ਯੂਪੀ: ਜ਼ਿਲ੍ਹਾ Jailer ਖ਼ਿਲਾਫ਼ ਮਹਿਲਾ ਅਧਿਕਾਰੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਦਾ ਕੇਸ ਦਰਜ
ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ; ਹਾਲੇ ਨਹੀਂ ਕੀਤੀ ਗਈ ਮੁਲਜ਼ਮ ਦੀ ਗ੍ਰਿਫ਼ਤਾਰੀ
ਬਾਗਪਤ (ਯੂਪੀ), 9 ਜਨਵਰੀ
ਯੂਪੀ ਦੇ ਬਾਗਪਤ ਜ਼ਿਲ੍ਹੇ ਦੀ ਜ਼ਿਲ੍ਹਾ ਜੇਲ੍ਹ ਵਿੱਚ ਤਾਇਨਾਤ ਇੱਕ ਮਹਿਲਾ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਬਾਗਪਤ ਜ਼ਿਲ੍ਹਾ ਜੇਲ੍ਹ ਦੇ ਸਾਬਕਾ ਜੇਲ੍ਹਰ ਵਿਰੁੱਧ ਬਲਾਤਕਾਰ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਮੁਲਜ਼ਮ ਜਿਤੇਂਦਰ ਕਸ਼ਿਅਪ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਖੇਖੜਾ ਸਟੇਸ਼ਨ ਥਾਣੇ ਦੇ ਐਸਐਚਓ ਕੈਲਾਸ਼ ਚੰਦਰ ਨੇ ਕਿਹਾ, "ਮਹਿਲਾ ਜੇਲ੍ਹ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਅਸੀਂ ਮੰਗਲਵਾਰ ਨੂੰ ਕੇਸ ਦਰਜ ਕਰ ਲਿਆ ਹੈ। ਹਾਲਾਂਕਿ, ਦੋਸ਼ੀ ਨੂੰ ਅਜੇ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।"
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੀ ਡਾਕਟਰੀ ਜਾਂਚ ਪੂਰੀ ਹੋ ਗਈ ਹੈ ਅਤੇ ਅਦਾਲਤ ਵਿੱਚ ਉਸ ਦਾ ਬਿਆਨ ਦਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜੇਲ੍ਹ ਤੋਂ ਸੀਸੀਟੀਵੀ ਫੁਟੇਜ ਦੀ ਵੀ ਸਮੀਖਿਆ ਕੀਤੀ ਜਾਵੇਗੀ ਅਤੇ ਜੇ ਦੋਸ਼ ਸੱਚ ਪਾਏ ਜਾਂਦੇ ਹਨ ਤਾਂ ਕਾਰਵਾਈ ਕੀਤੀ ਜਾਵੇਗੀ।
ਸ਼ਿਕਾਇਤਕਰਤਾ ਦੇ ਪੱਤਰ ਅਨੁਸਾਰ, ਜ਼ਿਲ੍ਹਾ ਜੇਲ੍ਹ ਸੁਪਰਡੈਂਟ ਵਿਸ਼ਨੂੰਕਾਂਤ ਮਿਸ਼ਰਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਿਤੇਂਦਰ ਕਸ਼ਿਅਪ ਨੂੰ ਜੇਲ੍ਹ ਸੁਪਰਡੈਂਟ ਵਜੋਂ ਵਾਧੂ ਚਾਰਜ ਦਿੱਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ 1 ਜਨਵਰੀ ਨੂੰ ਜਿਤੇਂਦਰ ਕਸ਼ਯਪ ਨੇ ਉਸ ਨੂੰ ਸੁਪਰਡੈਂਟ ਦੇ ਦਫ਼ਤਰ ਵਿੱਚ ਬੁਲਾਇਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦਾ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ। -ਪੀਟੀਆਈ