UP: Violence in Etah: ਯੂਪੀ: ਦਰਗਾਹ ਦੇ ਨੇੜੇ ਉਸਾਰੀ ਦਾ ਵਿਰੋਧ ਕਰਨ ਤੋਂ ਬਾਅਦ ਹਿੰਸਾ ਭੜਕੀ
ਏਟਾ (ਯੂਪੀ), 25 ਨਵੰਬਰ
ਇੱਥੋਂ ਦੇ ਜਲਸਰ ਦੀ ਇਕ ਦਰਗਾਹ ਨੇੜੇ ਇੱਕ ਨਿੱਜੀ ਜ਼ਮੀਨ ਦੇ ਪਲਾਟ ’ਤੇ ਕੀਤੀ ਜਾ ਰਹੀ ਉਸਾਰੀ ਦਾ ਲੋਕਾਂ ਦੇ ਇੱਕ ਸਮੂਹ ਵੱਲੋਂ ਵਿਰੋਧ ਕਰਨ ਤੋਂ ਬਾਅਦ ਦੋ ਧਿਰਾਂ ਦਰਮਿਆਨ ਹਿੰਸਕ ਝੜਪ ਹੋਈ। ਅਧਿਕਾਰੀਆਂ ਨੇ ਕਿਹਾ ਕਿ ਇਹ ਥਾਂ ਵਕਫ ਬੋਰਡ ਦੀ ਸੰਪਤੀ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ ਵਾਪਰੀ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ ਅਤੇ ਜਾਇਦਾਦ ਨੂੰ ਕਾਫੀ ਨੁਕਸਾਨ ਪਹੁੰਚਿਆ। ਪੁਲੀਸ ਨੇ ਇਸ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ 16 ਸ਼ੱਕੀਆਂ ਅਤੇ 150 ਦੇ ਕਰੀਬ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਇਹ ਝੜਪ ਉਦੋਂ ਹੋਈ ਜਦੋਂ ਕਥਿਤ ਤੌਰ ’ਤੇ ਰਫੀਕ ਦੀ ਅਗਵਾਈ ਵਾਲੇ ਵਿਅਕਤੀਆਂ ਨੇ ਅਨਿਲ ਕੁਮਾਰ ਉਪਾਧਿਆਏ ਅਤੇ ਹੋਰਾਂ ਦੀ ਮਾਲਕੀ ਵਾਲੀ ਜ਼ਮੀਨ ਦੇ ਪਲਾਟ ’ਤੇ ਉਸਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਪੁਲੀਸ ਨੇ ਕਿਹਾ ਕਿ ਇਸ ਜ਼ਮੀਨ ਨੂੰ ਵਕਫ਼ ਬੋਰਡ ਦੀ ਜਾਇਦਾਦ ਦੱਸਿਆ ਜਾ ਰਿਹਾ ਹੈ ਤੇ ਇਕੱਠੇ ਹੋਏ ਲੋਕਾਂ ਨੇ ਚਾਰਦੀਵਾਰੀ ਨੂੰ ਢਾਹ ਦਿੱਤਾ ਤੇ ਇੱਕ ਦਰਜਨ ਤੋਂ ਵੱਧ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਪਥਰਾਅ ਕੀਤਾ। ਸਬ-ਡਿਵੀਜ਼ਨਲ ਮੈਜਿਸਟਰੇਟ (ਐਸਡੀਐਮ) ਵਿਪਨ ਕੁਮਾਰ ਮੌਰਲ ਨੇ ਕਿਹਾ ਕਿ ਇਹ ਜ਼ਮੀਨ ਵਿਵਾਦਿਤ ਹੈ ਜਿਸ ਦਾ ਸਰਵੇਖਣ ਨੰਬਰ 3181 ਤੋਂ 3192 ਹੈ ਤੇ ਇਹ ਨਿੱਜੀ ਜੱਦੀ ਜਾਇਦਾਦ ਹੈ, ਜਿਸ ਦੀ ਪੁਸ਼ਟੀ ਦਰਗਾਹ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਮਾਲ ਰਿਕਾਰਡ ਅਤੇ ਪਹਿਲਾਂ ਦੀ ਹੱਦਬੰਦੀ ਵਲੋਂ ਕੀਤੀ ਗਈ ਹੈ।" ਏਟਾ ਦੇ ਸੀਨੀਅਰ ਪੁਲੀਸ ਕਪਤਾਨ (ਐਸਐਸਪੀ) ਸ਼ਿਆਮ ਨਰਾਇਣ ਸਿੰਘ ਨੇ ਕਿਹਾ ਕਿ ਪੁਲੀਸ ਨੇ ਸਥਿਤੀ ਨੂੰ ਕਾਬੂ ਵਿਚ ਕਰਨ ਲਈ ਤੁਰੰਤ ਕਾਰਵਾਈ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਅੱਜ ਇਸ ਘਟਨਾ ਦੇ ਮਾਸਟਰਮਾਈਂਡ ਰਫੀਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਫਰਮਾਨ ਉਰਫ਼ ਬੰਟੀ ਅਤੇ ਰਫ਼ੀਕ ਪੁੱਤਰ ਅਬਦੁਲ ਲਤੀਫ਼ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਨੂੰ ਵੀ ਕਾਨੂੰਨ ਅਤੇ ਵਿਵਸਥਾ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।