For the best experience, open
https://m.punjabitribuneonline.com
on your mobile browser.
Advertisement

ਮੇਅਰ ਚੋਣਾਂ ਮੁਲਤਵੀ ਹੋਣ ’ਤੇ ਐੱਮਸੀਡੀ ਸਦਨ ਵਿੱਚ ਹੰਗਾਮਾ

07:38 AM Apr 27, 2024 IST
ਮੇਅਰ ਚੋਣਾਂ ਮੁਲਤਵੀ ਹੋਣ ’ਤੇ ਐੱਮਸੀਡੀ ਸਦਨ ਵਿੱਚ ਹੰਗਾਮਾ
ਐੱਮਸੀਡੀ ਸਦਨ ’ਚ ਪ੍ਰਦਰਸ਼ਨ ਕਰਦੇ ਹੋਏ ‘ਆਪ’ ਤੇ ਭਾਜਪਾ ਕੌਂਸਲਰ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 26 ਅਪਰੈਲ
ਦਿੱਲੀ ਦੇ ਮੇਅਰ ਦੀਆਂ ਅੱਜ ਹੋਣ ਵਾਲੀਆਂ ਚੋਣਾਂ ਮੁਲਤਵੀ ਹੋਣ ਕਾਰਨ ਦਿੱਲੀ ਨਗਰ ਨਿਗਮ ਦੇ ਸਦਨ ਵਿੱਚ ਹੰਗਾਮਾ ਹੋ ਗਿਆ। ਇਥੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ‘ਆਪ’ ਤੇ ਭਾਜਪਾ ਦੇ ਕੌਂਸਲਰਾਂ ਨੇ ਬੈਨਰ ਲੈ ਕੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਚੋਣਾਂ ਦੇ ਪ੍ਰੀਜ਼ਾਈਡਿੰਗ ਅਫ਼ਸਰ ਦੀ ਨਿਯੁਕਤੀ ਨਾ ਹੋਣ ਕਾਰਨ ਬੀਤੀ ਦੇਰ ਰਾਤ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਵੋਟਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਭਾਜਪਾ ਕੌਂਸਲਰਾਂ ਨੇ ਅੱਜ ਮੇਅਰ ਦੀ ਸੀਟ ਦਾ ਘਿਰਾਓ ਕਰ ਕੇ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ‘ਆਪ’ ਕੌਂਸਲਰਾਂ ਨੇ ਪਹਿਲਾਂ ਨਿਗਮ ਹੈੱਡਕੁਆਰਟਰ ’ਤੇ ਅੰਬੇਡਕਰ ਦੇ ਬੁੱਤ ਕੋਲ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਉਹ ਸਦਨ ਵਿੱਚ ਪਹੁੰਚੇ ਅਤੇ ਵਿਰੋਧੀ ਪਾਰਟੀ ਨੂੰ ‘‘ਦਲਿਤ ਵਿਰੋਧੀ ਭਾਜਪਾ’’ ਕਹਿ ਕੇ ਨਾਅਰੇਬਾਜ਼ੀ ਕਰਦੇ ਰਹੇ। ਇਸ ਤੋਂ ਬਾਅਦ ਮੇਅਰ ਸ਼ੈਲੀ ਓਬਰਾਏ ਸਦਨ ਵਿੱਚ ਪਹੁੰਚੇ, ਜਿਨ੍ਹਾਂ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ’ਤੇ ‘ਸੰਵਿਧਾਨ ਦਾ ਕਤਲ’ ਕਰਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ ਨੂੰ ‘ਬਹਾਨੇ’ ਵਜੋਂ ਵਰਤਣ ਦਾ ਦੋਸ਼ ਲਗਾਇਆ। ਮੇਅਰ ਨੇ ਫਿਰ ਨਿਗਮ ਹਾਊਸ ਦੀ ਮੀਟਿੰਗ ਅਗਲੀ ਮੀਟਿੰਗ ਤੱਕ ਮੁਲਤਵੀ ਕਰ ਦਿੱਤੀ ਅਤੇ ਚਲੇ ਗਏ। ਰਾਜ ਨਿਵਾਸ ਨੇ ਸਕਸੈਨਾ ਵੱਲੋਂ ਜਾਰੀ ਕੀਤੇ ਇੱਕ ਪੱਤਰ ਤੋਂ ਬਾਅਦ ਨਗਰ ਨਿਗਮ ਨੇ ਮੇਅਰ ਚੋਣਾਂ ਨੂੰ ਮੁਲਤਵੀ ਕਰ ਦਿੱਤਾ। ਪੱਤਰ ’ਚ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਦੀ ਗੈਰਹਾਜ਼ਰੀ ਵਿੱਚ ਪ੍ਰੀਜ਼ਾਈਡਿੰਗ ਅਫਸਰ ਦੀ ਨਿਯੁਕਤੀ ਨਹੀਂ ਕੀਤੀ ਜਾ ਸਕਦੀ, ਜੋ ਕਿ ਮਨੀ ਲਾਂਡਰਿੰਗ ਦੇ ਇੱਕ ਮਾਮਲੇ ’ਚ ਤਿਹਾੜ ਜੇਲ੍ਹ ਵਿੱਚ ਬੰਦ ਹਨ। ‘ਆਪ’ ਮੰਤਰੀ ਆਤਿਸ਼ੀ ਨੇ ਦੋਸ਼ ਲਾਇਆ ਕਿ ਭਾਜਪਾ ਦੇ ਇਸ਼ਾਰੇ ’ਤੇ ਚੋਣ ਰੱਦ ਕੀਤੀ ਗਈ ਹੈ। -ਪੀਟੀਆਈ

Advertisement

ਭਾਜਪਾ ਦਲਿਤ ਵਿਰੋਧੀ: ‘ਆਪ’

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਨਗਰ ਨਿਗਮ ਮੇਅਰ ਦੀ ਚੋਣ ਰੱਦ ਹੋਣ ਮਗਰੋਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਭਾਜਪਾ ਉਪਰ ਤਿੱਖਾ ਹਮਲਾ ਬੋਲਿਆ ਹੈ। ‘ਆਪ’ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸਾਂ ਕਰ ਕੇ ਭਾਜਪਾ ਨੂੰ ਕਰਾਰੇ ਹੱਥੀਂ ਲਿਆ। ‘ਆਪ’ ਦੀ ਸੀਨੀਅਰ ਆਗੂ ਅਤੇ ਮੇਅਰ ਡਾ. ਸ਼ੈਲੀ ਓਬਰਾਏ ਨੇ ਕਿਹਾ ਕਿ ਭਾਜਪਾ ਦਲਿਤ ਅਤੇ ਸੰਵਿਧਾਨ ਵਿਰੋਧੀ ਹੈ। ਭਾਜਪਾ ਨੇ ਦਲਿਤ ਨੂੰ ਮੇਅਰ ਬਣਨ ਤੋਂ ਰੋਕਣ ਲਈ ਨਗਰ ਨਿਗਮ ਵਿੱਚ ਚੋਣਾਂ ਨਹੀਂ ਹੋਣ ਦਿੱਤੀਆਂ। ਐੱਮਸੀਡੀ ਇੰਚਾਰਜ ਦੁਰਗੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੇ ਆਪਣੀ ਧੱਕੇਸ਼ਾਹੀ ਦੇ ਜ਼ੋਰ ’ਤੇ ਸੰਵਿਧਾਨ ਵਿੱਚ ਬਦਲਾਅ ਕੀਤੇ ਬਿਨਾਂ ਮੇਅਰ ਦੀ ਚੋਣ ਨਹੀਂ ਹੋਣ ਦਿੱਤੀ।

Advertisement
Author Image

joginder kumar

View all posts

Advertisement
Advertisement
×