ਯੂਨਾਈਟਿਡ ਸਿੱਖਸ ਨੇ ‘ਦਸਤਾਰ ਲੰਗਰ’ ਲਾਇਆ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਦਸੰਬਰ
ਯੂਨਾਈਟਿਡ ਸਿੱਖਸ ਵੱਲੋਂ ਪੋਹ ਦੇ ਮਹੀਨੇ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ੁਰੂ ਕੀਤੀ ਗਈ ‘ਮੇਰੀ ਦਸਤਾਰ ਮੇਰਾ ਸਤਿਕਾਰ’ ਮੁਹਿੰਮ ਦੇ ਨਾਮ ਹੇਠ ਦਸਤਾਰਾਂ ਦਾ ਲੰਗਰ ਲਾਇਆ ਗਿਆ ਜਿਸ ਦੌਰਾਨ 200 ਦੇ ਕਰੀਬ ਨੌਜਵਾਨਾਂ ਨੇ ਸਾਬਤ ਸੂਰਤ ਹੋ ਕੇ ਦਸਤਾਰਾਂ ਸਜਾਉਣ ਦਾ ਪ੍ਰਣ ਕਰਦਿਆਂ ਆਪਣੇ ਫਾਰਮ ਭਰੇ। ਯੂਨਾਈਟਿਡ ਸਿੱਖਸ ਦੀਆਂ ਵੱਖ-ਵੱਖ ਟੀਮਾਂ ਨੇ ਕਈ ਥਾਵਾਂ ’ਤੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੇ ਕੁਰਬਾਨੀ ਭਰੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਕੇ ਗੁਰੂ ਵਾਲੇ ਬਣਨ ਦੀ ਅਪੀਲ ਕੀਤੀ।
ਯੂਨਾਈਟਿਡ ਸਿੱਖਸ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਜੋਤੀ ਸਰੂਪ ਦੇ ਨਜ਼ਦੀਕੀ ਡੇਰਾ ਬਾਬਾ ਸੰਤੋਖ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਨਾਲ ਲਾਏ ਗਏ ਦਸਤਾਰ ਕੈਂਪ ਵਿੱਚ ਉਨ੍ਹਾਂ ਵੀਰਾਂ ਨੂੰ ਵਿਸ਼ੇਸ਼ ਪਹਿਲ ਦਿੱਤੀ ਗਈ ਜਿਨ੍ਹਾਂ ਨੇ ਰੋਮਾਂ ਦੀ ਬੇਅਦਬੀ ਕੀਤੀ ਹੋਈ ਸੀ। ਇਸ ਮੌਕੇ ਯੂਨਾਈਟਿਡ ਸਿੱਖਸ ਦੇ ਸੇਵਾਦਾਰਾਂ ਵੱਲੋਂ ਉਨ੍ਹਾਂ ਨਾਲ ਗੱਲਬਾਤ ਕਰ ਕੇ ਇੱਕ ਇਕਰਾਰਨਾਮਾ ਕਰ ਕੇ ਦਸਤਖਤ ਕਰਵਾਏ ਗਏ ਕਿ ਉਹ ਅੱਜ ਤੋਂ ਬਾਅਦ ਰੋਮਾਂ ਦੀ ਬੇਅਦਬੀ ਨਹੀਂ ਕਰਨਗੇ ਅਤੇ ਹਮੇਸ਼ਾਂ ਸਿਰ ’ਤੇ ਦਸਤਾਰ ਸਜਾ ਕੇ ਰੱਖਣਗੇ। ਇਸ ਤੋਂ ਬਾਅਦ ਉਨ੍ਹਾਂ ਦੇ ਦਸਤਾਰ ਅਤੇ ਦੁਮਾਲੇ ਸਜਾਏ ਗਏ।
ਕੈਂਪ ਦੌਰਾਨ ਕਈ ਅਜਿਹੇ ਵੀਰ, ਭੈਣਾਂ ਤੇ ਬੱਚੇ ਯੂਨਾਈਟਿਡ ਸਿੱਖਸ ਦੀ ਟੀਮ ਦੇ ਮੈਂਬਰਾਂ ਨੂੰ ਮਿਲਣ ਲਈ ਆਏ ਜਿਨ੍ਹਾਂ ਨੇ ਲੰਘੇ ਸਾਲਾਂ ਵਿੱਚ ਦਸਤਾਰ ਸਜਾਉਣ ਅਤੇ ਰੋਮਾਂ ਦੀ ਬੇਅਦਬੀ ਨਾ ਕਰਨ ਦੇ ਕੀਤੇ ਪ੍ਰਣ ਨੂੰ ਨਿਭਾਇਆ ਸੀ। ਯੂਨਾਈਟਿਡ ਸਿੱਖਸ ਵੱਲੋਂ ਦਸਤਾਰ ਲੰਗਰ ਦੇ ਨਾਲ ਨਾਲ ਇੱਕ ਮੈਡੀਕਲ ਕੈਂਪ ਵੀ ਲਾਇਆ ਗਿਆ ਜਿਸ ਦੌਰਾਨ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।