For the best experience, open
https://m.punjabitribuneonline.com
on your mobile browser.
Advertisement

ਧਾਰਾ 370 ਬਾਰੇ ਮਤੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ

06:57 AM Nov 08, 2024 IST
ਧਾਰਾ 370 ਬਾਰੇ ਮਤੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਹੰਗਾਮਾ
ਜੰਮੂ ਕਸ਼ਮੀਰ ਵਿਧਾਨ ਸਭਾ ’ਚ ਭਾਜਪਾ ਮੈਂਬਰ ਅਤੇ ਮਾਰਸ਼ਲ ਆਪਸ ’ਚ ਖਿੱਚ-ਧੂਹ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਸ੍ਰੀਨਗਰ, 7 ਨਵੰਬਰ
ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਸਬੰਧੀ ਧਾਰਾ 370 ਦੀ ਬਹਾਲੀ ਵਾਲਾ ਮਤਾ ਪਾਸ ਕੀਤੇ ਜਾਣ ’ਤੇ ਭਾਜਪਾ ਵਿਧਾਇਕਾਂ ਨੇ ਅੱਜ ਲਗਾਤਾਰ ਦੂਜੇ ਦਿਨ ਵਿਧਾਨ ਸਭਾ ’ਚ ਜ਼ੋਰਦਾਰ ਹੰਗਾਮਾ ਕੀਤਾ। ਭਾਜਪਾ ਵਿਧਾਇਕਾਂ ਅਤੇ ਮਾਰਸ਼ਲਾਂ ਵਿਚਕਾਰ ਖਿੱਚ-ਧੂਹ ਹੋਣ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਵਿਰੋਧੀ ਧਿਰ ਭਾਜਪਾ ਨੇ ਮਤਾ ‘ਗ਼ੈਰਕਾਨੂੰਨੀ’ ਕਰਾਰ ਦਿੰਦਿਆਂ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਸਪੀਕਰ ਅਬਦੁੱਲ ਰਹੀਮ ਰਾਠੇਰ ਨੇ ਕਿਹਾ ਕਿ ਸਦਨ ਵੱਲੋਂ ਪਾਸ ਕਿਸੇ ਵੀ ਮਤੇ ਨੂੰ ਵਾਪਸ ਲੈਣ ਦੀ ਉਨ੍ਹਾਂ ਕੋਲ ਕੋਈ ਤਾਕਤ ਨਹੀਂ ਹੈ ਅਤੇ ਇਸ ਦੀ ਵਾਪਸੀ ਬਾਰੇ ਸਦਨ ਹੀ ਕੋਈ ਫ਼ੈਸਲਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰ ਸੰਤੁਸ਼ਟ ਨਹੀਂ ਹੈ ਤਾਂ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਜਾ ਸਕਦਾ ਹੈ। ਇਸ ਦੌਰਾਨ ਪੀਡੀਪੀ ਅਤੇ ਪੀਪਲਜ਼ ਕਾਨਫਰੰਸ ਸਮੇਤ ਕੁਝ ਹੋਰ ਵਿਧਾਇਕਾਂ ਨੇ ਸੰਵਿਧਾਨ ਦੀ ਧਾਰਾ 370 ਅਤੇ 35ਏ ਆਪਣੇ ਮੂਲ ਰੂਪ ’ਚ ਫੌਰੀ ਬਹਾਲ ਕਰਨ ਦੀ ਮੰਗ ਵਾਲਾ ਨਵਾਂ ਮਤਾ ਪੇਸ਼ ਕੀਤਾ। ਸਦਨ ਅੱਜ ਸਵੇਰੇ ਜਦੋਂ ਜੁੜਿਆ ਤਾਂ ਭਾਜਪਾ ਮੈਂਬਰਾਂ ਨੇ ਪਾਸ ਕੀਤੇ ਗਏ ਮਤੇ ਖ਼ਿਲਾਫ਼ ਹੰਗਾਮਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਆਗੂ ਸੁਨੀਲ ਸ਼ਰਮਾ ਜਦੋਂ ਮਤੇ ਬਾਰੇ ਬੋਲ ਰਹੇ ਸਨ ਤਾਂ ਅਵਾਮੀ ਇਤਿਹਾਦ ਪਾਰਟੀ ਦਾ ਆਗੂ ਸ਼ੇਖ਼ ਖੁਰਸ਼ੀਦ ਧਾਰਾ 370 ਅਤੇ 35ਏ ਦੀ ਬਹਾਲੀ ਵਾਲਾ ਬੈਨਰ ਲੈ ਕੇ ਸਪੀਕਰ ਦੇ ਆਸਣ ਅੱਗੇ ਆ ਗਿਆ। ਇਸ ਤੋਂ ਖਿੱਝੇ ਭਾਜਪਾ ਮੈਂਬਰ ਵੀ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਉਨ੍ਹਾਂ ਲੰਗੇਟ ਤੋਂ ਵਿਧਾਇਕ ਹੱਥੋਂ ਬੈਨਰ ਖੋਹ ਕੇ ਪਾੜ ਦਿੱਤਾ। ਇਸ ਦੌਰਾਨ ਭਾਜਪਾ ਵਿਧਾਇਕਾਂ ਅਤੇ ਖੁਰਸ਼ੀਦ ਵਿਚਕਾਰ ਮਾਮੂਲੀ ਖਿੱਚੋਤਾਣ ਵੀ ਹੋਈ। ਖੁਰਸ਼ੀਦ ਦੇ ਬਚਾਅ ਲਈ ਪੀਪਲਜ਼ ਕਾਨਫਰੰਸ ਦੇ ਵਿਧਾਇਕ ਸੱਜਾਦ ਲੋਨ ਅੱਗੇ ਆਏ। ਸਪੀਕਰ ਵੱਲੋਂ ਸਦਨ ਦੀ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ ਪਰ ਭਾਜਪਾ ਨੇ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ’ਤੇ ਭਾਜਪਾ ਵਿਧਾਇਕਾਂ ਨੇ ‘ਬਲੀਦਾਨ ਹੁਏ ਜਹਾਂ ਮੁਖਰਜੀ, ਵੋਹ ਕਸ਼ਮੀਰ ਹਮਾਰਾ ਹੈ’ ਜਦਕਿ ਨੈਸ਼ਨਲ ਕਾਨਫਰੰਸ ਦੇ ਮੈਂਬਰਾਂ ਨੇ ‘ਜਿਸ ਕਸ਼ਮੀਰ ਕੋ ਖੂਨ ਸੇ ਸੀਂਚਾ, ਵੋਹ ਕਸ਼ਮੀਰ ਹਮਾਰਾ ਹੈ’ ਦੇ ਨਾਅਰੇ ਲਗਾਏ। ਸਪੀਕਰ ਦੇ ਆਸਣ ਅੱਗੇ ਆਉਣ ਕਰਕੇ ਰਾਠੇਰ ਨੇ ਮਾਰਸ਼ਲਾਂ ਨੂੰ ਤਿੰਨ ਭਾਜਪਾ ਮੈਂਬਰਾਂ ਨੂੰ ਸਦਨ ’ਚੋਂ ਬਾਹਰ ਕੱਢਣ ਦੇ ਨਿਰਦੇਸ਼ ਦਿੱਤੇ ਜਿਸ ਕਾਰਨ ਉਨ੍ਹਾਂ ਅਤੇ ਮਾਰਸ਼ਲਾਂ ਵਿਚਕਾਰ ਖਿੱਚੋਤਾਣ ਹੋਈ। ਸਪੀਕਰ ਨੇ ਕਿਹਾ ਕਿ ਹੰਗਾਮਾ ਕਰਨ ਵਾਲੇ ਮੈਂਬਰ ਸਦਨ ’ਚੋਂ ਕੱਢੇ ਜਾਣ ਦੇ ਲਾਇਕ ਹਨ। ਮੰਤਰੀ ਸਤੀਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਵੰਡੋ ਅਤੇ ਰਾਜ ਕਰੋ ਦੀ ਨੀਤੀ ’ਤੇ ਚੱਲ ਰਹੀ ਹੈ ਅਤੇ ‘ਭਾਰਤ ਮਾਤਾ’ ਸਾਰਿਆਂ ਦੀ ਹੈ। ਮੰਤਰੀ ਨੇ ਕਿਹਾ ਕਿ ਭਾਜਪਾ ਵਿਧਾਇਕਾਂ ਨੇ ਬੁੱਧਵਾਰ ਨੂੰ ਸੰਵਿਧਾਨ ਦਾ ਅਪਮਾਨ ਕੀਤਾ ਹੈ ਕਿਉਂਕਿ ਉਹ ਜਿਥੇ ਸੰਵਿਧਾਨ ਪਿਆ ਸੀ ਉਥੇ ਮੇਜ਼ ਉਪਰ ਜੁੱਤੀਆਂ ਲੈ ਚੜ੍ਹ ਗਏ ਸਨ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਮੈਂਬਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਦੋਂ ਹੰਗਾਮਾ ਜਾਰੀ ਰਿਹਾ ਤਾਂ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। -ਪੀਟੀਆਈ

Advertisement

ਧਾਰਾ 370 ਦੀ ਬਹਾਲੀ ਦਾ ਮਤਾ ਦੇਸ਼ ਵੰਡਣ ਦੀ ਕੋਸ਼ਿਸ਼: ਭਾਜਪਾ


ਅਵਾਮੀ ਇਤਿਹਾਦ ਪਾਰਟੀ ਦੇ ਵਿਧਾਇਕ ਸ਼ੇਖ ਖੁਰਸ਼ੀਦ ਵਿਧਾਨ ਸਭਾ ’ਚ ਧਾਰਾ 370 ਬਹਾਲ ਕਰਨ ਸਬੰਧੀ ਬੈਨਰ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਨਵੀਂ ਦਿੱਲੀ: ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਵੱਲੋਂ ਧਾਰਾ 370 ਦੀ ਬਹਾਲੀ ਸਬੰਧੀ ਪਾਸ ਮਤੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ‘ਇੰਡੀਆ’ ਗੱਠਜੋੜ ਵੱਲੋਂ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਹੈ। ਪਾਰਟੀ ਨੇ ਕਿਹਾ ਕਿ ਅਜਿਹੀਆਂ ਕੋਸ਼ਿਸ਼ਾਂ ਨੂੰ ਉਹ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ। ਹੁਕਮਰਾਨ ਨੈਸ਼ਨਲ ਕਾਨਫਰੰਸ ਅਤੇ ਉਸ ਦੇ ਭਾਈਵਾਲਾਂ ’ਤੇ ਵਰ੍ਹਦਿਆਂ ਭਾਜਪਾ ਦੀ ਸੀਨੀਅਰ ਆਗੂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਜੰਮੂ ਕਸ਼ਮੀਰ ’ਚ ਪਾਸ ਮਤਾ ਸੰਸਦ ਅਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਅਪਮਾਨ ਹੈ। ਇਥੇ ਭਾਜਪਾ ਦਫ਼ਤਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਮ੍ਰਿਤੀ ਨੇ ਕਿਹਾ ਕਿ ਕਾਂਗਰਸ ਅਤੇ ‘ਇੰਡੀ’ ਗੱਠਜੋੜ ਦੇ ਆਗੂਆਂ ਨੇ ਮਤੇ ਰਾਹੀਂ ਕੱਟੜਵਾਦ ਅਤੇ ਅਤਿਵਾਦ ਨੂੰ ਰਣਨੀਤਕ ਤੌਰ ’ਤੇ ਹਮਾਇਤ ਦਿੱਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement