ਯੂਨੀਵਰਸਿਟੀ ਪੈਨਸ਼ਨਰਾਂ ਦਾ ਡੀਏ ਤੁਰੰਤ ਅਦਾ ਕਰੇ: ਸਿੱਧੂ
ਪੱਤਰ ਪ੍ਰੇਰਕ
ਅੰਮ੍ਰਿਤਸਰ, 8 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅੱਜ ਯੂਨੀਵਰਸਿਟੀ ਕੈਂਪਸ ਵਿਚ ਹੋਈ ਵਿਸ਼ੇਸ਼ ਇਕੱਤਰਤਾ ਵਿੱਚ ਸੇਵਾ ਮੁਕਤ ਮੁਲਾਜ਼ਮਾਂ ਨੂੰ ਯੂਨੀਵਰਸਿਟੀ ਵਲੋਂ ਬਕਾਇਆ ਛੇ ਫੀਸਦੀ ਮਹਿੰਗਾਈ ਭੱਤਾ ਨਾ ਦਿੱਤੇ ਜਾਣ ’ਤੇ ਸਖਤ ਰੋਸ ਪ੍ਰਗਟ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਯੂਨੀਵਰਸਿਟੀ ਮੁਲਾਜ਼ਮਾਂ ਨੂੰ ਤਾਂ ਡੀ. ਏ. ਦੇ ਦਿੱਤਾ ਹੈ ਪਰ ਪੈਨਸ਼ਨਰਾਂ ਨੂੰ ਡੀਏ ਨਾ ਦੇ ਕੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੂੰ ਡੀ. ਏ. ਦੇਣ ਲਈ ਕਈ ਪੱਤਰ ਲਿਖੇ ਗਏ ਹਨ ਪਰ ਇਸ ਦੇ ਬਾਵਜੂਦ ਵੀ ਡੀ. ਏ.ਨਹੀਂ ਦਿੱਤਾ ਗਿਆ, ਜਿਹੜਾ ਪੈਨਸ਼ਨਰਾਂ ਨਾਲ ਬਹੁਤ ਬੇਇਨਸਾਫੀ ਹੈ। ਡਾ. ਸੰਧੂ ਨੇ ਕਿਹਾ ਕਿ ਜੇਕਰ ਪੈਨਸ਼ਨਰਾਂ ਨੂੰ ਡੀ ਏ ਨਾ ਦਿੱਤਾ ਗਿਆ ਤਾਂ ਐਸੋਸੀਏਸ਼ਨ ਮਜ਼ਬੂਰ ਹੋ ਕੇ ਵੀਸੀ ਖਿਲਾਫ਼ ਕੋਰਟ ਵਿੱਚ ਜਾਵੇਗੀ। ਇਸ ਇਕੱਤਰਤਾ ਵਿੱਚ ਪਿਛਲੇ ਦਿਨੀਂ ਚਲਾਣਾ ਕਰ ਗਏ ਪੈਨਸ਼ਨਰ ਦਰਬਾਰਾ ਸਿੰਘ, ਹਰਦੀਪ ਸਿੰਘ, ਐੱਚਐੱਸ ਵਿਰਕ ਅਤੇ ਮੈਡਮ ਅਮਰਜੀਤ ਕੌਰ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਅਕੀਦਤ ਦੇ ਫੁੱਲ ਭੇਟ ਕੀਤੇ ਗਏ।