For the best experience, open
https://m.punjabitribuneonline.com
on your mobile browser.
Advertisement

ਐਮੀਨੈਂਸ ਸਕੂਲ ’ਚ ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਵੱਲੋਂ ਹੰਗਾਮਾ

10:34 AM Apr 13, 2024 IST
ਐਮੀਨੈਂਸ ਸਕੂਲ ’ਚ ਬੱਚਿਆਂ ਦੇ ਦਾਖ਼ਲੇ ਲਈ ਮਾਪਿਆਂ ਵੱਲੋਂ ਹੰਗਾਮਾ
ਵਿਦਿਆਰਥੀਆਂ ਦੇ ਦਾਖ਼ਲੇ ਲਈ ਸਕੂਲ ਦੇ ਬਾਹਰ ਇਕੱਠੇ ਹੋਏ ਮਾਪੇ।
Advertisement

ਸਤਵਿੰਦਰ ਬਸਰਾ/ਗਗਨਦੀਪ ਅਰੋੜਾ
ਲੁਧਿਆਣਾ, 12 ਅਪਰੈਲ
ਲੁਧਿਆਣਾ ਦੇ ਵਰਧਮਾਨ ਮਿੱਲ ਦੇ ਪਿੱਛੇ ਬਣਾਏ ਗਏ ਐਮੀਨੈਂਸ ਸਕੂਲ ਵਿੱਚ ਦਾਖ਼ਲਿਆਂ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਏਨੀ ਵਧ ਗਈ ਹੈ ਕਿ ਸਕੂਲ ਪ੍ਰਬੰਧਕਾਂ ਲਈ ਸਾਰੇ ਵਿਦਿਆਰਥੀਆਂ ਨੂੰ ਦਾਖ਼ਲ ਕਰਨਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਸਕੂਲ ਵੱਲੋਂ ਲਾਈ ਗਈ ਸੂਚੀ ’ਤੇ ਅੱਜ ਕਈ ਮਾਪਿਆਂ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਅਤੇ ਉਨ੍ਹਾਂ ਵੱਲੋਂ ਹੰਗਾਮਾ ਕੀਤਾ ਗਿਆ। ਡਿਪਟੀ ਡੀਈਓ ਦਾ ਕਹਿਣਾ ਹੈ ਕਿ ਐਮੀਨੈਂਸ ਸਕੂਲ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ ਵਿਦਿਆਰਥੀ ਦਾਖ਼ਲ ਕੀਤੇ ਜਾਣੇ ਹਨ। ਇਹ ਦਾਖ਼ਲੇ ਦਾਖ਼ਲਾ ਪ੍ਰੀਖਿਆ ਦੀ ਮੈਰਿਟ ਅਨੁਸਾਰ ਹੋਣਗੇ।
ਉਕਤ ਐਮੀਨੈਂਸ ਸਕੂਲ ਦਾ ਕੁੱਝ ਮਹੀਨੇ ਪਹਿਲਾਂ ਹੀ ਉਦਘਾਟਨ ਕੀਤਾ ਗਿਆ ਸੀ। ਇਸ ਸਕੂਲ ਵਿੱਚ ਤਾਜਪੁਰ ਰੋਡ ਦੇ ਨੇੜੇ ਮੁਹੱਲਾ ਇੰਦਰਾਪੁਰੀ ਵਿੱਚ ਪਹਿਲਾਂ ਹੀ ਚੱਲਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦਾ ਤਬਾਦਲਾ ਕੀਤਾ ਜਾਣਾ ਸੀ। ਨਵਾਂ ਬਣਿਆ ਸਕੂਲ ਐਮੀਨੈਂਸ ਹੋਣ ਕਰਕੇ 9ਵੀਂ ਤੋਂ 12 ਤੱਕ ਦੇ ਵਿਦਿਆਰਥੀਆਂ ਦਾ ਦਾਖ਼ਲਾ, ਦਾਖ਼ਲਾ ਪ੍ਰੀਖਿਆ ਦੀ ਮੈਰਿਟ ਅਨੁਸਾਰ ਕੀਤਾ ਜਾਣਾ ਹੈ। ਇਹ ਦਾਖ਼ਲਾ ਪ੍ਰੀਖਿਆ ਵੀ ਲਈ ਜਾ ਚੁੱਕੀ ਹੈ। ਪਰ ਦੂਜੇ ਪਾਸੇ ਸਕੂਲ ਵਿੱਚ ਛੋਟੀਆਂ ਜਮਾਤਾਂ ਦੇ ਦਾਖ਼ਲਿਆਂ ਸਬੰਧੀ ਵੀ ਸਕੂਲ ਪ੍ਰਬੰਧਕਾਂ ਵੱਲੋਂ ਆਪਣੇ ਪੱਧਰ ’ਤੇ ਟੈਸਟ ਲਏ ਗਏ ਅਤੇ ਦਾਖ਼ਲਿਆਂ ਸਬੰਧੀ ਤਿਆਰ ਕੀਤੀ ਸੂਚੀ ਸਕੂਲ ਦੇ ਬਾਹਰ ਲਗਾ ਦਿੱਤੀ ਗਈ। ਮਾਪਿਆਂ ਅਨੁਸਾਰ ਇਸ ਸੂਚੀ ਵਿੱਚੋਂ ਕਈ ਅਜਿਹੇ ਬੱਚਿਆਂ ਦੇ ਵੀ ਨਾਂ ਗਾਇਬ ਸਨ ਜੋ ਪਹਿਲਾਂ ਹੀ ਇੰਦਰਾਪੁਰੀ ਸਕੂਲ ਵਿੱਚ ਪੜ੍ਹਦੇ ਆ ਰਹੇ ਹਨ। ਕਈ ਸ਼ਹਿਰ ਦੇ ਮਸ਼ਹੂਰ ਪ੍ਰਾਈਵੇਟ ਸਕੂਲਾਂ ਵਿੱਚੋਂ ਵੀ ਵਿਦਿਆਰਥੀ ਇੱਥੇ ਦਾਖ਼ਲਾ ਲੈਣ ਆਏ ਪਰ ਉਨ੍ਹਾਂ ਨੂੰ ਵੀ ਕਥਿਤ ਬਾਹਰ ਕਰ ਦਿੱਤਾ ਗਿਆ। ਇਸ ਪ੍ਰਤੀ ਵਿਦਿਆਰਥੀਆਂ ਦੇ ਮਾਪਿਆਂ ਨੇ ਰੋਸ ਪ੍ਰਗਟਾਇਆ। ਲੋਕਾਂ ਦਾ ਕਹਿਣਾ ਹੈ ਕਿ ਅੱਜ ਛੇਵੀਂ ਜਮਾਤ ਦਾ ਦਾ ਨਤੀਜਾ ਆਇਆ ਹੈ। ਕਰੀਬ 700 ਬੱਚਿਆਂ ਨੇ ਪੇਪਰ ਦਿੱਤੇ ਸਨ ਪਰ ਸਿਰਫ਼ 20 ਦਾ ਹੀ ਨਾਮ ਦਾਖ਼ਲਾ ਸੂਚੀ ਵਿੱਚ ਆਇਆ ਹੈ। ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਸਕੂਲ ਵਿੱਚ ਦਾਖ਼ਲਾ ਨਹੀਂ ਮਿਲ ਰਿਹਾ। ਉਹ ਸਵੇਰ ਤੋਂ ਲਾਈਨ ’ਚ ਖੜ੍ਹੇ ਹਾਂ। ਉਧਰ, ਡਿਪਟੀ ਡੀਈਓ ਜਸਵਿੰਦਰ ਸਿੰਘ ਨੇ ਕਿਹਾ ਕਿ ਐਮੀਨੈਂਸ ਸਕੂਲ ਵਿੱਚ ਦਾਖ਼ਲਾ ਪ੍ਰੀਖਿਆ ਦੀ ਮੈਰਿਟ ਅਨੁਸਾਰ 9ਵੀਂ ਤੋਂ 12ਵੀਂ ਤੱਕ ਦੀਆਂ ਜਮਾਤਾਂ ਲੱਗਣਗੀਆਂ ਜਦਕਿ ਛੋਟੀਆਂ ਜਮਾਤਾਂ ਦੀ ਪੜ੍ਹਾਈ ਬਾਕੀ ਸਰਕਾਰੀ ਸਕੂਲਾਂ ਵਾਂਗ ਹੀ ਹੋਵੇਗੀ।

Advertisement

ਮਾਪਿਆਂ ਨੂੰ ਅਨੁਸ਼ਾਸਨ ਵਿੱਚ ਰਹਿਣਾ ਚਾਹੀਦਾ ਹੈ: ਪ੍ਰਿੰਸੀਪਲ

ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਕਿਹਾ ਕਿ ਸਕੂਲ ਨਵਾਂ ਹੋਣ ਕਾਰਨ ਮਾਪਿਆਂ ’ਚ ਬੱਚੇ ਦਾਖ਼ਲ ਕਰਵਾਉਣ ਲਈ ਭਾਰੀ ਉਤਸ਼ਾਹ ਹੈ। ਪਿਛਲੇ ਚਾਰ ਦਿਨਾਂ ਤੋਂ ਸਕੂਲ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਰਹੀ ਹੈ। ਰੋਜ਼ਾਨਾ 20 ਤੋਂ 30 ਬੱਚਿਆਂ ਦਾ ਦਾਖ਼ਲਾ ਕੀਤਾ ਜਾ ਰਿਹਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੂੰ ਅਨੁਸ਼ਾਸ਼ਨ ’ਚ ਰਹਿਣਾ ਚਾਹੀਦਾ ਹੈ। ਸਕੂਲ ’ਚ ਕੁੱਲ 160 ਸੀਟਾਂ ਹਨ। ਫਿਰ ਵੀ ਵੱਧ ਤੋਂ ਵੱਧ 220 ਬੱਚੇ ਹੀ ਸਕੂਲ ਦਾਖ਼ਲ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਕਿ ਸਕੂਲ ’ਚ ਐਂਟਰੀ ਟੈਸਟ ਪਾਸ ਹੋਣ ’ਤੇ ਹੀ ਵਿਦਿਆਰਥੀਆਂ ਦਾ ਦਾਖ਼ਲਾ ਹੋਵੇਗਾ। ਕਈ ਪਰਿਵਾਰ ਵਾਲੇ ਰਜਿਸਟ੍ਰੇਸ਼ਨ ਭਰਨ ਨੂੰ ਹੀ ਦਾਖਲਾ ਸਮਝ ਕੇ ਰੌਲਾ ਪਾ ਰਹੇ ਹਨ। ਪ੍ਰਿੰਸੀਪਲ ਮੁਤਾਬਕ, ਫਿਲਹਾਲ ਸਟਾਫ਼ ਨੂੰ ਇਹੀ ਕਿਹਾ ਹੈ ਕਿ ਜਲਦੀ ਤੋਂ ਜਲਦੀ ਜਿੰਨ੍ਹਾਂ ਬੱਚਿਆਂ ਦਾ ਨਾਮ ਸੂਚੀ ਵਿੱਚ ਆਇਆ ਹੈ, ਉਨ੍ਹਾਂ ਨੂੰ ਦਾਖਲਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

Advertisement
Author Image

joginder kumar

View all posts

Advertisement
Advertisement
×