ਕਟਾਰੂਚੱਕ ਦੀ ਮੀਟਿੰਗ ਦੇ ਬਾਹਰ ਟਰਾਂਸਪੋਰਟਰਾਂ ਵੱਲੋਂ ਹੰਗਾਮਾ
ਗਗਨਦੀਪ ਅਰੋੜਾ
ਲੁਧਿਆਣਾ, 3 ਅਗਸਤ
ਇਥੋਂ ਦੇ ਬੱਚਤ ਭਵਨ ’ਚ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਮੀਟਿੰਗ ਬਾਹਰ ਟਰਾਂਸਪੋਰਟਰਾਂ ਨੇ ਹੰਗਾਮਾ ਕੀਤਾ। ਉਨ੍ਹਾਂ ਆਰਟੀਏ ’ਤੇ ਜਾਇਜ਼ ਕੰਮ ਨਾ ਕਰਨ ਦੇ ਦੋਸ਼ ਲਾਉਂਦਿਆਂ ਉਸ ਦੀ ਬਦਲੀ ਦੀ ਮੰਗ ਕੀਤੀ। ਟਰਾਂਸਪੋਰਟਰਾਂ ਵੱਲੋਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਪੁਲੀਸ ਤੇ ਅਧਿਕਾਰੀਆਂ ਨੇ ਟਰਾਂਸਪੋਰਟਰਾਂ ਨੂੰ ਸ਼ਾਂਤ ਕਰਵਾਇਆ।
ਟਰਾਂਸਪੋਰਟਰਾਂ ਦੇ ਵਿਰੋਧ ਕਾਰਨ ਵਿਧਾਇਕ ਮਦਨ ਲਾਲ ਬੱਗਾ ਮੀਟਿੰਗ ਛੱਡ ਕੇ ਪ੍ਰਦਰਸ਼ਨਕਾਰੀਆਂ ਕੋਲ ਪੁੱਜੇ। ਇਸ ਦੌਰਾਨ ਸਕੂਲ ਬੱਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਆਰਟੀਏ ਦਫ਼ਤਰ ’ਚ ਭ੍ਰਿਸ਼ਟਾਚਾਰ ਜ਼ੋਰਾਂ ’ਤੇ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹਨ। ਉਨ੍ਹਾਂ ਦੇ ਕੰਮਾਂ ਵਿਚ ਜਾਣਬੁੱਝ ਕੇ ਦੇਰੀ ਕੀਤੀ ਜਾਂਦੀ ਹੈ। ਉਨ੍ਹਾਂ ਨਵੀਂ ਬੱਸ ਖਰੀਦੀ ਤੇ ਗੱਡੀ ਪਾਸ ਕਰਵਾਉਣ ਲਈ ਗਏ ਤਾਂ ਆਰਟੀਏ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਗੱਡੀ ’ਚ ਜੀਪੀਐਸ ਨਹੀਂ ਹੈ ਜਦੋਂ ਕਿ ਗੱਡੀ ’ਚ ਦੋ ਜੀਪੀਐਸ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਰਟੀਏ ਨੂੰ ਕੰਪਨੀ ਦੇ ਬਿੱਲ ਵੀ ਦਿਖਾਏ ਪਰ ਫਿਰ ਵੀ ਆਰਟੀਏ ਨਹੀਂ ਮੰਨੀ। ਟਰਾਂਸਪੋਰਟਰਾਂ ਨੇ ਮੰਗ ਕੀਤੀ ਕਿ ਆਰਟੀਏ ਦਾ ਇੱਥੋਂ ਤਬਾਦਲਾ ਕੀਤਾ ਜਾਏ ਕਿਉਂਕਿ ਉਹ ਲੋਕਾਂ ਨਾਲ ਧੱਕਾ ਕਰ ਰਹੀ ਹੈ। ਉਧਰ, ਆਰਟੀਏ ਪੂਨਮਪ੍ਰੀਤ ਕੌਰ ਨੇ ਕਿਹਾ ਕਿ ਜੋ ਲੋਕ ਪ੍ਰਦਰਸ਼ਨ ਕਰ ਰਹੇ ਹਨ, ਉਹ ਏਜੰਟ ਹਨ। ਉਨ੍ਹਾਂ ਦੇ ਦਫ਼ਤਰ ’ਚ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਂਦੀ।
ਕੈਬਨਿਟ ਮੰਤਰੀ ਵੱਲੋਂ ਪ੍ਰਾਜੈਕਟਾਂ ਦੀ ਸਮੀਖਿਆ
ਲੁਧਿਆਣਾ ’ਚ ਮੀਟਿੰਗ ਕਰਦਿਆਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਜ਼ਿਲ੍ਹੇ ਭਰ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ ਤੇ ਸਾਰੇ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਪੂਰੇ ਸੂਬੇ ਵਿੱਚ 1.25 ਕਰੋੜ ਤੋਂ ਵੱਧ ਬੂਟੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬੁੱਢਾ ਦਰਿਆ ਵਿੱਚ ਕੁੱਲ 765 ਐਮ.ਐਲ.ਡੀ. ਵੇਸਟ ਛੱਡਿਆ ਜਾ ਰਿਹਾ ਹੈ ਜਿਸ ਵਿੱਚ ਘਰੇਲੂ ਅਤੇ ਉਦਯੋਗਿਕ ਰਹਿੰਦ-ਖੂੰਹਦ ਵੀ ਸ਼ਾਮਲ ਹੈ। ਮੌਜੂਦਾ ਸੀਵਰੇਜ ਟਰੀਟਮੈਂਟ ਪਲਾਂਟਾਂ ਨੂੰ ਅਪਗ੍ਰੇਡ ਕਰਨ ਨਾਲ ਵੱਧ ਰਹਿੰਦ-ਖੂੰਹਦ ਨੂੰ ਸੋਧਿਆ ਜਾਵੇਗਾ। ਆਮ ਆਦਮੀ ਕਲੀਨਿਕਾਂ ਦੇ ਕੰਮਕਾਜ ਦਾ ਜਾਇਜ਼ਾ ਲੈਂਦਿਆਂ ਕਟਾਰੂਚੱਕ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਫੇਜ਼-1 ਅਤੇ ਫੇਜ਼-2 ਅਧੀਨ ਕੁੱਲ 46 ਕਲੀਨਿਕ ਸਥਾਪਤ ਕੀਤੇ ਗਏ ਹਨ ਜਦੋਂਕਿ ਲੁਧਿਆਣਾ ਜ਼ਿਲ੍ਹੇ ਵਿੱਚ ਅਗਲੇ ਪੜਾਅ ਤਹਿਤ 31 ਨਵੇਂ ਕਲੀਨਿਕਾਂ ਦੀ ਤਜਵੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨਿਕ ਲੋਕਾਂ ਨੂੰ ਮੁਫਤ ਓ.ਪੀ.ਡੀ. ਅਤੇ ਲੈਬ ਟੈਸਟਿੰਗ ਸਹੂਲਤਾਂ ਨਾਲ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਹੁਲਾਰਾ ਦੇਣਗੇ।