ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਣਕ ਦੇ ਭਾਅ ’ਚ 75 ਰੁਪਏ ਤੱਕ ਦਾ ਉਛਾਲ

06:51 AM Apr 19, 2024 IST
ਜਲੰਧਰ ਦੀ ਮੰਡੀ ’ਚ ਕਣਕ ਸਾਫ਼ ਕਰਦੇ ਹੋਏ ਮਜ਼ਦੂਰ। -ਫੋਟੋ: ਸਰਬਜੀਤ ਿਸੰਘ

ਚਰਨਜੀਤ ਭੁੱਲਰ
ਚੰਡੀਗੜ੍ਹ, 18 ਅਪਰੈਲ
ਪੰਜਾਬ ਵਿਚ ਕਣਕ ਦੀ ਪ੍ਰਾਈਵੇਟ ਖ਼ਰੀਦ ਦੇ ਮੁੱਢਲੇ ਰੁਝਾਨ ਕਿਸਾਨਾਂ ਦਾ ਢਾਰਸ ਬੰਨ੍ਹਣ ਵਾਲੇ ਹਨ ਕਿਉਂਕਿ ਕਈ ਮੰਡੀਆਂ ਵਿਚ ਕਣਕ ਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ਤੋਂ 75 ਰੁਪਏ ਪ੍ਰਤੀ ਕੁਇੰਟਲ ਤੱਕ ਵੱਧ ਭਾਅ ’ਤੇ ਵਿਕੀ ਹੈ। ਕਿਸਾਨਾਂ ਨੂੰ ਔਸਤਨ 50 ਰੁਪਏ ਪ੍ਰਤੀ ਕੁਇੰਟਲ ਕਣਕ ਦਾ ਭਾਅ ਉੱਚਾ ਮਿਲ ਰਿਹਾ ਹੈ। ਪ੍ਰਾਈਵੇਟ ਵਪਾਰੀ ਦਾ ਇਹੋ ਰੁਝਾਨ ਰਿਹਾ ਤਾਂ ਕਿਸਾਨਾਂ ਨੂੰ ਕੁਝ ਮੁਨਾਫਾ ਜ਼ਰੂਰ ਮਿਲੇਗਾ।
ਕੌਮਾਂਤਰੀ ਬਾਜ਼ਾਰ ਵਿਚ ਕਣਕ ਦੀ ਮੰਗ ਇਸ ਵਾਰ ਜ਼ਿਆਦਾ ਹੈ। ਚੋਣਾਂ ਵਾਲਾ ਵਰ੍ਹਾ ਹੋਣ ਕਰਕੇ ਕਰੀਬ 80 ਕਰੋੜ ਲੋਕਾਂ ਨੂੰ ਪੰਜ ਕਿੱਲੋ ਮੁਫ਼ਤ ਰਾਸ਼ਨ ਵੀ ਦਿੱਤਾ ਜਾ ਰਿਹਾ ਹੈ। ਗੁਦਾਮਾਂ ’ਚੋਂ ਕਣਕ ਦੇ ਭੰਡਾਰ ਮੁੱਕਣ ਲੱਗੇ ਹਨ। ਚਾਰੇ ਪਾਸੇ ਕਣਕ ਦੀ ਵੁੱਕਤ ਪੈ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਵਪਾਰੀ ਵੀ ਮੁੱਢਲੇ ਪੜਾਅ ’ਤੇ ਹੀ ਉੱਚੇ ਭਾਅ ’ਤੇ ਕਣਕ ਖ਼ਰੀਦ ਰਹੇ ਹਨ। ਪੰਜਾਬ ਮੰਡੀ ਬੋਰਡ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜਲੰਧਰ ਜ਼ਿਲ੍ਹੇ ਵਿਚ ਕਣਕ ਪ੍ਰਤੀ ਕੁਇੰਟਲ 2350 ਰੁਪਏ ਤੱਕ ਵਿਕ ਗਈ ਹੈ ਜਦਕਿ ਮੁਹਾਲੀ ਜ਼ਿਲ੍ਹੇ ਵਿਚ ਕਣਕ ਦਾ ਭਾਅ 2330 ਰੁਪਏ ਪ੍ਰਤੀ ਕੁਇੰਟਲ ਤੱਕ ਰਿਹਾ ਹੈ। ਪ੍ਰਾਈਵੇਟ ਵਪਾਰੀਆਂ ਨੇ ਜ਼ਿਲ੍ਹਾ ਫ਼ਾਜ਼ਿਲਕਾ ਵਿਚ 2311 ਰੁਪਏ ਪ੍ਰਤੀ ਕੁਇੰਟਲ ਅਤੇ ਹੁਸ਼ਿਆਰਪੁਰ ਵਿਚ 2305 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਖ਼ਰੀਦੀ ਹੈ। ਕਣਕ ਦਾ ਸਰਕਾਰੀ ਭਾਅ 2275 ਰੁਪਏ ਪ੍ਰਤੀ ਕੁਇੰਟਲ ਹੈ। ਪੰਜਾਬ ਵਿਚ ਕਣਕ ਦੀ 161.31 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦੀ ਆਸ ਹੈ ਅਤੇ ਇਸ ’ਚੋਂ 132 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਸੰਭਾਵਨਾ ਹੈ। ਬਠਿੰਡਾ ਮੰਡੀ ਦੇ ਇੱਕ ਆੜ੍ਹਤੀਏ ਨੇ ਦੱਸਿਆ ਕਿ ਪ੍ਰਾਈਵੇਟ ਵਪਾਰੀ 2350 ਰੁਪਏ ਪ੍ਰਤੀ ਕੁਇੰਟਲ ਦਾ ਭਾਅ ਦੇ ਰਹੇ ਹਨ ਅਤੇ ਪਿਛਲੇ ਵਰ੍ਹੇ ਨਾਲੋਂ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਪੰਜਾਬ ਦੀਆਂ ਮੰਡੀਆਂ ਵਿਚ ਹੁਣ ਤੱਕ 7.02 ਲੱਖ ਮੀਟਰਿਕ ਟਨ ਕਣਕ ਪੁੱਜੀ ਹੈ ਜਿਸ ’ਚੋਂ ਇਕੱਲੇ ਅੱਜ ਦੇ ਦਿਨ ਵਿਚ 5.53 ਲੱਖ ਮੀਟਰਿਕ ਟਨ ਕਣਕ ਪਹੁੰਚ ਗਈ ਹੈ। ਕਰੀਬ 67 ਫ਼ੀਸਦੀ ਫ਼ਸਲ ਖ਼ਰੀਦ ਕੀਤੀ ਜਾ ਚੁੱਕੀ ਹੈ ਜਿਸ ’ਚੋਂ ਪ੍ਰਾਈਵੇਟ ਵਪਾਰੀਆਂ ਨੇ 50,973 ਮੀਟਰਿਕ ਟਨ ਕਣਕ ਖ਼ਰੀਦੀ ਹੈ। ਬਰਨਾਲਾ ਦੇ ਪਿੰਡ ਢਿੱਲਵਾਂ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਮੌਸਮ ਨੇ ਕਿਸਾਨ ਡਰਾ ਦਿੱਤੇ ਹਨ ਜਿਸ ਕਰਕੇ ਉਹ ਫ਼ਸਲ ਦੀ ਅਗੇਤੀ ਵਾਢੀ ਵੀ ਕਰਨ ਲੱਗੇ ਹਨ। ਪਟਿਆਲਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 1.51 ਲੱਖ ਮੀਟਰਿਕ ਟਨ ਕਣਕ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਜਦਕਿ ਸੰਗਰੂਰ ਜ਼ਿਲ੍ਹੇ ’ਚ 1.33 ਲੱਖ ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਵਿੱਚ 1.04 ਲੱਖ ਮੀਟਰਿਕ ਟਨ ਤੇ ਫ਼ਰੀਦਕੋਟ ਜ਼ਿਲ੍ਹੇ ਵਿਚ 52,750 ਮੀਟਰਿਕ ਟਨ ਕਣਕ ਪਹੁੰਚੀ ਹੈ। ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਚੀਮਾ ਆਖਦੇ ਹਨ ਕਿ ਫਲੋਰ ਮਿੱਲਾਂ ਵਾਲੇ ਐਤਕੀਂ ਮੁੱਢਲੇ ਪੜਾਅ ’ਤੇ ਆਪਣਾ ਭੰਡਾਰ ਰੱਖਣਾ ਚਾਹੁੰਦੇ ਹਨ ਅਤੇ ਉਹ ਉੱਚੇ ਭਾਅ ’ਤੇ ਫ਼ਸਲ ਖ਼ਰੀਦ ਵੀ ਰਹੇ ਹਨ ਪਰ ਇਹ ਭਾਅ ਕਣਕ ਦੀ ਆਮਦ ਵਧਣ ਨਾਲ ਘਟਣਾ ਸ਼ੁਰੂ ਹੋ ਜਾਵੇਗਾ।

Advertisement

Advertisement
Advertisement