ਨਾਜਾਇਜ਼ ਕਬਜ਼ੇ: ਅਧਿਕਾਰੀਆਂ ’ਤੇ ਨਿਸ਼ਾਨਦੇਹੀ ਸਹੀ ਨਾ ਕਰਨ ਦੇ ਦੋਸ਼
ਬੀਰਬਲ ਰਿਸ਼ੀ
ਸ਼ੇਰਪੁਰ, 23 ਅਕਤੂਬਰ
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਅੱਜ ਸ਼ੇਰਪੁਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਭਾਰੀ ਪੁਲੀਸ ਫੋਰਸ ਨਾਲ ਪੁੱਜੇ ਪੰਚਾਇਤ ਤੇ ਮਾਲ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮਾਂ ਦੇ ਨਿਸ਼ਾਨਦੇਹੀ ਕਰਨ ਦੇ ਢੰਗ ’ਤੇ ਸ਼ਿਕਾਇਤਕਰਤਾ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਇਤਰਾਜ਼ ਕਰਦੇ ਹੋਏ ਸਬੰਧਤ ਨੂੰ ਅਦਾਲਤੀ ਹੁਕਮਾਂ ਦੀ ਇੰਨ੍ਹ-ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ। ਨਿਸ਼ਾਨਦੇਹੀ ਕਰਨ ਲਈ ਮਾਲ ਵਿਭਾਗ ਵੱਲੋਂ ਕਾਨੂੰਨਗੋ ਮਾਲਵਿੰਦਰ ਸਿੰਘ, ਇੱਕ ਪਟਵਾਰੀ, ਪੰਚਾਇਤ ਵਿਭਾਗ ਤੋਂ ਬੀਡੀਪੀਓ ਭੂਸ਼ਨ ਕੁਮਾਰ ਟੀਮਾ ਨਾਲ ਵੱਡੀ ਗਿਣਤੀ ਪੁਲੀਸ ਫੋਰਸ ਸਮੇਤ ਪੁੱਜੇ ਜਦੋਂ ਕਿ ਨਾਇਬ ਤਹਿਸੀਲਦਾਰ ਡਿਊਟੀ ਮਜਿਸਟਰੇਟ ਵਜੋਂ ਪਹੁੰਚੇ। ਦੂਜੇ ਪਾਸੇ ਸਾਬਕਾ ਸਰਪੰਚ ਰਣਜੀਤ ਸਿੰਘ ਧਾਲੀਵਾਲ ਨੇ ਮਿਣਤੀ ਤੋਂ ਅਸੰਤੁਸ਼ਟੀ ਜ਼ਾਹਰ ਕਰਦਿਆਂ ਦੱਸਿਆ ਲੰਬੀ ਕਾਨੂੰਨੀ ਲੜਾਈ ਮਗਰੋਂ ਉਹ ਸਮਾਂ ਆਇਆ ਜਦੋਂ ਅਦਾਲਤ ਦੇ ਹੁਕਮਾਂ ਅਨੁਸਾਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਸ਼ਾਨਦੇਹੀ ਕਰਵਾ ਕੇ ਪੰਚਾਇਤੀ ਜਗ੍ਹਾ ’ਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਲਈ ਕਿਹਾ ਗਿਆ ਹੈ। ਸਰਪੰਚ ਧਾਲੀਵਾਲ ਨੇ ਦੱਸਿਆ ਕਿ ਪਹਿਲਾਂ ਤਾਂ ਵਿਭਾਗ ਨੇ ਨਿਸ਼ਾਨਦੇਹੀ ਮੌਕੇ ਉਸ ਨੂੰ ਮੁਦਈ ਵਜੋਂ ਸੱਦਣ ਦੀ ਥਾਂ ਚੁੱਪ ਚੁਪੀਤੇ ਮਿਣਤੀ ਸ਼ੁਰੂ ਕਰ ਦਿੱਤੀ ਅਤੇ ਫਿਰ ਸ਼ੇਰਪੁਰ ਦੇ ਪਟਵਾਰੀ ਦੀ ਥਾਂ ਹੋਰ ਪਟਵਾਰੀ ਦੀ ਡਿਊਟੀ ਲਗਾਈ ਜੋ ਸ਼ੱਕੀ ਸੀ। ਸਾਬਕਾ ਸਰਪੰਚ ਨੇ ਦਾਅਵਾ ਕੀਤਾ ਕਿ ਪਤਾ ਲੱਗਣ ’ਤੇ ਜਦੋਂ ਮੌਕੇ ’ਤੇ ਪਹੁੰਚਿਆਂ ਤਾਂ ਅਸਲ ਜਗ੍ਹਾ ਦੀ ਥਾਂ ਮਿਣਤੀ ਆਲੇ-ਦੁਆਲੇ ਕਰਕੇ ਮਾਮਲੇ ਦੀ ਦਸ਼ਾ ਤੇ ਦਿਸ਼ਾ ਬਦਲੀ ਜਾ ਰਹੀ ਸੀ। ਸਾਬਕਾ ਸਰਪੰਚ ਨੇ ਕਿਹਾ ਕਿ ਅਸਲ ਵਿੱਚ ਕਬਜ਼ਾਕਾਰੀ ਵਿਅਕਤੀ ਹੁਕਮਰਾਨ ਧਿਰ ਨਾਲ ਮੋਹਰੀ ਆਗੂ ਹੋਣ ਕਾਰਨ ਸਬੰਧਤ ਅਧਿਕਾਰੀ ਮੁਲਾਜ਼ਮ ਕਥਿਤ ਪ੍ਰਭਾਵ ਹੇਠ ਡਿਊਟੀ ਦੇਣ ਲਈ ਮਜਬੂਰ ਹਨ।
ਕਾਨੂੰਨਗੋ ਨੇ ਦੋਸ਼ ਨਕਾਰੇ
ਕਾਨੂੰਨਗੋ ਮਾਲਵਿੰਦਰ ਸਿੰਘ ਨੇ ਸਾਰੇ ਦੋਸ਼ਾਂ ਨੂੰ ਝੂਠੇ ਆਖਦਿਆਂ ਕਿਹਾ ਕਿ ਉਨ੍ਹਾਂ ਮਿਣਤੀ ਬਿਲਕੁਲ ਨਿਯਮਾਂ ਅਨੁਸਾਰ ਸਹੀ ਕੀਤੀ ਹੈ ਜਿਸ ਦੀ ਰਿਪੋਰਟ ਬਣਾ ਕੇ ਭੇਜੀ ਜਾ ਰਹੀ ਹੈ। ਉਨ੍ਹਾਂ ਕੀਤੀ ਗਈ ਮਿਣਤੀ ਦੌਰਾਨ ਦੋ ਪਲਾਟਾਂ ’ਤੇ ਨਾਜਾਇਜ਼ ਕਬਜ਼ਾ ਪਾਇਆ ਗਿਆ ਹੈ ਪਰ ਜਿਹੜੇ ਖਾਸ ਖਸਰਾ ਨੰਬਰ ਦੀ ਮਿਣਤੀ ਸਰਪੰਚ ਕਰਵਾਉਣੀ ਚਾਹੁੰਦਾ ਹੈ ਉਸ ਦੇ ਖਸਰਾ ਨੰਬਰ ਹੁਕਮਾਂ ਵਿੱਚ ਸ਼ਾਮਲ ਨਹੀਂ।