ਯੂਨੀਵਰਸਿਟੀ ਚੋਣਾਂ: ਪੀਐੱਸਯੂ ਵੱਲੋਂ ਪ੍ਰਧਾਨਗੀ ਲਈ ਉਮੀਦਵਾਰ ਦਾ ਐਲਾਨ
ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਗਸਤ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ, ਜਿਸ ਦੇ ਚੱਲਦਿਆਂ ਇਤਿਹਾਸ ਵਿਭਾਗ ਦੀ ਵਿਦਿਆਰਥਣ ਸਾਰਾਹ ਨੂੰ ਪ੍ਰਧਾਨਗੀ ਦੀ ਉਮੀਦਵਾਰ ਐਲਾਨ ਦਿੱਤਾ ਹੈ। ਜਥੇਬੰਦੀ ਦੇ ਕੈਂਪਸ ਪ੍ਰਧਾਨ ਜੋਬਨ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਰਕਾਰਾਂ ਵੱਲੋਂ ਸਿੱਖਿਆ ਢਾਂਚੇ ’ਤੇ ਨਿੱਜੀਕਰਨ, ਕੇਂਦਰੀਕਰਨ ਅਤੇ ਭਗਵੇਂਕਰਨ ਦਾ ਹਮਲਾ ਵਿੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀਐੱਸਯੂ (ਲਲਕਾਰ) ਇੱਕ ਇਨਕਲਾਬੀ ਵਿਦਿਆਰਥੀ ਜਥੇਬੰਦੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਚੋਣਾਂ ਵਿੱਚ ਵਿਦਿਆਰਥੀਆਂ ਦੀਆਂ ਅਸਲ ਮੰਗਾਂ ਨੂੰ ਉਭਾਰਿਆ ਜਾਵੇ।
ਕੈਂਪਸ ’ਚ ਸਟਿੱਕਰਾਂ ਵਾਲੀਆਂ ਕਾਰਾਂ ’ਤੇ ਅੱਖ
ਕੈਂਪਸ ਵਿੱਚ ਬਾਹਰੀ ਵਾਹਨਾਂ ਦੀ ਆਮਦ ਦੇ ਮੱਦੇਨਜ਼ਰ ਸੁਰੱਖਿਆ ਕਰਮੀਆਂ ਨੇ ਸਟਿੱਕਰਾਂ ਵਾਲੀਆਂ ਕਾਰਾਂ ’ਤੇ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਈ ਬਾਹਰੀ ਵਿਅਕਤੀ ਦਾਖਲ ਨਾ ਹੋ ਸਕੇ। ਭਾਵੇਂ ਕਿ ਚੋਣਾਂ ਵਿੱਚ ਬਾਹਰੀ ਵਾਹਨਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਜਾਂਦੀ ਹੈ ਪਰ ਫਿਰ ਵੀ ਕੁਝ ਸ਼ਰਾਰਤੀ ਅਨਸਰ ਆਪਣੀਆਂ ਕਾਰਾਂ ’ਤੇ ਪੰਜਾਬ ਯੂਨੀਵਰਸਿਟੀ ਦੇ ਵਿਭਾਗਾਂ ਦੇ ਨਾਮ ਅਤੇ ਜਾਂ ਫਿਰ ਵਹੀਕਲ ਪਾਰਕਿੰਗ ਵਾਲੇ ਰੰਗਦਾਰ ਜਾਅਲੀ ਸਟਿੱਕਰ ਲਗਾ ਕੇ ਕੈਂਪਸ ਵਿੱਚ ਦਾਖਲ ਹੋ ਰਹੇ ਹਨ। ਅਜਿਹੇ ਕੁਝ ਵਹੀਕਲਾਂ ਬਾਰੇ ਜਾਣਕਾਰੀ ਪੀ.ਯੂ. ਅਥਾਰਿਟੀ ਕੋਲ ਪਹੁੰਚੀ ਹੈ ਜਿਸ ਨੂੰ ਲੈ ਕੇ ਅਥਾਰਿਟੀ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕੀਤੀ ਗਈ ਹੈ। ਅਥਾਰਿਟੀ ਵੱਲੋਂ ਕਿਹਾ ਗਿਆ ਹੈ ਕਿ ਪੀਯੂ ਦੇ ਜਾਅਲੀ ਸਟਿੱਕਰ ਲਗਾ ਕੇ ਜੇਕਰ ਕੋਈ ਅਜਿਹਾ ਵਿਅਕਤੀ ਕੈਂਪਸ ਵਿੱਚ ਕਾਰ ਘੁਮਾਉਂਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲੀਸ ਹਵਾਲੇ ਕੀਤਾ ਜਾਵੇਗਾ।