ਯੂਨੀਵਰਸਿਟੀ ਦੀ ਵਿਦਿਆਰਥਣ ਵੱਲੋਂ ਹੋਸਟਲ ਵਿੱਚ ਖ਼ੁਦਕੁਸ਼ੀ
ਪੱਤਰ ਪ੍ਰੇਰਕ
ਬਠਿੰਡਾ, 7 ਅਕਤੂਬਰ
ਇਥੇ ਬਾਦਲ ਰੋਡ ’ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਚ ਐਤਵਾਰ ਨੂੰ ਵਿਦਿਆਰਥਣ ਵੱਲੋਂ ਹੋਸਟਲ ਦੇ ਕਮਰੇ ’ਚ ਫ਼ਾਹਾ ਲੈ ਕੇ ਕਥਿਤ ਤੌਰ ’ਤੇ ਆਤਮਹੱਤਿਆ ਕਰ ਲਈ। ਮ੍ਰਿਤਕਾ ਦੀ ਸ਼ਨਾਖ਼ਤ ਰਮਨੀਤ ਕੌਰ ਵਾਸੀ ਕੋਟਕਪੂਰਾ ਵਜੋਂ ਹੋਈ ਹੈ।
ਉਹ ਬੀਐੱਸਸੀ ਨਾਨ ਮੈਡੀਕਲ ਪਹਿਲੇ ਸਾਲ ਦੀ ਵਿਦਿਆਰਥਣ ਸੀ। ਹਾਲੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਰਮਨੀਤ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਪਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਪ੍ਰੇਸ਼ਾਨ ਸੀ। ਇਸ ਮਾਮਲੇ ’ਤੇ ਯੂਨੀਵਰਸਿਟੀ ਦੇ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਸੂਚਨਾ ਮੁਤਾਬਕ ਛੁੱਟੀਆਂ ਕਾਰਨ ਜ਼ਿਆਦਾਤਰ ਵਿਦਿਆਰਥੀ ਆਪਣੇ ਘਰਾਂ ਨੂੰ ਗਏ ਹੋਏ ਸਨ ਤੇ ਇਹ ਲੜਕੀ ਹੋਸਟਲ ਵਿਚ ਸੀ। ਇਸ ਨੇ ਸਵੇਰੇ ਕਾਲਜ ਹੋਸਟਲ ਦੀ ਮੈੱਸ ਵਿਚ ਖ਼ਾਣਾ ਖ਼ਾਧਾ ਅਤੇ ਆਪਣੇ ਕਮਰੇ ਵਿਚ ਚਲੀ ਗਈ।
ਇਸ ਤੋਂ ਬਾਅਦ ਜਦ ਚਾਰ ਵਜੇ ਉਸ ਨਾਲ ਕਮਰੇ ਵਿਚ ਰਹਿਣ ਵਾਲੀ ਲੜਕੀ ਘਰੋਂ ਆਈ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਦਰਵਾਜ਼ਾ ਖੜਕਾਉਣ ਦੇ ਬਾਅਦ, ਜਦ ਇਸ ਲੜਕੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸ ਨੇ ਹੋਸਟਲ ਵਾਰਡਨਾਂ ਤੱਕ ਪਹੁੰਚ ਕੀਤੀ। ਇਸ ਮਗਰੋਂ ਹੋਸਟਲ ਵਾਰਡਨ ਤੇ ਪੁਲੀਸ ਦੀ ਹਾਜ਼ਰੀ ’ਚ ਦਰਵਾਜ਼ਾ ਤੋੜਿਆ ਗਿਆ ਤੇ ਅੰਦਰ ਵਿਦਿਆਰਥਣ ਛੱਤ ਨਾਲ ਲੱਗੇ ਹੋਏ ਪੱਖੇ ’ਤੇ ਲਟਕ ਰਹੀ ਸੀ। ਇਸ ਮਾਮਲੇ ਦੀ ਜਾਂਚ ਥਾਣਾ ਕੈਨਾਲ ਦੀ ਪੁਲੀਸ ਵੱਲੋਂ ਕੀਤੀ ਜਾ ਰਹੀ ਹੈ।