For the best experience, open
https://m.punjabitribuneonline.com
on your mobile browser.
Advertisement

ਚਾਂਗਲੀ, ਦੀਦਾਰਗੜ੍ਹ ਤੇ ਕਲੇਰਾਂ ’ਚ ਵੋਟਾਂ ਦੀ ਗਿਣਤੀ ਮੌਕੇ ਹੰਗਾਮਾ

06:33 AM Oct 17, 2024 IST
ਚਾਂਗਲੀ  ਦੀਦਾਰਗੜ੍ਹ ਤੇ ਕਲੇਰਾਂ ’ਚ ਵੋਟਾਂ ਦੀ ਗਿਣਤੀ ਮੌਕੇ ਹੰਗਾਮਾ
ਸਰਕਾਰੀ ਕਾਲਜ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਨੰਗਲ ਵਾਸੀ। -ਫੋਟੋ: ਜੈਦਕਾ
Advertisement

ਬੀਰਬਲ ਰਿਸ਼ੀ
ਸ਼ੇਰਪੁਰ, 16 ਅਕਤੂਬਰ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡ ਚਾਂਗਲੀ, ਦੀਦਾਰਗੜ੍ਹ ਅਤੇ ਕਲੇਰਾਂ ’ਚ ਬੀਤੀ ਦੇਰ ਰਾਤ ਤੱਕ ਹੋਏ ਭਾਰੀ ਹੰਗਾਮਿਆਂ ਕਾਰਨ ਪੋਲਿੰਗ ਪਾਰਟੀਆਂ ’ਚ ਸ਼ਾਮਲ ਮਹਿਲਾਵਾਂ ਸਮੇਤ ਪੂਰੇ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੋਲਿੰਗ ਸਟੇਸ਼ਨਾਂ ਅੱਗੇ ਲਗਾਏ ਗਏ ਧਰਨਿਆਂ ਮਗਰੋਂ ਪੁਲੀਸ ਬਲ ਨੇ ਆ ਕੇ ਮਾਹੌਲ ਕਾਬੂ ਕੀਤਾ।
ਪਿੰਡ ਚਾਂਗਲੀ ਵਿੱਚ ‘ਆਪ’ ਕਿਸਾਨ ਵਿੰਗ ਦੇ ਆਗੂ ਦਰਸ਼ਨ ਸਿੰਘ ਦੀ ਪਤਨੀ ਸੁਖਵੀਰ ਕੌਰ ਨੂੰ ਦੋ ਵੋਟਾਂ ’ਤੇ ਜੇਤੂ ਕਰਾਰ ਦੇਣ ਮਗਰੋਂ ਉਹ ਧਿਰ ਜਸ਼ਨ ਮਨਾਉਂਦੀ ਹੋਈ ਚਲੀ ਗਈ ਪਰ ਦੂਜੀ ਧਿਰ ਦੇ ਸਮਰਥਕਾਂ ਨੇ ਪੋਲਿੰਗ ਸਟੇਸ਼ਨ ਚਾਂਗਲੀ ਅੱਗੇ ਧਰਨਾ ਲਾ ਕੇ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਸਮਰਥਕਾਂ ਨੇ ਆਪਣੇ ਧਿਰ ਦੀ ਉਮੀਦਵਾਰ ਬੀਬੀ ਨੂੰ ਜੇਤੂ ਦੱਸਦਿਆਂ ਗਲ ਵਿੱਚ ਹਾਰ ਪਾਏ ਅਤੇ ਉੱਚ ਅਦਾਲਤ ਜਾਣ ਦੀ ਗੱਲ ਕਹੀ। ਪਿੰਡ ਦੀਦਾਰਗੜ੍ਹ ਵਿੱਚ ਚੋਣਾਂ ਦਾ ਨਤੀਜਾ ਐਲਾਨੇ ਜਾਣ ਮਗਰੋਂ ਇੱਕ ਧਿਰ ਨੇ ਆਪਣੇ ਨਾਲ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਸਕੂਲ ਅੱਗੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ, ਜਿਸ ਮਗਰੋਂ ਦੋ ਵਾਰ ਗਿਣਤੀ ਕਰਵਾ ਕੇ ਪਾਰਟੀਆਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਾਹੌਲ ਸ਼ਾਂਤ ਨਾ ਹੋ ਸਕਿਆ। ਦੇਰ ਰਾਤ ਐੱਸਐੱਚਓ ਬਲਵੰਤ ਸਿੰਘ ਬਲਿੰਗ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ। ਉੱਧਰ ਪਿੰਡ ਕਲੇਰਾਂ ਵਿੱਚ ‘ਆਪ’ ਆਗੂ ਤੇ ਉਮੀਦਵਾਰ ਭਲਿੰਦਰ ਸਿੰਘ ਵੋਟਾਂ ਦੀ ਗਿਣਤੀ ’ਚ ਸ਼ਾਮਲ ਨਹੀਂ ਹੋਏ। ਇਸ ਘਟਨਾਕ੍ਰਮ ਵਿਰੁੱਧ ਉਸ ਨੇ ਉੱਚ ਅਦਾਲਤ ਜਾਣ ਤੋਂ ਇਲਾਵਾ 17 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ‘ਆਪ’ ਦੇ ਕੁੱਝ ਆਗੂਆਂ ਵੱਲੋਂ ਪਾਰਟੀ ਵਿਰੋਧੀ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਵਿਰੁੱਧ ਸ਼ਿਕਾਇਤ ਕਰਨ ਦਾ ਖੁਲਾਸਾ ਕੀਤਾ। ਉਧਰ ਬਾਬਾ ਜਗਜੀਤ ਸਿੰਘ ਕਲੇਰਾਂ ਨੇ ਦਾਅਵਾ ਕੀਤਾ ਹੈ ਕਿ ਪ੍ਰਸ਼ਾਸਨ ਵੱਲੋਂ ਉਸ ਨੂੰ ਜਿੱਤ ਦਾ ਸਰਟੀਫਿਕੇਟ ਮਿਲ ਗਿਆ ਹੈ।

Advertisement

ਪਿੰਡ ਨੰਗਲ ਵਾਸੀਆਂ ਵੱਲੋਂ ਵੋਟਾਂ ਦੀ ਗਿਣਤੀ ਸਹੀ ਨਾ ਹੋਣ ਦਾ ਦੋਸ਼

ਅਮਰਗੜ੍ਹ (ਪੱਤਰ ਪ੍ਰੇਰਕ): ਪਿੰਡ ਨੰਗਲ ਦੇ ਲੋਕਾਂ ਨੇ ਸਰਪੰਚ ਦੀ ਚੋਣ ਵੇਲੇ ਘਪਲੇਬਾਜ਼ੀ ਹੋਣ ਦਾ ਦੋਸ਼ ਲਾਉਂਦਿਆਂ ਬੀਤੀ ਰਾਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਇਸ ਘਪਲੇਬਾਜ਼ੀ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਹੈ ਕਿ ਪਿੰਡ ਵਿੱਚ ਪਈਆਂ ਵੋਟਾਂ ਦੀ ਗਿਣਤੀ ਚੋਣ ਅਮਲੇ ਵੱਲੋਂ ਸਹੀ ਢੰਗ ਨਾਲ ਨਹੀਂ ਕੀਤੀ ਗਈ ਹੈ। ਇਸ ਮੌਕੇ ਚੋਣ ਅਧਿਕਾਰੀ ਐੱਸਡੀਐੱਮ ਸੁਰਿੰਦਰ ਕੌਰ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਰਾਜਿੰਦਰ ਸਿੰਘ ਟੀਨਾ, ਕਮਿੱਕਰ ਸਿੰਘ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਕੌਰ ਧਾਲੀਵਾਲ, ਸੁਖਵਿੰਦਰ ਕੌਰ, ਮਨਪ੍ਰੀਤ ਸਿੰਘ, ਕਰਮ ਸਿੰਘ, ਗੁਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਰਾਜਦੀਪ ਸਿੰਘ, ਮਲਕੀਤ ਸਿੰਘ, ਬਲਜਿੰਦਰ ਕੌਰ, ਜਸਪਾਲ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement