ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ, ਵਿਧਾਇਕਾਂ ਖ਼ਿਲਾਫ਼ ਕੇਂਦਰੀ ਸਰਕਾਰੀ ਏਜੰਸੀਆਂ ਲਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵਿਰੋਧੀ ਧਿਰ ਨੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ
ਵਿਰੋਧੀ ਧਿਰ ਭਾਜਪਾ ਵੱਲੋਂ ਦਿੱਲੀ ਵਿੱਚ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ’ਤੇ ਸਰਕਾਰ ਦੀ ਨਕਾਮੀ ਨੂੰ ਲੈ ਕੇ ਵਿਧਾਨ ਸਭਾ ਵਿੱਚ ਹੰਗਾਮਾ ਕੀਤਾ ਗਿਆ ਅਤੇ ਭਾਜਪਾ ਵਿਧਾਇਕਾਂ ਨੇ ਸਦਨ ਦਾ ਬਾਈਕਾਟ ਕੀਤਾ। ਵਿਰੋਧੀ ਧਿਰ ਦੇ ਆਗੂ ਵਜਿੰਦਰ ਗੁਪਤਾ ਨੇ ਕਿਹਾ ਕਿ ਦਿੱਲੀ ਦੇ ਧਰਤੀ ਹੇਠਲੇ ਪਾਣੀ ਦੇ ਲਏ ਗਏ 103 ਨਮੂਨਿਆਂ ਵਿੱਚੋਂ 80 ਨਮੂਨੇ ਪ੍ਰਦੂਸ਼ਿਤ ਪਾਏ ਗਏ। ਉਨ੍ਹਾਂ ਕਿਹਾ ਕਿ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ‘ਸੈਂਟਰਲ ਗਰਾਊਂਡ ਵਾਟਰ ਬੋਰਡ’ ਦੀ ਰਿਪੋਰਟ ਨੂੰ ਦਬਾਇਆ ਤੇ ਸਰਕਾਰ ਰਿਪੋਰਟ ਸਦਨ ਵਿੱਚ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਪਾਣੀ ਵਿੱਚ ਫਲੋਰਾਈਡ, ਨਾਈਟ੍ਰੇਟ, ਆਰਸੈਨਿਕ ਅਤੇ ਆਇਰਨ ਵਰਗੇ ਤੱਤਾਂ ਦੀ ਮਾਤਰਾ ਵੱਧ ਰਹੀ ਹੈ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਪੀਣਯੋਗ ਪਾਣੀ ਪੀਣ ਯੋਗ ਨਹੀਂ ਹੋ ਰਿਹਾ।