For the best experience, open
https://m.punjabitribuneonline.com
on your mobile browser.
Advertisement

ਸੰਯੁਕਤ ਰਾਸ਼ਟਰ: ਇਸਲਾਮੋਫੋਬੀਆ ਬਾਰੇ ਪਾਕਿਸਤਾਨ ਦੇ ਮਤੇ ਤੋਂ ਭਾਰਤ ਨੇ ਬਣਾਈ ਦੂਰੀ

08:04 AM Mar 17, 2024 IST
ਸੰਯੁਕਤ ਰਾਸ਼ਟਰ  ਇਸਲਾਮੋਫੋਬੀਆ ਬਾਰੇ ਪਾਕਿਸਤਾਨ ਦੇ ਮਤੇ ਤੋਂ ਭਾਰਤ ਨੇ ਬਣਾਈ ਦੂਰੀ
ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ। -ਫੋਟੋ: ਏਐੱਨਆਈ
Advertisement

ਸੰਯੁਕਤ ਰਾਸ਼ਟਰ, 16 ਮਾਰਚ
ਭਾਰਤ ਨੇ ਇਸਲਾਮੋਫੋਬੀਆ ਨੂੰ ਲੈ ਕੇ ਸੰਯੁਕਤ ਰਾਸ਼ਟਰ ਮਹਾਸਭਾ ’ਚ ਪਾਕਿਸਤਾਨ ਵੱਲੋਂ ਪੇਸ਼ ਅਤੇ ਚੀਨ ਦੀ ਹਮਾਇਤ ਵਾਲੇ ਮਤੇ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਸਿਰਫ਼ ਇਕ ਧਰਮ ਦੀ ਬਜਾਏ ਹਿੰਦੂਆਂ, ਸਿੱਖਾਂ, ਬੋਧੀਆਂ ਅਤੇ ਹਿੰਸਾ ਤੇ ਵਿਤਕਰੇ ਦਾ ਸਾਹਮਣਾ ਕਰਨ ਵਾਲੇ ਹੋਰ ਧਰਮਾਂ ਖ਼ਿਲਾਫ਼ ‘ਧਾਰਮਿਕ ਤੌਰ ’ਤੇ ਡਰ ਦਾ ਮਾਹੌਲ’ ਪੈਦਾ ਕੀਤੇ ਜਾਣ ਨੂੰ ਵੀ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਜਦੋਂ ਪਾਕਿਸਤਾਨ ਦੇ ਸਫ਼ੀਰ ਨੇ ਅਯੁੱਧਿਆ ’ਚ ਰਾਮ ਮੰਦਰ ਦਾ ਜ਼ਿਕਰ ਕੀਤਾ ਤਾਂ ਭਾਰਤ ਨੇ ਸਖ਼ਤ ਇਤਰਾਜ਼ ਜਤਾਇਆ। ਪਾਕਿਸਤਾਨ ਵੱਲੋਂ ਪੇਸ਼ ਮਤੇ ਨੂੰ 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਸਭਾ ਨੇ ‘ਇਸਲਾਮੋਫੋਬੀਆ ਨਾਲ ਸਿੱਝਣ ਦੇ ਕਦਮਾਂ’ ਨੂੰ ਮਨਜ਼ੂਰੀ ਦੇ ਦਿੱਤੀ। ਮਤੇ ਦੇ ਪੱਖ ’ਚ 115 ਮੁਲਕਾਂ ਨੇ ਵੋਟ ਪਾਈ ਜਦਕਿ ਕਿਸੇ ਨੇ ਵੀ ਵਿਰੋਧ ਨਹੀਂ ਕੀਤਾ ਅਤੇ ਭਾਰਤ, ਬ੍ਰਾਜ਼ੀਲ, ਫਰਾਂਸ, ਜਰਮਨੀ, ਇਟਲੀ, ਯੂਕਰੇਨ ਅਤੇ ਬ੍ਰਿਟੇਨ ਸਮੇਤ 44 ਮੁਲਕ ਵੋਟਿੰਗ ਤੋਂ ਦੂਰ ਰਹੇ। ਸੰਯੁਕਤ ਰਾਸ਼ਟਰ ’ਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਯਹੂਦੀ ਵਿਰੋਧੀ, ਈਸਾਈਫੋਬੀਆ ਅਤੇ ਇਸਲਾਮੋਫੋਬੀਆ ਨਾਲ ਪ੍ਰੇਰਿਤ ਸਾਰੇ ਕਾਰਿਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਵੀਕਾਰ ਕਰਨਾ ਜ਼ਰੂਰੀ ਹੈ ਕਿ ਅਜਿਹਾ ਫੋਬੀਆ ਅਬਰਾਹਿਮੀ ਧਰਮਾਂ ਤੋਂ ਅਗਾਂਹ ਤੱਕ ਵੀ ਫੈਲਿਆ ਹੋਇਆ ਹੈ। ਮਤੇ ਬਾਰੇ ਭਾਰਤ ਦੇ ਰੁਖ਼ ਨੂੰ ਲੈ ਕੇ ਸਪੱਸ਼ਟੀਕਰਨ ’ਚ ਉਨ੍ਹਾਂ ਕਿਹਾ,‘‘ਸਪੱਸ਼ਟ ਸਬੂਤਾਂ ਤੋਂ ਪਤਾ ਚਲਦਾ ਹੈ ਕਿ ਦਹਾਕਿਆਂ ਤੋਂ ਗ਼ੈਰ-ਅਬਰਾਹਿਮੀ ਧਰਮਾਂ ਦੇ ਪੈਰੋਕਾਰ ਵੀ ਧਾਰਮਿਕ ਫੋਬੀਆ ਨਾਲ ਅਸਰਅੰਦਾਜ਼ ਹੋਏ ਹਨ। ਇਸ ਨਾਲ ਉਚੇਚੇ ਤੌਰ ’ਤੇ ਹਿੰਦੂ ਵਿਰੋਧੀ, ਬੋਧੀ ਵਿਰੋਧੀ ਅਤੇ ਸਿੱਖ ਵਿਰੋਧੀ ਧਾਰਮਿਕ ਫੋਬੀਆ ਦੇ ਸਮਕਾਲੀ ਰੂਪਾਂ ਦਾ ਉਭਾਰ ਹੋਇਆ ਹੈ।’’ ਕੰਬੋਜ ਨੇ ਕਿਹਾ ਕਿ ਇਸਲਾਮੋਫੋਬੀਆ ਦਾ ਮੁੱਦਾ ਬਿਨ੍ਹਾਂ ਸ਼ੱਕ ਅਹਿਮ ਹੈ ਪਰ ਇਹ ਵੀ ਮੰਨਿਆ ਜਾਣਾ ਚਾਹੀਦਾ ਹੈ ਕਿ ਹੋਰ ਧਰਮ ਵੀ ਵਿਤਕਰੇ ਅਤੇ ਹਿੰਸਾ ਦਾ ਸਾਹਮਣਾ ਕਰ ਰਹੇ ਹਨ। ਇਸ ਦੌਰਾਨ ਪਾਕਿਸਤਾਨ ਦੇ ਸਫ਼ੀਰ ਮੁਨੀਰ ਅਕਰਮ ਨੇ ਅਯੁੱਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਅਤੇ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਵੀ ਜ਼ਿਕਰ ਕੀਤਾ। ਇਸ ’ਤੇ ਇਤਰਾਜ਼ ਜਤਾਉਂਦਿਆਂ ਕੰਬੋਜ ਨੇ ਕਿਹਾ,‘‘ਮੇਰੇ ਮੁਲਕ ਨਾਲ ਸਬੰਧਤ ਮਾਮਲਿਆਂ ’ਤੇ ਇਸ ਪਾਕਿਸਤਾਨੀ ਵਫ਼ਦ ਦੇ ਸੌੜੇ ਅਤੇ ਗੁੰਮਰਾਹਕੁੰਨ ਨਜ਼ਰੀਏ ਨਾਲ ਰੂ-ਬ-ਰੂ ਹੋਣਾ ਅਸਲੀਅਤ ’ਚ ਮੰਦਭਾਗਾ ਹੈ। ਵਫ਼ਦ ਨੇ ਅਜਿਹੇ ਸਮੇਂ ’ਤੇ ਮਹਾਸਭਾ ’ਚ ਇਹ ਜ਼ਿਕਰ ਛੇੜਿਆ ਹੈ ਜਦੋਂ ਉਹ ਅਜਿਹੇ ਮਾਮਲਿਆਂ ’ਤੇ ਵਿਚਾਰ ਕਰ ਰਹੀ ਹੈ ਜਿਸ ’ਚ ਸਾਰੇ ਮੈਂਬਰਾਂ ਤੋਂ ਡੂੰਘੇ, ਬੌਧਿਕ ਅਤੇ ਆਲਮੀ ਦ੍ਰਿਸ਼ਟੀਕੋਣ ਪੇਸ਼ ਕਰਨ ਦੀ ਤਵੱਕੋ ਕੀਤੀ ਜਾ ਰਹੀ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×