ਉਨਾਓ ਜਬਰ-ਜਨਾਹ ਮਾਮਲਾ: ਸੇਂਗਰ ਨੂੰ ਅੱਖ ਦੇ ਅਪਰੇਸ਼ਨ ਲਈ ਅੰਤਰਿਮ ਜ਼ਮਾਨਤ
ਨਵੀਂ ਦਿੱਲੀ, 3 ਫਰਵਰੀ
ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ’ਚੋਂ ਕੱਢੇ ਆਗੂ ਅਤੇ ਉੱਨਾਓ ਜਬਰ-ਜਨਾਹ ਮਾਮਲੇ ਦੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਨੂੰ ਅੱਖ ਦੇ ਅਪਰੇਸ਼ਨ ਲਈ 4 ਫਰਵਰੀ ਤੱਕ ਅੱਜ ਅੰਤਰਿਮ ਜ਼ਮਾਨਤ ਦੇ ਦਿੱਤੀ। ਜਸਟਿਸ ਯਸ਼ਵੰਤ ਵਰਮਾ ਅਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੇ ਬੈਂਚ ਨੇ ਇਸ ਗੱਲ ’ਤੇ ਗੌਰ ਕਰਦੇ ਹੋਏ ਉਸ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਕਿ ਸੇਂਗਰ ਦਾ ਚਿੱਟੇ ਮੋਤੀਏ ਦਾ ਅਪਰੇਸ਼ਨ ਮੰਗਲਵਾਰ ਨੂੰ ਦਿੱਲੀ ਦੇ ਆਲ ਇੰਡੀਆ ਮੈਡੀਕਲ ਸਾਇੰਸਿਜ਼ ਇੰਸਟੀਚਿਊਟ (ਏਮਸ) ਵਿੱਚ ਹੋਣਾ ਹੈ। ਅਦਾਲਤ ਨੇ ਸੇਂਗਰ ਨੂੰ 5 ਫਰਵਰੀ ਨੂੰ ਜੇਲ੍ਹ ਅਧਿਕਾਰੀਆਂ ਸਾਹਮਣੇ ਆਤਮ-ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ ਹੈ।
ਬੈਂਚ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਬਿਨੈਕਾਰ ਦੀ ਮੈਡੀਕਲ ਪ੍ਰਕਿਰਿਆ ਦੇ ਉਦੇਸ਼ ਨਾਲ ਸਜ਼ਾ ਮੁਲਤਵੀ ਕੀਤੀ ਜਾਣੀ ਚਾਹੀਦੀ ਹੈ। ਇਹ ਮੈਡੀਕਲ ਪ੍ਰਕਿਰਿਆ 4 ਫਰਵਰੀ ਲਈ ਨਿਰਧਾਰਤ ਕੀਤੀ ਗਈ ਹੈ। ਬਿਨੈਕਾਰ ਨੂੰ 5 ਫਰਵਰੀ ਨੂੰ ਜੇਲ੍ਹ ਸੁਪਰਡੈਂਟ ਮੂਹਰੇ ਆਤਮ-ਸਮਰਪਣ ਕਰਨਾ ਹੋਵੇਗਾ।’’ ਪੀੜਤਾ ਦੇ ਵਕੀਲ ਨੇ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਦਲੀਲ ਦਿੱਤੀ ਕਿ ਸੇਂਗਰ ਨੂੰ ਅਣਮਿੱਥੇ ਸਮੇਂ ਲਈ ਅੰਤਰਿਮ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਹੈ। ਸੇਂਗਰ ਦੀ ਅੰਤਰਿਮ ਜ਼ਮਾਨਤ ਦੀ ਮਿਆਦ ਵਧਾਉਣ ਦੀ ਪਟੀਸ਼ਨ ਹਾਈ ਕੋਰਟ ਮੂਹਰੇ ਪੈਂਡਿੰਗ ਪਈ ਹੈ। -ਪੀਟੀਆਈ