ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਹੰਗਾਮਾ
ਆਤਿਸ਼ ਗੁਪਤਾ
ਚੰਡੀਗੜ੍ਹ, 26 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਕੁਲਦੀਪ ਕੁਮਾਰ ਦੀ ਦੇਖ-ਰੇਖ ਹੇਠ ਸੈਕਟਰ-17 ਵਿੱਚ ਸਥਿਤ ਨਗਰ ਨਿਗਮ ਦਫ਼ਤਰ ਵਿੱਚ ਹੋਈ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਾਰਜਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਸਣੇ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ। ਅੱਜ ਮੀਟਿੰਗ ਵਿੱਚ ਨਗਰ ਨਿਗਮ ਦੀ ਵਿਗੜ ਰਹੀ ਵਿੱਤੀ ਹਾਲਤ ਅਤੇ ਸ਼ਹਿਰ ਵਿੱਚ ਕੌਂਸਲਰਾਂ ਦੇ ਕੰਮਾ ਨਾ ਹੋਣ ਦੇ ਮੁੱਦੇ ’ਤੇ ਹੰਗਾਮਾ ਹੋਇਆ। ਭਾਜਪਾ ਕੌਂਸਲਰਾਂ ਨੇ ਨਿਗਮ ਦੀ ਲਗਾਤਾਰ ਵਿਗੜ ਰਹੀ ਵਿੱਤੀ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਪੈਸੇ ਨਾ ਹੋਣ ਦੇ ਬਾਵਜੂਦ ‘ਆਪ’ ਤੇ ਕਾਂਗਰਸ ਦੇ ਕੌਂਸਲਰ ਲੋਕਾਂ ਨੂੰ 20 ਹਜ਼ਾਰ ਲਿਟਰ ਮੁਫ਼ਤ ਪਾਣੀ ਦੇਣ ਦੇ ਏਜੰਡੇ ਲੈ ਕੇ ਆ ਰਹੇ ਹਨ। ਇਸ ਦੌਰਾਨ ਭਾਜਪਾ ਕੌਂਸਲਰਾਂ ਨੇ ਨਗਰ ਨਿਗਮ ਦੀ ਮੀਟਿੰਗ ਵਿੱਚ ਜ਼ਿੰਦਾ ਲੈ ਕੇ ਪਹੁੰਚੇ। ਉਨ੍ਹਾਂ ਕਿਹਾ ਕਿ ਜੇ ਨਗਰ ਨਿਗਮ ਵਿੱਚ ਕੋਈ ਕੰਮ ਹੀ ਨਹੀਂ ਹੋਣਾ ਤਾਂ ਉਨ੍ਹਾਂ ਨੇ ਨਿਗਮ ਦਫ਼ਤਰ ਨੂੰ ਜ਼ਿੰਦਾ ਲਗਾਉਣ ਦੀ ਪੇਸ਼ਕਸ਼ ਕੀਤੀ।
ਭਾਜਪਾ ਦੇ ਕੌਂਸਲਰ ਕੰਵਰਜੀਤ ਸਿੰਘ ਰਾਣਾ ਨੇ ਕਿਹਾ ਕਿ ਨਿਗਮ ਵੱਲੋਂ ਪਿਛਲੇ 6 ਮਹੀਨਿਆਂ ਵਿੱਚ ਸ਼ਹਿਰ ਦੇ ਵਿਕਾਸ ਲਈ ਇਕ ਵੀ ਪ੍ਰਾਜੈਕਟ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸਟਰੀਟ ਲਾਈਟਾਂ ਸਣੇ ਹੋਰਨਾਂ ਬੁਨਿਆਦੀ ਕੰਮ ਵੀ ਨਹੀਂ ਹੋ ਰਹੇ ਹਨ। ਭਾਜਪਾ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਨੇ ਨਗਰ ਨਿਗਮ ਦੇ ਵਿਗੜ ਰਹੇ ਵਿੱਤੀ ਹਾਲਾਤ ਬਾਰੇ ਕਿਹਾ ਕਿ ਇਸ ਸਾਲ ਵਿੱਤ ਵਰ੍ਹੇ ਦੇ ਖਤਮ ਹੋਣ ’ਤੇ ਨਗਰ ਨਿਗਮ 120 ਕਰੋੜ ਰੁਪਏ ਦੇ ਘਾਟੇ ਦਾ ਸਾਹਮਣਾ ਕਰੇਗਾ ਪਰ ਕੋਈ ਵੀ ਨਗਰ ਨਿਗਮ ਵਿੱਚ ਪੈਦਾ ਹੋਣ ਵਾਲੇ ਵਿੱਤੀ ਹਾਲਾਤ ਦੇ ਹੱਲ ਲੱਭਣ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਸਾਬਕਾ ਮੇਅਰ ਅਨੂਪ ਗੁਪਤਾ ਨੇ ਨਿਗਮ ਦੇ ਵਿਗੜ ਰਹੇ ਹਾਲਾਤ ਬਾਰੇ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਨਿਗਮ ਦੇ ਵਿਗੜ ਰਹੇ ਵਿੱਤੀ ਹਾਲਾਤ ਬਾਰੇ ਬੈਠ ਕੇ ਵਿਚਾਰ ਕਰਨਾ ਚਾਹੀਦਾ ਹੈ।
ਨਗਰ ਨਿਗਮ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਾਰਜਕਾਰੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਿ 16 ਮਹੀਨੇ ਬਾਅਦ 7 ਅਕਤੂਬਰ ਟਾਊਨ ਵੈਡਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਸ਼ਹਿਰ ਵਿੱਚ ਵੈਂਡਰਾਂ ਦੀ ਸਮੱਸਿਆ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਵਿੱਚ ਫੈਸਲਾ ਲੈਣ ਤੋਂ ਬਾਅਦ ਸ਼ਹਿਰ ਵਿੱਚੋਂ ਨਾਜਾਇਜ਼ ਵੈਂਡਰਾਂ ਦਾ ਸਫਾਇਆ ਕੀਤਾ ਜਾਵੇਗਾ। ਇਸ ਬਾਰੇ ਰਿਪੋਰਟ ਨਗਰ ਨਿਗਮ ਦੀ ਅਗਲੀ ਮੀਟਿੰਗ ਵਿੱਚ ਸੌਂਪ ਦਿੱਤੀ ਜਾਵੇਗੀ।
20 ਹਜ਼ਾਰ ਵਿੱਚੋਂ 3596 ਵੈਂਡਰ ਹੀ ਨਿਯਮਤ ਦੇ ਰਹੇ ਹਨ ਫੀਸ
ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਸ਼ਹਿਰ ਵਿੱਚ ਨਾਜਾਇਜ਼ ਵੈਂਡਰਾਂ ਨੂੰ ਹਟਾਉਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਸਿਟੀ ਬਿਊਟੀਫੁੱਲ ਵਿੱਚ ਨਾਜਾਇਜ਼ ਵੈਂਡਰਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਸ ਸਮੇਂ ਸ਼ਹਿਰ ਵਿੱਚ 20 ਹਜ਼ਾਰ ਵੈਂਡਰਾਂ ਵਿੱਚੋਂ ਸਿਰਫ਼ 3596 ਵੈਂਡਰਾਂ ਵੱਲੋਂ ਆਪਣੀ ਫੀਸ ਦਾ ਸਮੇਂ ਸਿਰ ਭੁਗਤਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਨਾਜਾਇਜ਼ ਵੈਂਡਰਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਵਿੱਚ ਰਜਿਸਟਰਡ ਵੈਂਡਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਜਦੋਂ ਕਿ ਨਾਜਾਇਜ਼ ਵੈਂਡਰ ਬੱਚ ਜਾਂਦੇ ਹਨ। ਇਸੇ ਦੌਰਾਨ ‘ਆਪ’ ਕੌਂਸਲਰ ਦਮਨਪ੍ਰੀਤ ਸਿੰਘ ਤੇ ਕਾਂਗਰਸ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਵੀ ਸ਼ਹਿਰ ਵਿੱਚ ਨਾਜਾਇਜ਼ ਵੈਂਡਰਾਂ ਨੂੰ ਹਟਾਉਣ ਦੀ ਮੰਗ ਕੀਤੀ।