ਸੰਸਦ ’ਚ ਮਹਾਂਕੁੰਭ ਭਗਦੜ ਮਾਮਲੇ ’ਤੇ ਹੰਗਾਮਾ
ਨਵੀਂ ਦਿੱਲੀ, 3 ਫਰਵਰੀ
ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਮਚੀ ਭਗਦੜ ਬਾਰੇ ਵਿਰੋਧੀ ਧਿਰਾਂ ਵੱਲੋਂ ਚਰਚਾ ਦੀ ਮੰਗ ਲਈ ਅੱਜ ਸੰਸਦ ਦੇ ਦੋਵੇਂ ਸਦਨਾਂ ’ਚ ਹੰਗਾਮਾ ਦੇਖਣ ਨੂੰ ਮਿਲਿਆ। ਰਾਜ ਸਭਾ ’ਚ ਚੇਅਰਮੈਨ ਜਗਦੀਪ ਧਨਖੜ ਵੱਲੋਂ ਕੁੰਭ ਦੁਖਾਂਤ ’ਤੇ ਚਰਚਾ ਲਈ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਦਿੱਤੇ ਨੋਟਿਸਾਂ ’ਤੇ ਵਿਚਾਰ ਨਾ ਕਰਨ ਮਗਰੋਂ ਵਿਰੋਧੀ ਪਾਰਟੀਆਂ ਸਿਫ਼ਰਕਾਲ ਦੌਰਾਨ ਸਦਨ ਵਿੱਚੋਂ ਵਾਕਆਊਟ ਕਰ ਗਈਆਂ। ਰਾਸ਼ਟਰਪਤੀ ਵੱਲੋਂ ਦੋਵੇਂ ਸਦਨਾਂ ਦੇ ਸਾਂਝੇ ਸੰਬੋਧਨ ਅਤੇ ਕੇਂਦਰੀ ਬਜਟ ਪੇਸ਼ ਹੋਣ ਮਗਰੋਂ ਲੋਕ ਸਭਾ ਅਤੇ ਰਾਜ ਸਭਾ ਅੱਜ ਪਹਿਲੀ ਵਾਰ ਜੁੜੇ ਸਨ। ਰਾਜ ਸਭਾ ’ਚ ਕਾਂਗਰਸ ਦੇ ਪ੍ਰਮੋਦ ਤਿਵਾੜੀ ਤੇ ਦਿਗਵਿਜੈ ਸਿੰਘ, ਤ੍ਰਿਣਮੂਲ ਕਾਂਗਰਸ ਦੀ ਸਾਗਰਿਕਾ ਘੋਸ਼, ਸਮਾਜਵਾਦੀ ਪਾਰਟੀ ਦੇ ਰਾਮਜੀ ਲਾਲ ਸੁਮਨ ਤੇ ਸੀਪੀਆਈ (ਐੱਮ) ਦੇ ਜੌਹਨ ਬ੍ਰਿਟਾਸ ਸਣੇ ਸੱਤ ਮੈਂਬਰਾਂ ਨੇ ਨੇਮ 267 ਤਹਿਤ ਦਿੱਤੇ ਨੋਟਿਸਾਂ ਵਿਚ ਸਦਨ ਦੀ ਕਾਰਵਾਈ ਮੁਲਤਵੀ ਕਰਕੇ ਪ੍ਰਯਾਗਰਾਜ ਵਿਚ ਮਹਾਂਕੁੰਭ ਦੌਰਾਨ ਮਚੀ ਭਗਦੜ ’ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਉਧਰ ਕਾਂਗਰਸ ਦੇ ਰਣਦੀਪ ਸਿੰਘ ਸੁਰਜੇਵਾਲਾ ਨੇ ਦੇਸ਼ ਭਰ ਵਿੱਚ ਸੰਵਿਧਾਨ ਅਤੇ ਡਾਕਟਰ ਬੀਆਰ ਅੰਬੇਡਕਰ ਦੇ ਨਿਰਾਦਰ ਦੀਆਂ ਘਟਨਾਵਾਂ ’ਤੇ ਚਰਚਾ ਕਰਨ ਲਈ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ ਹੈ। ਸੀਪੀਆਈ ਦੇ ਪੀ. ਸੰਦੋਸ਼ ਕੁਮਾਰ ਨੇ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਰੇਸ਼ ਗੋਪੀ ਵੱਲੋਂ ਕੀਤੀ ਕਥਿਤ ਜਾਤੀਵਾਦੀ ਟਿੱਪਣੀ ਦੇ ਮੁੱਦੇ ’ਤੇ ਚਰਚਾ ਲਈ ਸਦਨ ਦੀ ਕਾਰਵਾਈ ਮੁਲਤਵੀ ਕਰਨ ਦਾ ਨੋਟਿਸ ਦਿੱਤਾ। ਧਨਖੜ ਨੇ ਇਨ੍ਹਾਂ ਨੋਟਿਸਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਉਹ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਹਨ। ਚੇਅਰਮੈਨ ਵੱਲੋਂ ਨੋਟਿਸਾਂ ਨੂੰ ਮੰਨਣ ਤੋਂ ਇਨਕਾਰ ਕਰਨ ’ਤੇ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਮਗਰੋਂ ਉਹ ਸਦਨ ’ਚੋਂ ਵਾਕਆਊਟ ਕਰ ਗਏ।
ਉਧਰ ਲੋਕ ਸਭਾ ’ਚ ਕਾਂਗਰਸ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮਹਾਂਕੁੰਭ ਦੁਖਾਂਤ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਵਿਚਾਲੇ ਆ ਗਏ ਅਤੇ ਉਨ੍ਹਾਂ ਨਾਅਰੇਬਾਜ਼ੀ ਕੀਤੀ। ਲੋਕ ਸਭਾ ਵਿਚ ਕਾਂਗਰਸ ਦੇ ਡਿਪਟੀ ਆਗੂ ਗੌਰਵ ਗੋਗੋਈ ਅਤੇ ਕੇਸੀ ਵੇਣੂਗੋਪਾਲ ਦੀ ਅਗਵਾਈ ਹੇਠ ਵਿਰੋਧੀ ਧਿਰਾਂ ਨੇ ਪ੍ਰਸ਼ਨਕਾਲ ਦੀ ਕਾਰਵਾਈ ਮੁਅੱਤਲ ਕਰਕੇ ਮਹਾਂਕੁੰਭ ਭਗਦੜ ਦੇ ਮੁੱਦੇ ’ਤੇ ਚਰਚਾ ਦੀ ਮੰਗ ਕੀਤੀ। ਵਿਰੋਧੀ ਧਿਰਾਂ ਨੇ ‘ਸਨਾਤਨ ਵਿਰੋਧੀ ਸਰਕਾਰ ਅਸਤੀਫ਼ਾ ਦੋ’ ਦੇ ਨਾਅਰੇ ਲਾਏ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਵੱਲੋਂ ਰੋਸ ਵਜੋਂ ਮੇਜ਼ਾਂ ਨੂੰ ਥਪਥਪਾਉਣ ਦਾ ਵਿਰੋਧ ਕੀਤਾ। ਬਿਰਲਾ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਨੁਮਾਇੰਦੇ ਵਜੋਂ ਸਵਾਲ ਪੁੱਛਣ ਲਈ ਭੇਜਿਆ ਹੈ, ਟੇਬਲਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵੀ ਵਿਰੋਧੀ ਧਿਰਾਂ ਵੱਲੋਂ ਕੀਤੇ ਪ੍ਰਦਰਸ਼ਨ ਦੀ ਨਿਖੇਧੀ ਕੀਤੀ। ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਭਗਦੜ ਵਿਚ ਮੌਤ ਦੇ ਮੂੰਹ ਪਏ ਲੋਕਾਂ ਦੀ ਮੁਕੰਮਲ ਸੂਚੀ ਦਿੱਤੀ ਜਾਵੇ। -ਪੀਟੀਆਈ