ਯੂਪੀ: ਮੁਖਤਾਰ ਅੰਸਾਰੀ ਦੇ ਸਹਿਯੋਗੀ ਦੀ ਅਦਾਲਤ ’ਚ ਹੱਤਿਆ
ਲਖਨਊ:
ਮੁੱਖ ਅੰਸ਼
- ਵਕੀਲ ਦੇ ਪਹਿਰਾਵੇ ‘ਚ ਆਏ ਵਿਅਕਤੀ ਨੇ ਮਾਰੀ ਗੋਲੀ
- ਘਟਨਾ ‘ਚ ਦੋ ਸਾਲਾਂ ਦੀ ਲੜਕੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੇ ਇੱਕ ਕਥਿਤ ਸਾਥੀ ਸੰਜੀਵ ਮਹੇਸ਼ਵਰੀ ਜੀਵਾ ਦੀ ਅੱਜ ਲਖਨਊ ਅਦਾਲਤ ਕੰਪਲੈਕਸ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਵਿੱਚ ਦੋ ਜਣੇ ਜ਼ਖ਼ਮੀ ਵੀ ਹੋਏ ਹਨ। ਪੁਲੀਸ ਨੇ ਦੱਸਿਆ ਕਿ ਹਮਲਾਵਰ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਮੌਕੇ ‘ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਹਮਲਾਵਰ ਨੇ ਵਕੀਲਾਂ ਵਰਗੀ ਪੁਸ਼ਾਕ ਪਹਿਨੀ ਹੋਈ ਸੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ, ”ਸੰਜੀਵ ਮਹੇਸ਼ਵਰੀ ਜੀਵਾ, ਜਿਹੜਾ ਲਖਨਊ ਦੀ ਇੱਕ ਜੇਲ੍ਹ ਵਿੱਚ ਬੰਦ ਸੀ, ਨੂੰ ਇੱਕ ਕੇਸ ਦੀ ਸੁਣਵਾਈ ਲਈ ਅਦਾਲਤ ‘ਚ ਲਿਆਂਦਾ ਸੀ ਅਤੇ ਇੱਕ ਅਣਪਛਾਤੇ ਹਮਲਾਵਰ ਨੇ ਉਸ ਨੂੰ ਗੋਲੀ ਮਾਰੀ ਦਿੱਤੀ।” ਦੱਸਣਯੋਗ ਹੈ ਕਿ ਜੀਵਾ (48) ਮੁਜ਼ੱਫਰਨਗਰ ਜ਼ਿਲ੍ਹੇ ਦਾ ਵਸਨੀਕ ਸੀ। ਉਹ ਭਾਜਪਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਅਤੇ ਸੂਬਾ ਮੰਤਰੀ ਬ੍ਰਹਮ ਦੱਤਾ ਦਿਵੇਦੀ ਦੇ ਕਤਲ ਸਣੇ 24 ਹੋਰ ਕੇਸਾਂ (ਕਤਲ, ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼) ਵਿੱਚ ਮੁਲਜ਼ਮ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਦੌਰਾਨ ਦੋ ਸਾਲਾਂ ਦੀ ਇੱਕ ਲੜਕੀ ਅਤੇ ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ। ਉਨ੍ਹਾਂ ਮੁਤਾਬਕ ਜ਼ਖ਼ਮੀ ਲੜਕੀ ਦੀ ਹਾਲਤ ਗੰਭੀਰ ਹੈ ਜਦਕਿ ਪੁਲੀਸ ਮੁਲਾਜ਼ਮ ਦੀ ਹਾਲਤ ਸਥਿਰ ਹੈ। ਦੱਸਣਯੋਗ ਹੈ ਕਿ ਬ੍ਰਹਮ ਦੱਤਾ ਦਿਵੇਦੀ ਦੇ ਕਤਲ ਕੇਸ ‘ਚ ਇੱਕ ਅਦਾਲਤ ਵੱਲੋਂ ਜੀਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੂਜੇ ਪਾਸੇ ਉਕਤ ਘਟਨਾ ਮਗਰੋਂ ਵਕੀਲਾਂ ਨੇ ਅਦਾਲਤ ਕੰਪਲੈਕਸ ਵਿੱਚ ਪੁਲੀਸ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਦੋਸ਼ ਲਾਇਆ ਕਿ ਪੁਲੀਸ ਕਾਨੂੰਨ ਤੇ ਅਮਨ ਯਕੀਨੀ ਬਣਾਉਣ ਅਤੇ ਪੁਖ਼ਤਾ ਸੁਰੱਖਿਆ ਬੰਦੋਸਸਤ ਕਰਨ ‘ਚ ਨਾਕਾਮ ਹੋ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਹਦਾਇਤ ਕੀਤੀ ਹੈ। -ਪੀਟੀਆਈ