ਯੂਪੀਏ ਸਰਕਾਰ ਨੇ ਆਪਣੇ ਘੁਟਾਲੇ ਛੁਪਾਉਣ ਲਈ ਝੂਠ ਦਾ ਸਹਾਰਾ ਲਿਆ: ਮੋਦੀ
ਨਵੀਂ ਦਿੱਲੀ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਪਹਿਲਾਂ ਲੋਕ ਸਵਾਲ ਕਰਦੇ ਸਨ ਕਿ ਸੀਬੀਆਈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ ਤਾਕਤਵਰ ਲੋਕਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੀਆਂ ਹਨ ਜਦਕਿ ਹੁਣ ਉਹ ਤਾਕਤਵਰ ਅਤੇ ਭ੍ਰਿਸ਼ਟ ਲੋਕ ਸਵਾਲ ਕਰ ਰਹੇ ਹਨ ਕਿ ਏਜੰਸੀਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਕਰ ਰਹੀਆਂ ਹਨ।
ਸ੍ਰੀ ਮੋਦੀ ਨੇ ‘ਨਿਊਜ਼ 18’ ਸਮੂਹ ਦੇ ਸੰਮੇਲਨ ਵਿੱਚ ਵਿਰੋਧੀ ਧਿਰ ਦੇ ਆਗੂਆਂ ’ਤੇ ਸਪੱਸ਼ਟ ਤੌਰ ’ਤੇ ਤਨਜ਼ ਕੱਸਿਆ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ’ਤੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਰਗੀਆਂ ਪਾਰਟੀਆਂ ਦੇ ਆਗੂਆਂ ਕੋਲੋਂ ਵੱਡੀ ਪੱਧਰ ’ਤੇ ਨਕਦੀ ਦੀ ਬਰਾਮਦਗੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਉਨ੍ਹਾਂ ਦੀ ਸਰਕਾਰ ਦੀ ਸਖ਼ਤ ਕਾਰਵਾਈ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਾਲ੍ਹਾਂ ਨਾਲ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਉਨ੍ਹਾਂ ਨੂੰ ਗ਼ਰੀਬਾਂ ਦਾ ਆਸ਼ੀਰਵਾਦ ਮਿਲ ਰਿਹਾ ਹੈ ਜਿਨ੍ਹਾਂ ਨੂੰ ਸਾਰੇ ਲਾਭ ਪ੍ਰਾਪਤ ਹੋ ਰਹੇ ਹਨ ਜਦਕਿ ਪਿਛਲੇ ਸਮੇਂ ਵਿੱਚ ਭਲਾਈ ਲਈ ਨਿਰਧਾਰਤ ਫੰਡ ਦੇ ਵੱਡੇ ਦਾ ਹਿੱਸੇ ਦਾ ਘੁਟਾਲਾ ਕਰ ਲਿਆ ਜਾਂਦਾ ਸੀ।
ਮੋਦੀ ਨੇ ਕਿਹਾ ਕਿ 2014 ਤੋਂ ਪਹਿਲਾਂ ਸਰਕਾਰ ਆਪਣੇ ‘ਘੁਟਾਲਿਆਂ’ ਨੂੰ ਢਕਣ ਲਈ ਝੂਠ ਦਾ ਸਹਾਰਾ ਲੈਂਦੀ ਸੀ ਪਰ ਹੁਣ ਸਥਿਤੀ ਉਲਟ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰੀ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਕਾਰਵਾਈ ਕਰਨਾ ਉਨ੍ਹਾਂ ਦੀ ਵਚਨਬੱਧਤਾ ਹੈ। ਉਨ੍ਹਾਂ ‘ਫਿਰ ਏਕ ਬਾਰ, ਮੋਦੀ ਸਰਕਾਰ’ ਦੇ ਨਾਅਰੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਦੇਸ਼ ਨੇ ਆਪਣਾ ਮਨ ਬਣਾ ਲਿਆ ਹੈ।’’ ਵਿਰੋਧੀ ਪਾਰਟੀਆਂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੀ ਸਰਕਾਰ ਅਗਲੇ 25 ਸਾਲਾਂ ਲਈ ‘ਰੋਡਮੈਪ’ ਤਿਆਰ ਕਰਨ ਅਤੇ ਆਪਣੇ ਤੀਜੇ ਕਾਰਜਕਾਲ ਤੋਂ ਪਹਿਲਾਂ 100 ਦਿਨਾਂ ਦੀ ਯੋਜਨਾ ਬਣਾਉਣ ਵਿੱਚ ਰੁਝੀ ਹੋਈ ਹੈ, ਉਧਰ ਵਿਰੋਧੀ ਧਿਰ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀਆਂ ਉਨ੍ਹਾਂ ਟਿੱਪਣੀਆਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਅਤੇ ਉਨ੍ਹਾਂ ਦੀ ਤੁਲਨਾ ਮੁਗ਼ਲ ਸਮਰਾਟ ਔਰੰਗਜ਼ੇਬ ਨਾਲ ਕੀਤੀ ਗਈ। ਮੋਦੀ ਨੇ ਕਿਹਾ ਕਿ ਇਹ ਸਭ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਚੋਣਾਂ ਸਿਰ ’ਤੇ ਹਨ। -ਪੀਟੀਆਈ