ਸੰਯੁਕਤ ਕਿਸਾਨ ਮੋਰਚੇ ਵੱਲੋਂ ਤੀਜੇ ਗੇੜ ਦੀ ਮੀਟਿੰਗ ਲਈ ਦੋਵਾਂ ਫੋਰਮਾਂ ਨੂੰ ਸੱਦਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਜਨਵਰੀ
ਸੰਯੁਕਤ ਕਿਸਾਨ ਮੋਰਚਾ ਨੇ 9 ਦਸੰਬਰ ਦੀ ਮੋਗਾ ਮਹਾਪੰਚਾਇਤ ਤੋਂ ਸ਼ੁਰੂ ਹੋਈ ਸਾਂਝਾ ਫਰੰਟ ਬਣਾਉਣ ਦੀ ਸਰਗਰਮੀ ਦੀ ਕੜੀ ਤਹਿਤ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਨੂੰ 12 ਫਰਵਰੀ ਨੂੰ ਮੁੜ ਤੀਜੇ ਗੇੜ ਦੀ ਮੀਟਿੰਗ ਦਾ ਸੱਦਾ ਦਿੱਤਾ ਹੈ। ਏਕੇ ਦੇ ਮਤੇ ’ਤੇ ਹੋਣ ਵਾਲੀ ਤੀਜੇ ਗੇੜ ਦੀ ਇਸ ਮੀਟਿੰਗ ਸਬੰਧੀ ਐੱਸਕੇਐੱਮ ਦੀ ਛੇ ਮੈਂਬਰੀ ਤਾਲਮੇਲ ਕਮੇਟੀ ਨੇ ਇਹ ਰਸਮੀ ਸੱਦਾ ਭੇਜਿਆ। ਤਾਲਮੇਲ ਕਮੇਟੀ ਦੇ ਮੈਂਬਰ ਜੋਗਿੰਦਰ ਸਿੰਘ ਉਗਰਾਹਾਂ ਨੇ ਸੁਖਜੀਤ ਸਿੰਘ ਹਰਦੋਝੰਡੇ ਨੂੰ ਵ੍ਹਟਸਐਪ ਰਾਹੀਂ, ਜਦੋਂਕਿ ਕਮੇਟੀ ਦੇ ਇੱਕ ਹੋਰ ਮੈਂਬਰ ਰਮਿੰਦਰ ਪਟਿਆਲਾ ਨੇ ਸਰਵਣ ਸਿੰਘ ਪੰਧੇਰ ਨਾਲ ਰਾਬਤਾ ਸਾਧ ਕੇ ਮੀਟਿੰਗ ਦਾ ਸੱਦਾ ਦਿੱਤਾ ਹੈ। ਇਸ ਵਾਰ ਇਹ ਮੀਟਿੰਗ ਚੰਡੀਗੜ੍ਹ ’ਚ ਹੋਵੇਗੀ ਜਦੋਂਕਿ ਪਿਛਲੀਆਂ ਦੋਵੇਂ ਮੀਟਿੰਗਾਂ ਪਾਤੜਾਂ ਵਿੱਚ ਕ੍ਰਮਵਾਰ 12 ਤੇ 18 ਜਨਵਰੀ ਨੂੰ ਹੋਈਆਂ ਸਨ। ਉਧਰ ਸੰਪਰਕ ਕਰਨ ’ਤੇ ਸੁਖਜੀਤ ਹਰਦੋਝੰਡੇ ਨੇ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਸੀ ਕਿ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਢਾਬੀਗੁੱਜਰਾਂ ਬਾਰਡਰ ’ਤੇ ਉਸੇ ਹੀ ਦਿਨ 12 ਫਰਵਰੀ ਨੂੰ ਮਹਾਂ ਪੰਚਾਇਤ ਕੀਤੀ ਜਾ ਰਹੀ ਹੈ। ਇਸ ਮਸਲੇ ਸਬੰਧੀ ਦੋਵੇਂ ਫੋਰਮ ਭਲਕੇ 29 ਜਨਵਰੀ ਨੂੰ ਮੀਟਿੰਗ ਕਰਕੇ ਸਲਾਹ-ਮਸ਼ਵਰੇ ਮਗਰੋਂ ਹੀ ਕੋਈ ਰਣਨੀਤੀ ਬਣਾਉਣਗੀਆਂ। ਇਸੇ ਦੌਰਾਨ ਐੱਸਕੇਐੱਮ ਦੀ ਤਾਲਮੇਲ ਕਮੇਟੀ ਦੇ ਮੈਂਬਰ ਰਮਿੰਦਰ ਪਟਿਆਲਾ ਨੇ ਦੋਵੇਂ ਫੋਰਮਾਂ ਨੂੰ 12 ਫਰਵਰੀ ਦੀ ਮੀਟਿੰਗ ਦਾ ਅੱਜ ਰਸਮੀ ਸੱਦਾ ਪੱਤਰ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਏਕਤਾ ਦੇ ਮੁੱੱਦੇ ’ਤੇ ਜਗਜੀਤ ਸਿੰਘ ਡੱਲੇਵਾਲ ਨੇ ਮੰਨਿਆ ਕਿ ਉਨ੍ਹਾਂ (ਐੱਸਕੇਐੱਮ ਤੇ ਦੋਵੇਂ ਫੋਰਮਾਂ) ਦਰਮਿਆਨ ਮੱਤਭੇਦ ਹਨ, ਪਰ ਤਾਲਮੇਲਵੇਂ ਰੂਪ ’ਚ ਲੜਾਈ ਲੜੀ ਜਾ ਸਕਦੀ ਹੈ।
ਲੋਕ 12 ਨੂੰ ਖਨੌਰੀ ਬਾਰਡਰ ਪੁੱਜਣ: ਡੱਲੇਵਾਲ
ਪਟਿਆਲਾ/ਪਾਤੜਾਂ (ਸਰਬਜੀਤ ਸਿੰਘ ਭੰਗੂ/ਗੁਰਨਾਮ ਸਿੰਘ ਚੌਹਾਨ):
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਮਰਨ ਵਰਤ ਦੇ 64ਵੇਂ ਦਿਨ ਅੱਜ ਐਲਾਨ ਕੀਤਾ ਕਿ ਉਹ ਸਰਕਾਰ ਵੱਲੋਂ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਕਾਨੂੰਨੀ ਗਾਰੰਟੀ ਸਮੇਤ ਕਿਸਾਨੀ ਮੰਗਾਂ ਮੰਨੇ ਜਾਣ ਤੱਕ ਭੁੱਖ ਹੜਤਾਲ ਜਾਰੀ ਰੱਖਣਗੇ। ਖਨੌਰੀ ਬਾਰਡਰ ’ਤੇ 4 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਮਗਰੋਂ ਡੱਲੇਵਾਲ ਨੇ ਅੱਜ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੰਜਾਬ ਨੂੰ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਐੱਮਐੱਸਪੀ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਉੱਚ ਪੱਧਰੀ ਵਫ਼ਦ ਵੱਲੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਚੰਡੀਗੜ੍ਹ ਵਿੱਚ 14 ਫਰਵਰੀ ਨੂੰ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਸਿਰਫ਼ ਮੈਡੀਕਲ ਸਹਾਇਤਾ ਲੈਣ ਦੀ ਸਹਿਮਤੀ ਦਿੱਤੀ ਸੀ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਸਬੰਧੀ ਪੁੱਛੇ ਜਾਣ ’ਤੇ ਡੱਲੇਵਾਲ ਨੇ ਕਿਹਾ, ‘‘ਹਰ ਕੋਈ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ, ਪਰ ਮੇਰੀ ਸਿਹਤ ਮੈਨੂੰ ਨਿੱਜੀ ਤੌਰ ’ਤੇ ਚੰਡੀਗੜ੍ਹ ਜਾ ਕੇ ਗੱਲਬਾਤ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੰਦੀ।’’ ਡੱਲੇਵਾਲ ਨੇ ਲੋਕਾਂ ਨੂੰ 12 ਫਰਵਰੀ ਨੂੰ ਖਨੌਰੀ ਬਾਰਡਰ ’ਤੇ ਪਹੁੰਚਣ ਦੀ ਅਪੀਲ ਕੀਤੀ ਕਿਉਂਕਿ ਉਸ ਦਿਨ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ, ‘‘ਮੈਂ ਆਸ ਕਰਦਾ ਹਾਂ ਕਿ ਖਨੌਰੀ ਬਾਰਡਰ ਉੱਤੇ ਵੱਡਾ ਇਕੱਠ ਮੈਨੂੰ ਨਵੀਂ ਊਰਜਾ ਦੇਵੇਗਾ ਤੇ ਮੈਨੂੰ ਕੇਂਦਰ ਸਰਕਾਰ ਦੇ ਵਫ਼ਦ ਨਾਲ ਹੋਣ ਵਾਲੀ ਗੱਲਬਾਤ (14 ਫਰਵਰੀ) ਵਿਚ ਸਰੀਰਕ ਤੌਰ ’ਤੇ ਮੌਜੂਦ ਰਹਿਣ ਦੀ ਤਾਕਤ ਬਖ਼ਸ਼ੇਗਾ।’’