ਕਿਸਾਨ ਸੰਕਟ ਦੀਆਂ ਪਰਤਾਂ ਫਰੋਲਦਿਆਂ...
ਗੁਰਮੇਲ ਸਿੰਘ ਸਿੱਧੂ
ਖੇਤੀ ਕਰਨ ਵਾਲੇ ਸਾਰੇ ਹੀ ਕਿਸਾਨ ਅਖਵਾਉਂਦੇ ਹਨ, ਉਹ ਭਾਵੇਂ ਸਮਾਜਿਕ ਵੰਡੀਆਂ ਕਾਰਨ ਕਿਸੇ ਵੀ ਜਾਤ, ਗੋਤ ਜਾਂ ਧਰਮ ਨਾਲ ਸਬੰਧਿਤ ਹੋਣ। ਕਿਸਾਨ ਨੂੰ ਸਰਕਾਰਾਂ ਤੇ ਸਮਾਜ ਸ਼ਾਸਤਰੀ ਬੜੇ ਮਾਣ ਨਾਲ ‘ਅੰਨਦਾਤਾ’ ਕਹਿੰਦੇ ਹਨ। ਕਿਸਾਨਾਂ ਦੀ ਘਾਲਣਾ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਪਰ ਆਓ ਦੇਖੀਏ ਕਿ ਅੰਨਦਾਤੇ ਦੀ ਦੁਰਦਸ਼ਾ ਕਿਵੇਂ ਹੋਈ? ਜਦੋਂ ਤੱਕ ਖੇਤੀ ਦਾ ਮਸ਼ੀਨੀਕਰਨ ਨਹੀਂ ਸੀ ਹੋਇਆ, ਕਿਸਾਨ ਆਮ ਕਰ ਕੇ ਅਨਪੜ੍ਹ ਹੀ ਸਨ। ਖੇਤੀਬਾੜੀ ਦੇ ਪੁਰਾਤਨ ਢੰਗਾਂ ਵਾਸਤੇ ਅਨਪੜ੍ਹਤਾ ਵਰਦਾਨ ਹੀ ਸੀ; ਉਹ ਖੇਤੀ ‘ਜੁਗਤ’ ਦੀ ਨਹੀਂ, ‘ਜ਼ੋਰ’ ਦੀ ਸੀ। ਆਮਦਨ ਦੀ ਨਹੀਂ ਸਿਰਫ ‘ਲੋੜ’ ਦੀ ਸੀ। ਕੀਟਨਾਸ਼ਕ ਦਵਾਈਆਂ, ਖਾਦਾਂ ਆਦਿ ਉਪਰ ਨਹੀਂ, ਕੁਦਰਤ ਉੱਤੇ ਨਿਰਭਰ ਸੀ। ਸਭ ਕੁਝ ਦੇਸੀ (ਘਰ ਦਾ) ਸੀ। ਪਰਿਵਾਰਾਂ ਵਿੱਚ ਏਕਤਾ ਸੀ, ਸਾਂਝੇ ਪਰਿਵਾਰ ਹੋਣ ਕਰ ਕੇ ਵੱਡੇ ਲਾਣੇ ਸਨ, ਪਰਿਵਾਰ ਇੱਕ ਲਾਣੇਦਾਰ ਦੀ ਅਧੀਨਗੀ ਮੰਨਦਾ ਸੀ। ਸਾਧਨਾਂ ਦੀ ਭਾਵੇਂ ਥੁੜ੍ਹ ਸੀ, ਇਸ ਦੇ ਬਾਵਜੂਦ ਲੋਕ ਅੱਜ ਨਾਲੋਂ ‘ਸੌਖਾ ਸਾਹ’ ਲੈਂਦੇ ਸਨ। ਕਾਰਨ? ਲੋੜਾਂ ਤੇ ਲਾਲਸਾਵਾਂ ਸੀਮਤ ਸਨ।
ਜਿਉਂ-ਜਿਉਂ ਸਾਇੰਸ ਨੇ ਤਰੱਕੀ ਕੀਤੀ, ਦੇਸ਼ ਦੀ ਜਨਸੰਖਿਆ ਵਿਚ ਵਾਧਾ ਹੋਇਆ। ਵਧਦੀ ਆਬਾਦੀ ਲਈ ਮੁਢਲੀ ਲੋੜ ਅੰਨ-ਪਾਣੀ (ਖਾਧ ਪਦਾਰਥ) ਦੀ ਥੁੜ੍ਹ ਮਹਿਸੂਸ ਹੋਣ ਲੱਗੀ। ਅਨਾਜ ਦੀ ਉਪਜ ਵਧਾਉਣ ਲਈ ਖੇਤੀਬਾੜੀ ਦੇ ਵਿਕਾਸ ਵੱਲ ਉਚੇਚਾ ਧਿਆਨ ਦਿੱਤਾ ਗਿਆ। ਹਰੇ ਇਨਕਲਾਬ ਦਾ ਨਾਅਰਾ ਦੇ ਕੇ ਖੇਤੀ ਦਾ ਮਸ਼ੀਨਰੀਕਰਨ ਤੇ ਨਵੀਨੀਕਰਨ ਕੀਤਾ ਗਿਆ। ਉਂਝ, ਅਗਿਆਨਤਾ ਕਾਰਨ ਮਸ਼ੀਨਰੀ ਜਾਂ ਕੀੜੇ ਮਾਰ ਦਵਾਈਆਂ ਦੀ ਦੁਰਵਰਤੋਂ ਕਰ ਕੇ ਮਾਲੀ ਜਾਨੀ ਨੁਕਸਾਨ ਹੋਇਆ। ਫਲਸਰੂਪ ਮਸ਼ੀਨਰੀ ਦੀ ਦੁਰਵਰਤੋਂ ਸਦਕਾ ਟੁੱਟ ਭੱਜ ਵਾਧੂ ਹੋਈ। ਖੇਤੀ ਦੇ ਮਸ਼ੀਨੀਕਰਨ ਨਾਲ ਉਤਪਾਦਨ ਵਿੱਚ ਰਿਕਾਰਡ ਤੋੜ ਵਾਧੇ ਦਾ ਲਾਭ ਸਮੁੱਚੇ ਦੇਸ਼ ਵਾਸੀਆਂ ਨੂੰ ਹੋਇਆ। ਅੰਨ ਵਿੱਚ ਦੇਸ਼ ਆਤਮ-ਨਿਰਭਰ ਹੋ ਗਿਆ। ਸੂਬੇ ਵਿੱਚ ਬੇਸ਼ੁਮਾਰ ਮਸ਼ੀਨਰੀ ਦੀ ਆਮਦ ਹੋਈ ਜਿਸ ਦਾ ਬਹੁਤਾ ਲਾਭ ਕਾਰਖਾਨੇਦਾਰਾਂ, ਡੀਲਰਾਂ, ਜਗੀਰਦਾਰਾਂ ਅਤੇ ਧਨੀ ਕਿਸਾਨਾਂ ਨੂੰ ਹੋਇਆ। ਚੋਣਵੇਂ ਦਰਮਿਆਨ ਕਿਸਾਨਾਂ ਨੂੰ ਵੀ ਲਾਭ ਹੋਇਆ ਜੋ ਅਤਿ ਮਿਹਨਤੀ ਅਤੇ ਅਤਿ ਦਰਜੇ ਦੇ ਸੰਜਮੀ, ਕੰਜੂਸ ਸਨ ਪਰ ਉਹਨਾਂ ਦੇ ਘਰ ਦੀ ਹਾਲਤ ਅਤੇ ਰਹਿਣ ਸਹਿਣ ਵਿੱਚ ਕੋਈ ਖਾਸ ਤਬਦੀਲੀ ਨਾ ਹੋਈ। ਜਦੋਂ ਵੀ ਕੋਈ ਨਵੀਂ ਤਕਨੀਕ ਪ੍ਰਚੱਲਤ ਹੁੰਦੀ ਹੈ, ਉਸ ਨੂੰ ਅਮੀਰ ਅਤੇ ਸਰਦੇ ਪੁੱਜਦੇ ਲੋਕ ਹੀ ਪਹਿਲਾਂ ਅਪਣਾਉਂਦੇ ਹਨ ਜੋ ਸਮਾਂ ਪਾ ਕੇ ਜਨ ਸਾਧਾਰਨ ਦੀ ਲੋੜ ਜਾਂ ਮਜਬੂਰੀ ਬਣ ਜਾਂਦੀ ਹੈ। ਖੇਤੀ ਦੇ ਨਵੀਨੀਕਰਨ ਵਿੱਚ ਵੀ ਅਜਿਹਾ ਹੀ ਹੋਇਆ। ਛੋਟੇ ਅਤੇ ਦਰਮਿਆਨੇ ਕਿਸਾਨਾਂ ਨੇ ਮਸ਼ੀਨਰੀ ਨੂੰ ਉਦੋਂ ਅਪਣਾਇਆ ਜਦੋਂ ਵੱਡੇ ਘਰਾਂ ਦੀ ਖੇਤੀ ਦਾ ਪੂਰਨ ਮਸ਼ੀਨੀਕਰਨ ਹੋ ਚੁੱਕਾ ਸੀ ਅਤੇ ਉਹ ਮਸ਼ੀਨਰੀ ਤੋਂ ਭਾਰ ਮੁਕਤ ਵੀ ਹੋ ਚੁੱਕੇ ਸਨ। ਜਦੋਂ ਪੰਜਾਬ ਵਿੱਚ ਟਰੈਕਟਰ ਅਤੇ ਹੋਰ ਖੇਤੀ ਸੰਦ ਆਉਣੇ ਸ਼ੁਰੂ ਹੋਏ, ਉਸ ਵੇਲੇ ਮਸ਼ੀਨਰੀ ਬੜੀ ਸਸਤੀ ਅਤੇ ਸੌਖੀ ਉਪਲਬਧ ਸੀ। ਬਹੁਤਾ ਕੰਮ ਘੱਟ ਸਮੇਂ ਵਿੱਚ ਹੋਣ ਲੱਗਾ। ਝਾੜ ਵਧਣ ਨਾਲ ਆਮਦਨ ਵੀ ਵਧੀ। ਵੱਡੇ ਕਿਸਾਨਾਂ ਦੀ ਤਰੱਕੀ ਅਤੇ ਸੁੱਖ ਸਹੂਲਤਾਂ ਦੇਖ ਛੋਟਾ ਕਿਸਾਨ ਵੀ ਲਲਚਾਇਆ। ਮਸ਼ੀਨਰੀ ਦੀ ਵਰਤੋਂ ਨਾਲ ਛੇਤੀ ਅਮੀਰ ਹੋਣ ਦਾ ਭਰਮ ਪਾਲਿਆ। ਪੈਦਾਵਾਰ ਵਿੱਚ ਵਾਧੇ ਦੇ ਬਾਵਜੂਦ ਹੱਥ ਤੰਗ ਰਹਿਣ ਲੱਗ ਪਿਆ।
ਇਸ ਸਮੇਂ ਤੱਕ ਮਸ਼ੀਨਰੀ ਜਨ ਸਾਧਾਰਨ ਦਾ ‘ਗਹਿਣਾ’ ਬਣ ਗਈ। ਮਸ਼ੀਨਰੀ ਵੀ ਸਸਤੀ ਨਾ ਰਹੀ। ਛੋਟੇ ਤੇ ਦਰਮਿਆਨੇ ਕਿਸਾਨ ਦੀ ਆਰਥਿਕਤਾ ਹੋਰ ਨਿੱਘਰ ਗਈ। ਟੁੱਟਿਆ ਬੰਦਾ ਜਦ ਪੰਜ ਵਾਲੀ ਵਸਤੂ ਪੰਜਾਹ ਵਿੱਚ ਖਰੀਦੇਗਾ ਅਤੇ ਢੰਗ, ਵਰਤ- ਵਰਤਾਓ ਸਾਰੇ ਵੱਡਿਆਂ ਘਰਾਂ ਵਾਲੇ ਕਰੇਗਾ ਤਾਂ ਉਹ ਇਸ ਲੜਖੜਾਉਂਦੇ ਆਰਥਿਕ ਜੰਜਾਲ ਵਿੱਚੋਂ ਕਿਵੇਂ ਨਿਕਲੂ? ਹਰ ਕੰਮ ਦੀ ਕਾਮਯਾਬੀ ਲਈ ਚੰਗੇ ਪ੍ਰਬੰਧਕ ਆਗੂ ਦੀ ਜ਼ਰੂਰਤ ਹੁੰਦੀ ਹੈ। ਕਿਸਾਨ ਪਰਿਵਾਰਾਂ ਵਿੱਚ ਇਸ ਦੀ ਘਾਟ ਰਹੀ ਹੈ। ਕੰਮ ਦੀ ਵਧੀਆ ਯੋਜਨਾ ਨਾ ਹੋਣ ਕਰ ਕੇ ਕਾਰੋਬਾਰ ਦਾ ਹੋਰ ਨੁਕਸਾਨ ਹੁੰਦਾ ਹੈ। ਟਰੈਕਟਰ ਮੇਲਿਆਂ, ਜਨਤਕ ਇਕੱਠਾਂ, ਬੋਤਲ ਲਈ ਠੇਕੇ ’ਤੇ ਵੀ ਜਾਂਦਾ ਅਤੇ ਭੂਆ ਮਾਸੀ ਦੇ ਪਿੰਡ ਵੀ। ਟਰੈਕਟਰ ਆਵਾਜਾਈ ਦਾ ਸਾਧਨ ਬਣ ਗਿਆ ਤੇ ਦਿਖਾਵਾ ਹੋਰ ਵਾਧੂ।
ਕਾਰਖਾਨੇਦਾਰਾਂ ਵਿੱਚ ਟਰੈਕਟਰ ਬਣਾਉਣ, ਵੇਚਣ ਲਈ ਅੰਨ੍ਹੀ ਦੌੜ ਲੱਗ ਗਈ ਜੋ ਅੱਜ ਵੀ ਜਾਰੀ ਹੈ। ਨਿੱਤ ਨਵੀਆਂ ਕਾਢਾਂ ਨੇ ਕਿਸਾਨਾਂ ਹੱਥੋਂ ਖੇਤੀ ਦੇ ਸੰਦ ਖੋਹ ਕੇ ਘਰ ਦੀ ਪੜਛੱਤੀ ਉਪਰ ਸੁਟਵਾ ਦਿੱਤੇ ਤੇ ਆਪਣੇ ਮੁਨਾਫ਼ੇਖੋਰ ਸੰਦ ਫੜਾ ਦਿੱਤੇ; ਪਸ਼ੂਆਂ ਦਾ ਗੋਹਾ ਹਟਾਉਣ ਵਾਲਾ ਫਹੁੜਾ ਤੱਕ ਲੋਹੇ/ਪਲਾਸਟਿਕ ਦਾ ਬਣਾ ਦਿੱਤਾ। ਇਹਨਾਂ ਸਾਰਿਆਂ ਨੇ ਰਲ ਕੇ ਕਿਸਾਨ ਨੂੰ ਵਧੀਆ ਖਪਤਕਾਰ ਵਜੋਂ ਵਰਤਿਆ। ਘੱਟ ਜ਼ਮੀਨ ਵਾਲਿਆਂ ਨੂੰ ਅਸਲ ਵਿੱਚ ਟਰੈਕਟਰ ਅਤੇ ਹਰ ਸੰਦ ਦੀ ਜ਼ਰੂਰਤ ਰੋਜ਼ਾਨਾ ਨਹੀਂ ਹੁੰਦੀ; ਮੰਗਵੇਂ ਸੰਦਾਂ ਨਾਲ ਹੀ ਡੰਗ ਲਹਿ ਜਾਂਦਾ ਹੈ। ਬਹੁਤਿਆਂ ਨੇ ਟਰੈਕਟਰ ਦੇ ਸੰਦ ਵੀ ਪੂਰੇ ਨਾ ਕੀਤੇ, ਨਾ ਹੀ ਕਿਸ਼ਤਾਂ ਮੋੜੀਆਂ ਸਗੋਂ ਜੀਅ-ਜੀਅ ਦੇ ਕਰਜ਼ਈ ਹੋ ਗਏ। ਫਸਲੀ ਉਪਜ ਨਾਲ ਤਾਂ ਆੜ੍ਹਤੀਏ ਦਾ ਰੇਅ-ਸਪਰੇਅ ਅਤੇ ਪਿਛਲਾ ਲੈਣ-ਦੇਣ ਹੀ ਮਸੀਂ ਉਤਰਦਾ ਹੈ। ਹਾੜ੍ਹੀ ਤੋਂ ਸਾਉਣੀ, ਸਾਉਣੀ ਤੋਂ ਹਾੜ੍ਹੀ ਉਡੀਕਦਾ ਰਹਿੰਦਾ ਛੋਟਾ ਕਿਸਾਨ ਪਰ ਪੱਲਾ ਪੂਰਾ ਨਾ ਹੋਇਆ। ਖੇਤੀ ਆਏ ਦਿਨ ਖਰਚਾ ਭਾਲਦੀ ਸੀ/ਹੈ। ਇੱਕ ਬੰਦਾ ਮੰਡੀ/ਸ਼ਹਿਰ ਤੁਰਿਆ ਰਹਿੰਦਾ। ਵਿੱਚ-ਵਿਚਾਲੇ ਵਿਆਹ ਸ਼ਾਦੀ ਆਉਂਦੇ ਜਾਂ ਮਕਾਨ ਉਸਾਰੀ। ਫਲਸਰੂਪ ਜ਼ਮੀਨ ਵਿਕਣ ਲੱਗੀ, ਹੌਲੀ-ਹੌਲੀ ਕਰਜ਼ੇ ਦਾ ਮਾਰਿਆ ਛੋਟਾ ਕਿਸਾਨ ਜ਼ਮੀਨਹੀਣ ਹੋ ਕੇ ਖੇਤ ਮਜ਼ਦੂਰੀ ਵੱਲ ਵਧ ਗਿਆ।
ਮੌਕੇ ਦੀਆਂ ਸਰਕਾਰਾਂ ਨੇ ਖੇਤੀ ਲਈ ਦਿਲ ਖੋਲ੍ਹ ਕੇ ਕਰਜ਼ੇ ਦਿੱਤੇ। ਕਰਜ਼ੇ ਦੀ ਵਿਧੀ ਸਰਲ ਨਾ ਹੋਣ ਕਰ ਕੇ ਕਿਸਾਨ ਬੈਂਕਾਂ ਵਿੱਚ ਹੱਦੋਂ ਵੱਧ ਖੁਆਰ ਹੋਏ। ਵਿਚੋਲਿਆਂ ਤੱਕ ਨਗਦ ਨਰਾਇਣ ਦਾ ਚੜ੍ਹਾਵਾ ਆਮ ਸੀ/ਹੈ। ਇਹਦੇ ਲਈ ਆੜ੍ਹਤੀ ਤੋਂ 24% ਵਿਆਜ ’ਤੇ ਉਧਾਰ ਕਰਜ਼ਾ ਲੈਂਦੇ ਸੀ ਜਿਸ ਕਰਜ਼ੇ ਦੀ ਮਦਦ ਨਾਲ 12-15% ’ਤੇ ਬੈਂਕ ਤੋਂ ਕਰਜ਼ਾ ਲੈਣਾ। ਕਰਜ਼ੇ ਲੈਣ ਵਾਸਤੇ ਵੀ ਕਰਜ਼ੇ ਦਾ ਪ੍ਰਬੰਧ ਕਰਨਾ ਪੈਂਦਾ। ਕਿਸਾਨ ਛੋਟੇ ਕਰਮਚਾਰੀ ਤੋਂ ਲੈ ਕੇ ਫੀਲਡ ਵਿੱਚ ਕੰਮ ਕਰਦੇ ਸਰਕਾਰੀ, ਤਹਿਸੀਲ ਅਧਿਕਾਰੀਆਂ ਨੂੰ ਮਿਲੇ; ਉਹਨਾਂ ਸਾਰਿਆਂ ਦੀ ‘ਮਾਰ’ ਕਿਸਾਨ ਨੂੰ ‘ਮੌਸਮੀ ਖਰਾਬੇ’ ਵਾਂਗ ਝੱਲਣੀ ਹੀ ਪੈਂਦੀ ਹੈ। ਮੁੱਕਦੀ ਗੱਲ, ਕਿਸਾਨਾਂ ਨਾਲ ਕਿਸੇ ਦਾ ਵੀ ਵਾਹ ਪਿਆ, ਉਹ ਮਾਲੋ-ਮਾਲ ਹੋ ਗਿਆ; ਸਿਵਾਇ ਖੇਤ ਮਜ਼ਦੂਰ ਤੋਂ!
ਚੋਰ ਬਾਜ਼ਾਰੀ ਦਾ ਵੀ ਖੇਤੀ ਉੱਤੇ ਬਹੁਤ ਮਾੜਾ ਅਸਰ ਪਿਆ। ਕਦੇ ਖਾਦਾਂ ਨਹੀਂ ਮਿਲਦੀਆਂ, ਕਦੇ ਡੀਜ਼ਲ ਦੀ ਥੁੜ੍ਹ, ਕਦੀ ਨਕਲੀ ਕੀੜੇਮਾਰ ਦਵਾਈਆਂ। ਮਿਲਾਵਟੀ ਖਾਦਾਂ, ਬੀਜ ਆਦਿ ਸਭ ਕਾਸੇ ਦਾ ਮੁਨਾਫਾ ਖਾਧਾ ਵਪਾਰੀਆਂ ਤੇ ਦੁਕਾਨਦਾਰਾਂ ਨੇ; ਘਾਟਾ ਖਾਧਾ ਕਿਸਾਨਾਂ ਮਜ਼ਦੂਰਾਂ ਨੇ। ਫਸਲ ਪੈਦਾ ਤਾਂ ਕਰ ਲਈ ਪਰ ਵੇਚੀਏ ਕਿੱਥੇ? ਸੋਨੇ ਵਰਗੀਆਂ ਫਸਲਾਂ ਦਾ ਮੰਡੀਆਂ ਵਿੱਚ ਰੁਲਣਾ, ਮਹੀਨਾ-ਮਹੀਨਾ ਕਿਸਾਨ ਬੋਲੀ/ਤੋਲ ਲਈ ਆਪਣਾ ਕੀਮਤੀ ਸਮਾਂ ਤੇ ਸਰਮਾਇਆ ਨਸ਼ਟ ਕਰਦੇ ਹਨ। ਕਿਸਾਨ ਆਪਣੀਆਂ ਜਿਣਸਾਂ ਵੇਚ ਕੇ ਨਹੀਂ ਸਗੋਂ ਮੰਡੀਆਂ ਵਿੱਚ ਸੁੱਟ ਕੇ ਆਉਂਦੇ ਹਨ। ਅਨਾਜ ਮੰਡੀਆਂ ਵਿੱਚੋਂ ਕਿਸਾਨ ਕਦੇ ਖੁਸ਼ੀ-ਖੁਸ਼ੀ ਨਹੀਂ ਮੁੜਦੇ ਪਰ ਫਸਲਾਂ ਦੇ ਸੀਜ਼ਨ ਵਿੱਚ ਮੰਡੀ ਅਧਿਕਾਰੀ, ਇੰਸਪੈਕਟਰ ਪਤਾ ਨਹੀਂ ਕਿਉਂ, ਬਾਗੋ-ਬਾਗ ਹੋਏ ਰਹਿੰਦੇ?
ਸਾਡੇ ਦੇਸ਼ ਦਾ ਰਾਜਸੀ ਪ੍ਰਬੰਧ ਕਿਸਾਨ ਦੀ ਮਾੜੀ ਹਾਲਤ ਲਈ ਸਭ ਤੋਂ ਵੱਧ ਜਿ਼ੰਮੇਵਾਰ ਹੈ। ਰਾਜਸੀ ਲਾਣੇ ਨੇ ਕਿਸਾਨਾਂ ਨੂੰ ਹਮੇਸ਼ਾ ਮਸਲਿਆਂ ਨੂੰ ਉਲਝਾ ਕੇ ਸਿਆਸੀ ਰੋਟੀਆਂ ਹੀ ਸੇਕੀਆਂ। ਸੁਆਰਥੀ ਲੀਡਰਾਂ ਨੇ ਆਪਣੇ ਢਿੱਡ ਹੀ ਭਰੇ। ਰਾਜਸੀ ਛਤਰ ਛਾਇਆ ਹੇਠ ਨਸਿ਼ਆਂ ਦੇ ਵਪਾਰੀਆਂ ਨੇ ਵੀ ਹੱਥਾਂ ਦੀਆਂ ਪਾਈਆਂ ਅਤੇ ਪਾ ਰਹੇ ਹਨ। ਛੋਟੇ ਕਿਸਾਨ ਤੇ ਖੇਤ ਮਜ਼ਦੂਰ, ਪੇਂਡੂ ਆਬਾਦੀ ਹੀ ਨਸਿ਼ਆਂ ਦੀ ਜਿ਼ਆਦਾ ਵਰਤੋਂ ਕਰਦੇ ਹਨ। ਨਸ਼ੇ ਮਹਿੰਗੇ ਹਨ ਤੇ ਨਕਲੀ ਵੀ; ਇਹ ਘਰੇਲੂ ਕਲੇਸ਼ ਦਾ ਕਾਰਨ ਵੀ ਬਣਦੇ। ਨਸਿ਼ਆਂ ਦੀਆਂ ਕਾਨੂੰਨੀ ਜਾਂ ਗੈਰ-ਕਾਨੂੰਨੀ ਦੁਕਾਨਾਂ ਦਾ ਪਿੰਡ-ਪਿੰਡ ਢੁਕਵਾਂ ਪ੍ਰਬੰਧ ਹੈ। ਪਿੰਡੋਂ ਪੜ੍ਹਨ ਵਾਸਤੇ ਕਿਤਾਬ ਭਾਵੇਂ ਨਾ ਮਿਲੇ ਪਰ ਨਸ਼ੇ ਹਾਜ਼ਰ। ਲੋਕ ਦੁੱਧ ਵੇਚ ਕੇ ਦਵਾਈਆਂ ਖਾਂਦੇ ਹਨ। ਨਸਿ਼ਆਂ ਤੋਂ ਪੈਦਾ ਹੋਈਆਂ ਬਿਮਾਰੀਆਂ ਕਾਰਨ ਮਹਿੰਗੇ ਇਲਾਜ ਕਰਵਾਉਣੇ ਪੈਂਦੇ ਹਨ। ਕਿਸੇ ਵੇਲੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਸਾਨਾਂ ਦੀ ਅਥਾਹ ਮਿਹਨਤ ਅਤੇ ਫੌਜੀ ਜਵਾਨਾਂ ਦਾ ਦੇਸ਼ ਪ੍ਰਤੀ ਪਿਆਰ ਤੇ ਕੁਰਬਾਨੀ ਦੇਖਦਿਆਂ ਨਾਅਰਾ ਦਿੱਤਾ ਸੀ- ਜੈ ਜਵਾਨ! ਜੈ ਕਿਸਾਨ!... ਇਹ ਨਾਅਰਾ ਕਿੰਨਾ ਕੁ ਸਾਰਥਕ ਹੋਇਆ?... ਕਿਸਾਨ ਦੀ ਕੀ ਦੁਰਦਸ਼ਾ ਹੈ ਤੇ ਅਗਨੀਵੀਰਾਂ ਦੀ ਹਾਲਤ ਕੀ ਹੈ।
ਲਾਗਤਾਂ ਅਤੇ ਉਤਪਾਦਕ ਕੀਮਤਾਂ ਵਿੱਚ ਵੱਡਾ ਅੰਤਰ ਹੋਣਾ ਹੀ ਕਿਸਾਨ ਦੀ ‘ਹੋਣੀ’ ਦਾ ਕਾਰਨ ਬਣਿਆ। ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਸਰਕਾਰ ਦੁਆਰਾ ਤੈਅ ਕੀਤਾ ਜਾਂਦਾ ਹੈ। ਕੇਂਦਰ ਸਰਕਾਰ 23 ਫਸਲਾਂ ਦਾ ਐੱਮਐੱਸਪੀ ਐਲਾਨਦੀ ਹੈ, ਉਹ ਵੀ ਨਿਗੂਣੇ ਵਾਧੇ ਨਾਲ ਪਰ ਖਰੀਦਦੀ ਸਿਰਫ ਕਣਕ ਅਤੇ ਚੌਲ ਹੀ ਹੈ। ਬਾਕੀ ਫਸਲਾਂ ਦਾ ਮੰਡੀ ਵਿੱਚ ਪੂਰਾ ਮੁੱਲ ਨਹੀਂ ਮਿਲਦਾ। ਦੁਨੀਆ ਭਰ ਵਿੱਚ ਸਭ ਦੀਆਂ ਡਿਊਟੀਆਂ ਦੇ ਘੰਟੇ ਤੈਅ ਹਨ ਪਰ ਕਿਸਾਨ ਦੀ ਡਿਊਟੀ ਸਵੇਰੇ ਪੰਜ ਤੋਂ ਰਾਤ ਦੇ 9 ਵਜੇ ਤੱਕ; ਰਾਤ ਭਰ ਦੇ ਜੋਖਿ਼ਮ ਭਰੇ ਕੰਮ ਵੱਖਰੇ। ਦੱਸਣਾ ਤਰਕਸੰਗਤ ਹੋਵੇਗਾ ਕਿ ਕੇਂਦਰ ਸਰਕਾਰ ਨੇ 2018-19 ਦੇ ਬਜਟ ਦੌਰਾਨ ਐਲਾਨ ਕੀਤਾ ਸੀ ਕਿ ਐੱਮਐੱਸਪੀ ਨੂੰ ਉਤਪਾਦਕ ਦੀ ਲਾਗਤ ਨਾਲੋਂ ਡੇਢ ਗੁਣਾ ਵੱਧ ਰੱਖਿਆ ਜਾਵੇਗਾ (ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੁਤਾਬਿਕ) ਪਰ ਇਹ ਐਲਾਨ ਅੱਜ ਤੱਕ ਲਾਗੂ ਨਹੀਂ ਹੋਇਆ।
ਪੰਜਾਬ ਖੇਤੀ ਪ੍ਰਧਾਨ ਹੋਣ ਕਰ ਕੇ ਸੂਬੇ ਦੀ ਆਰਥਿਕਤਾ ਅਤੇ ਕਈ ਅਸਿੱਧੇ ਕਾਰੋਬਾਰ ਖੇਤੀ ਉੱਪਰ ਨਿਰਭਰ ਕਰਦੇ ਹਨ। ਇਸੇ ਕਰ ਕੇ ਕਿਸਾਨ ਦੀ ਖੁਸ਼ਹਾਲੀ, ਸਭ ਵਰਗਾਂ ਦੀ ਖੁਸ਼ਹਾਲੀ ਹੈ ਪਰ ਅੱਜ ਕਿਸਾਨ ਦੁਖੀ ਹੈ। ਹੁਣ ਪੰਜਾਬ ਦੇ ਅੰਨਦਾਤੇ ਅਤੇ ਕਿਰਤੀਆਂ ਨੇ ਸ਼ਾਂਤਮਈ ਜੰਗ ਦਾ ਵਿਗਲ ਵਜਾ ਕੇ ਕਿਸਾਨ ਮੋਰਚੇ ਰਾਹੀਂ ਪੂੰਜੀਪਤੀਆਂ ਦੀ ਜੋਟੀਦਾਰ ਕੇਂਦਰ ਸਰਕਾਰ ਨੂੰ ਲਲਕਾਰਿਆ ਹੈ।
ਇਹ ਸਮੇਂ ਦਾ ਦੁਖਾਂਤ ਹੀ ਹੈ ਕਿ ਅੱਜ ਦੇਸ਼ ਦਾ ਅੰਨਦਾਤਾ ਆਪ ਚੁਣੇ ਦੇਸ਼ ਦੇ ਹੁਕਮਰਾਨਾਂ ਕੋਲੋਂ, ਆਪਣੀਆਂ ਪੁਸ਼ਤਾਂ ਦੇ ਭਵਿੱਖ ਦੇ ਰੁਜ਼ਗਾਰ ਅਤੇ ਦੇਸ਼ ਦੀ ਸਮੁੱਚੀ ਵਸੋਂ ਵਾਸਤੇ ਅੰਨ ਪਦਾਰਥਾਂ ਦੇ ਭੰਡਾਰ ਸੁਰੱਖਿਅਤ ਕਰਨ ਲਈ, ਉਹਨਾਂ ਦੇ ਦਰਾਂ ਉੱਤੇ ਖੁੱਲ੍ਹੇ ਅਸਮਾਨ ਹੇਠ ਬੈਠਾ ਹੈ। ਕਿਸਾਨ ਖੁਦਕੁਸ਼ੀਆਂ ਦੀ ਭਾਵੇਂ ਵੱਖਰੀ ਅਮੁੱਕ ਦਰਦਨਾਕ ਦਾਸਤਾਨ ਹੈ ਪਰ ਹੱਕਾਂ ਦੀ ਪ੍ਰਾਪਤੀ ਲਈ ਸੈਂਕੜੇ ਕਿਸਾਨ ਦਿੱਲੀ ਦੇ ਦਰਾਂ ’ਤੇ ਕੁਰਬਾਨੀ ਦੇ ਚੁੱਕੇ ਹਨ। ਅੱਜ ਫਿਰ ਉਹ ਡਟੇ ਹੋਏ ਹਨ।
ਸੰਪਰਕ: 95921-82111