ਅਣਸੁਖਾਵੀਆਂ ਘਟਨਾਵਾਂ ਭਾਜਪਾ ਦੀ ਵਿਚਾਰਧਾਰਾ ਦੀ ਦੇਣ: ਰੁਲਦੂ ਸਿੰਘ
ਪੱਤਰ ਪ੍ਰੇਰਕ
ਮਾਨਸਾ, 8 ਜੂਨ
ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਭਾਜਪਾ ਦੇ ਨਵੇਂ ਬਣੇ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿੱਚ ਕਿਹਾ ਕਿ ਹਵਾਈ ਅੱਡੇ ’ਤੇ ਹਰ ਆਮ ਤੇ ਖਾਸ ਵਿਅਕਤੀ ਦੀ ਚੈਕਿੰਗ ਕਰਨਾ ਸੁਰੱਖਿਆ ਅਮਲੇ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਸੰਸਦ ਮੈਂਬਰ ਕੰਗਨਾ ਰਾਣੌਤ ਦੀ ਚੈਕਿੰਗ ਹੋਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਡੂੰਘੀ ਪੜਤਾਲ ਕਰਕੇ ਪਤਾ ਕਰਨਾ ਚਾਹੀਦਾ ਹੈ ਕਿ ਕਾਂਸਟੇਬਲ ਕੁਲਵਿੰਦਰ ਕੌਰ ਤੇ ਕੰਗਣਾ ਰਾਣੌਤ ਵਿਚਕਾਰ ਕਹਾਸੁਣੀ ਕਿਸ ਗੱਲ ਤੋਂ ਵਧੀ। ਉਨ੍ਹਾਂ ਕਿਹਾ ਕਿ ਜੇ ਕਿਸਾਨੀ ਅੰਦੋਲਨ ਦੌਰਾਨ ਕੰਗਨਾ ਰਾਣੌਤ ਦੇ ਧਰਨਾਕਾਰੀਆਂ ਨੂੰ ਅਪਸ਼ਬਦ ਬੋਲਣ ਵਾਲੇ ਬਿਆਨ ’ਤੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਲੋਕ ਰੋਹ ਦੁਬਾਰਾ ਨਾ ਭੜਕਦਾ। ਉਹ ਅੱਜ ਮਾਨਸਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਸੱਤਾਧਾਰੀ ਆਪਸੀ ਮਤਭੇਦਾਂ ਨੂੰ ਸੁਲਝਾਉਣ ਵੱਲ ਲਿਜਾ ਸਕਦੇ ਸਨ ਪਰ ਉਨ੍ਹਾਂ ਦੀ ਚੁੱਪ ਕਾਰਨ ਅੱਜ ਪੂਰਾ ਦੇਸ਼ ਆਪਸੀ ਖਿੱਚੋਤਾਣ ’ਚ ਉਲਝ ਗਿਆ ਹੈ, ਜੋ ਬਹੁਤ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਰਤਾਰੇ ਕਦੇ ਤਬਦੀਲੀ ਨਹੀਂ ਸਿਰਜਦੇ, ਬਲਕਿ ਆਪਸੀ ਵਿਚਾਰਧਾਰਕ ਪਾੜਿਆਂ ’ਚ ਹੋਰ ਵਾਧਾ ਕਰਦੇ ਹਨ, ਜੋ ਸਮੁੱਚੇ ਭਾਰਤ ਲਈ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਆਖਿਆ ਕਿ ਦੇਸ਼ ਵਿਚ ਅਣਸੁਖਾਵੀਂ ਘਟਨਾਵਾਂ ਭਾਜਪਾ ਦੀ ਵੰਡ ਪਾਊ ਵਿਚਾਰਧਾਰਾ ਦਾ ਹਿੱਸਾ ਹਨ।
ਸ੍ਰੀ ਰੁਲਦੂ ਸਿੰਘ ਨੇ ਕਿਹਾ ਕਿ ਜਿੱਥੇ ਹੀ ਅਜਿਹੇ ਮਾਹੌਲ ਨੂੰ ਬਣਨ ਤੋਂ ਸ਼ੁਰੂਆਤੀ ਦੌਰ ’ਚ ਹੀ ਰੋਕਿਆ ਜਾਣਾ ਚਾਹੀਦਾ ਸੀ, ਉਥੇ ਹੀ ਜੇਕਰ ਹੁਣ ਕਾਂਸਟੇਬਲ ਕੁਲਵਿੰਦਰ ਕੌਰ ’ਤੇ ਕੋਈ ਵੀ ਕਾਰਵਾਈ ਕੀਤੀ ਗਈ ਤਾਂ ਪੰਜਾਬ ਕਿਸਾਨ ਯੂਨੀਅਨ ਉਸ ਦੇ ਪਰਿਵਾਰ ਨਾਲ ਖੜ੍ਹੇਗੀ। ਉਨ੍ਹਾਂ ਦੇਸ਼ ਵਾਸੀਆਂ ਨੂੰ ਮਾਹੌਲ ਸਾਂਤ ਬਣਾਈ ਰੱਖਣ ਦੀ ਅਪੀਲ ਕੀਤੀ।
ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਬਾਰੇ ਟਿੱਪਣੀ ਕਰਨ ’ਤੇ ਭਾਜਪਾ ਕਾਰਕੁਨ ਖ਼ਿਲਾਫ਼ ਕੇਸ ਦਰਜ
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਫੇਸਬੁੱਕ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਬਾਰੇ ਮਾੜੀ ਟਿਪਣੀ ਕਰਨ ’ਤੇ ਪੁਲੀਸ ਨੇ ਸੋਨੂ ਨਾਂ ਦੇ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੋਨੂ ਭਾਜਪਾ ਦਾ ਕਾਰਕੁਨ ਦੱਸਿਆ ਜਾਂਦਾ ਹੈ। ਇਹ ਕੇਸ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲਖਵਿੰਦਰ ਸਿੰਘ ਔਲਖ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਸੋਨੂ ਵੱਲੋਂ ਆਪਣੀ ਫੇਸਬੁੱਕ ’ਤੇ ਕਿਸਾਨ ਅੰਦੋਲਨ ’ਚ ਸ਼ਾਮਲ ਔਰਤਾਂ ਬਾਰੇ ਮਾੜੀ ਟਿਪਣੀ ਕੀਤੀ ਗਈ ਹੈ ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵਜੀ ਹੈ। ਪੁਲੀਸ ਨੇ ਕਿਸਾਨ ਆਗੂ ਲਖਵਿੰਦਰ ਔਲਖ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਸੋਨੂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।