ਕਬੱਡੀ ਕੱਪ ’ਤੇ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਦਾ ਕਬਜ਼ਾ
ਸੁਰਿੰਦਰ ਮਾਵੀ
ਵਿਨੀਪੈਗ: ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਮੈਪਲ ਕਮਿਊਨਿਟੀ ਸੈਂਟਰ ਦੇ ਮੈਦਾਨਾਂ ਵਿੱਚ ਵਿਨੀਪੈਗ ਕਬੱਡੀ ਐਸੋਸੀਏਸ਼ਨ ਤੇ ਯੂਨਾਈਟਿਡ ਬ੍ਰਦਰਜ਼ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਪ੍ਰਬੰਧ ਜਗਜੀਤ ਗਿੱਲ, ਯਾਦਵਿੰਦਰ ਦਿਉਲ, ਬੱਬੀ ਬਰਾੜ, ਹੈਪੀ ਸਿੱਧੂ, ਸੁੱਖ ਸੰਧੂ, ਦੀਪ ਗਰੇਵਾਲ, ਹਰਮੇਲ ਧਾਲੀਵਾਲ, ਮਿੱਠੂ ਬਰਾੜ, ਗੁਰਪ੍ਰੀਤ ਖਹਿਰਾ, ਚਰਨਜੀਤ ਸਿੱਧੂ, ਬੱਬੀ ਬਰਾੜ, ਰਾਜੂ ਮਾਂਗਟ, ਬਾਜ਼ ਸਿੱਧੂ, ਰਾਜਵੀਰ ਧਾਲੀਵਾਲ, ਗੈਰੀ ਸੰਧੂ, ਗੈਰੀ ਰਾਏ, ਚਰਨਜੀਤ ਸਿੱਧੂ, ਨੋਨੂ ਟੱਲੇਵਾਲ, ਬਿੱਟੂ ਰਾਏਕੋਟ, ਗੁਰਤੇਜ ਸਿੰਘ, ਗੁਰਪ੍ਰੀਤ ਬਰਾੜ, ਪ੍ਰਤਾਪ ਵਿਰਕ, ਮਨਦੀਪ ਬਸਰਾ, ਕਮਲ ਖਹਿਰਾ ਤੇ ਸ਼ੀਰਾ ਜੌਹਲ ਵੱਲੋਂ ਕੀਤਾ ਗਿਆ।
ਮੈਨੀਟੋਬਾ ਦੀ ਪ੍ਰੀਮੀਅਰ (ਮੁੱਖ ਮੰਤਰੀ) ਹੀਥਰ ਸਟੈਫਨਸਨ ਤੇ ਖੇਡ ਮੰਤਰੀ ਓਬੇ ਖਾਨ ਮੁੱਖ ਮਹਿਮਾਨਾਂ ਵਜੋਂ ਇੱਥੇ ਪੁੱਜੇ। ਕੱਪ ਦਾ ਉਦਘਾਟਨ ਕੌਂਸਲਰ ਦੇਵੀ ਸ਼ਰਮਾ ਨੇ ਕੀਤਾ। ਇਸ ਮੌਕੇ ਐੱਨਡੀਪੀ ਪਾਰਟੀ ਦੇ ਲੀਡਰ ਵੈੱਬ ਕਿਨਿਊ ਤੇ ਐੱਮਐੱਲਏ ਦਲਜੀਤਪਾਲ ਬਰਾੜ ਤੇ ਐੱਮਐੱਲਏ ਮਿੰਟੂ ਸੰਧੂ ਨੇ ਵੀ ਸ਼ਿਰਕਤ ਕੀਤੀ।
ਵਿਨੀਪੈਗ ਕੱਪ ਦੇ ਪਹਿਲੇ ਪੜਾਅ ਦੇ ਪਲੇਠੇ ਮੈਚ ’ਚ ਪੰਜਾਬ ਟਾਈਗਰਜ਼ ਕਲੱਬ ਨੇ ਸੰਦੀਪ ਨੰਗਲ ਅੰਬੀਆਂ ਗਲੇਡੀਏਟਰ ਕਲੱਬ ਵੈਨਕੂਵਰ ਨੂੰ 23-18.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਸਰੀ ਸੁਪਰ ਸਟਰਾਜ਼- ਕੌਮਾਗਾਟਾ ਮਾਰੂ ਕਲੱਬ ਨੇ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੂੰ ਬੇਹੱਦ ਫਸਵੇਂ ਮੁਕਾਬਲੇ ’ਚ ਸਿਰਫ਼ ਅੱਧੇ ਅੰਕ (31.5-31) ਨਾਲ ਹਰਾਇਆ। ਤੀਸਰੇ ਮੈਚ ’ਚ ਪੰਜਾਬ ਕੇਸਰੀ ਕਲੱਬ ਨੇ ਰਿਚਮੰਡ-ਐਬਟਸਫੋਰਡ ਕਲੱਬ ਨੂੰ ਸਿਰਫ਼ ਡੇਢ ਅੰਕ ਨਾਲ (30.5-29) ਹਰਾਇਆ।
ਦੂਸਰੇ ਦੌਰ ਦੇ ਪਹਿਲੇ ਮੈਚ ’ਚ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਰਾਜਵੀਰ ਰਾਜੂ- ਸ਼ਹੀਦ ਭਗਤ ਸਿੰਘ ਕਲੱਬ ਨੂੰ ਇੱਕਪਾਸੜ ਮੁਕਾਬਲੇ ’ਚ 35.5-16 ਅੰਕਾਂ ਨਾਲ ਹਰਾਇਆ। ਅਗਲੇ ਮੈਚ ’ਚ ਪੰਜਾਬ ਟਾਈਗਰ ਕਲੱਬ ਨੇ ਰਿਚਮੰਡ ਐਬਟਸਫੋਰਡ ਕਲੱਬ ਨੂੰ 35-27.5 ਅੰਕਾਂ ਨਾਲ ਹਰਾਇਆ। ਦੂਸਰੇ ਦੌਰ ਦੇ ਆਖਰੀ ਮੈਚ ’ਚ ਪੰਜਾਬ ਕੇਸਰੀ ਕਲੱਬ ਨੇ ਸੰਦੀਪ ਗਲੇਡੀਏਟਰ ਕਲੱਬ ਵੈਨਕੂਵਰ ਨੂੰ 29-19 ਅੰਕਾਂ ਨਾਲ ਹਰਾਇਆ। ਇਸ ਮੈਚ ’ਚ ਕੱਪ ਦੌਰਾਨ ਸਭ ਤੋਂ ਵੱਧ 15 ਜੱਫੇ ਲੱਗੇ।
ਪਹਿਲੇ ਸੈਮੀਫਾਈਨਲ ’ਚ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਨੇ ਪੰਜਾਬ ਟਾਈਗਰਜ਼ ਕਲੱਬ ਨੂੰ 49-33.5 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ’ਚ ਪੰਜਾਬ ਕੇਸਰੀ ਕਲੱਬ ਨੇ ਸਰੀ ਸੁਪਰ ਸਟਾਰਜ਼ ਕੌਮਾਗਾਟਾ ਮਾਰੂ ਕਲੱਬ ਨੂੰ ਡੇਢ ਅੰਕ (38.5-36) ਨਾਲ ਹਰਾਇਆ। ਫਾਈਨਲ ਮੈਚ ’ਚ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਨੇ ਪੰਜਾਬ ਕੇਸਰੀ ਕਲੱਬ ਨੂੰ 33-21 ਅੰਕਾਂ ਨਾਲ ਹਰਾ ਕੇ ਸੀਜ਼ਨ ਦਾ ਪੰਜਵਾਂ ਖਿਤਾਬ ਜਿੱਤਿਆ। ਅੰਡਰ-21 ਦੇ ਪ੍ਰਦਰਸ਼ਨੀ ਮੈਚ ’ਚ ਮੈਪਲ ਕਲੱਬ ਨੇ ਬੀਈਕੇ ਕਲੱਬ ਨੂੰ 23-18.5 ਅਤੇ ਸੀਨੀਅਰ ਵਰਗ ਦੇ ਮੈਚ ’ਚ ਬਲੇਜ਼ਰ ਕਿੰਗ ਕਲੱਬ ਨੇ ਜੱਸੀ ਕਲੱਬ ਨੂੰ 21-19 ਅੰਕਾਂ ਨਾਲ ਹਰਾਇਆ।
ਇਸ ਕੱਪ ਦੇ ਫਾਈਨਲ ਮੈਚ ਦੌਰਾਨ ਭੂਰੀ ਛੰਨਾ ਨੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਸ਼ੀਲੂ ਬਾਹੂ ਅਕਬਰਪੁਰ ਨੇ 4 ਕੋਸ਼ਿਸ਼ਾਂ ਤੋਂ 3 ਜੱਫੇ ਅਤੇ ਯੋਧਾ ਸੁਰਖਪੁਰ ਨੇ 8 ਕੋਸ਼ਿਸ਼ਾਂ ਤੋਂ 3 ਜੱਫੇ ਲਗਾਕੇ, ਸਾਂਝੇ ਤੌਰ ’ਤੇ ਸਰਵੋਤਮ ਜਾਫੀ ਦਾ ਖਿਤਾਬ ਜਿੱਤਿਆ। ਇਸ ਕੱਪ ਦੌਰਾਨ ਕੈਨੇਡਾ ਕਬੱਡੀ ਕੱਪ ਦੇ ਸਰਵੋਤਮ ਜਾਫੀ ਰਵੀ ਸਾਹੋਕੇ ਦਾ ਸੋਨੇ ਦੇ ਤਗ਼ਮੇ ਤੇ ਮੁੰਦਰੀ ਨਾਲ, ਕਬੱਡੀ ਖਿਡਾਰੀ ਲੱਖਾ ਜਲਾਲਪੁਰ ਤੇ ਕੁਮੈਂਟੇਟਰ ਪ੍ਰਿਤਾ ਸ਼ੇਰਗੜ੍ਹ, ਕੋਚ ਬਿੱਟੂ ਭੋਲ੍ਹੇ ਵਾਲੇ ਦਾ ਸੋਨ ਤਗ਼ਮੇ ਨਾਲ, ਕੁਮੈਂਟੇਟਰ ਪ੍ਰਿਤਾ ਸ਼ੇਰਗੜ੍ਹ ਚੀਮਾ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ।
ਵਿਨੀਪੈਗ ਕੱਪ ਦੀ ਜਿੱਤ ਨਾਲ ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਦੀ ਟੀਮ ਨੇ ਪੰਜ ਖਿਤਾਬ ਜਿੱਤ ਕੇ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੀ ਸਰਵੋਤਮ ਟੀਮ ਬਣਨ ਦਾ ਮਾਣ ਵੀ ਹਾਸਲ ਕਰ ਲਿਆ। ਕੱਪ ਦੌਰਾਨ ਯੋਧਾ ਸੁਰਖਪੁਰ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਤਕਰੀਬਨ 2.5-2.5 ਲੱਖ ਰੁਪਏ (4000 ਡਾਲਰ) ਦੇ ਤਿੰਨ-ਤਿੰਨ ਜੱਫੇ ਲਗਾਏ। ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਨੀਟਾ ਸਰਾਏ, ਮੱਖਣ ਸਿੰਘ, ਮੰਦਰ ਗ਼ਾਲਬਿ, ਮਾ. ਬਲਜੀਤ ਸਿੰਘ ਰਤਨਗੜ੍ਹ ਨੇ ਕੀਤਾ।
ਕੱਪ ਦੇ ਸਮਾਂਤਰ ਹੀ ਤੀਆਂ ਦਾ ਮੇਲਾ ਵੀ ਲਗਾਇਆ ਗਿਆ। ਜਿਸ ਦੌਰਾਨ ਵੱਡੀ ਗਿਣਤੀ ’ਚ ਸੁਆਣੀਆਂ ਨੇ ਹਿੱਸਾ ਲਿਆ ਅਤੇ ਨਾਲੋਂ ਨਾਲ ਕਬੱਡੀ ਦਾ ਆਨੰਦ ਵੀ ਮਾਣਿਆ। ਇਸ ਦੌਰਾਨ ਹਾਸਰਸ ਕਲਾਕਾਰ ਭਾਨਾਂ ਪਕੌੜਾ (ਮਿੰਟੂ) ਤੇ ਭੂਟੋ (ਜਸਪ੍ਰੀਤ) ਵੱਲੋਂ ਖੱਟੀਆਂ ਮਿੱਠੀਆਂ ਗੱਲਾਂ ਨਾਲ ਤੀਆਂ ਵਿੱਚ ਰੌਣਕ ਲਾਈ ਗਈ ਤੇ ਨਾਲ ਹੀ ਕਬੱਡੀ ਦੇਖਣ ਆਏ ਦਰਸ਼ਕਾਂ ਵਾਸਤੇ ਆਪਣੇ ਟੋਟਕਿਆਂ ਨਾਲ ਰੰਗ ਬੰਨ੍ਹਿਆ।
ਕਬੱਡੀ ਦਾ ਕੈਲੰਡਰ ਰਿਲੀਜ਼
ਟ੍ਰਿਬਿਊਨ ਨਿਊਜ਼ ਸਰਵਿਸ
ਕੈਲਗਰੀ: ਕਬੱਡੀ ਖੇਡ ’ਚ ਡਾ. ਸੁਖਦਰਸ਼ਨ ਸਿੰਘ ਚਹਿਲ ਵੱਲੋਂ ਤਿਆਰ ਕੀਤਾ ਗਿਆ ਪਲੇਠਾ ਕੈਲੰਡਰ ਕੈਲਗਰੀ ਦੇ ਮਿੰਟ ਲੀਫ ਰੈਸਟੋਰੈਂਟ ਵਿਖੇ ਨਾਮੀ ਖੇਡ ਸ਼ਖ਼ਸੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ। ਯੂਨਾਈਟਿਡ ਬੀਸੀ ਫਰੈਂਡਜ਼ ਕਲੱਬ ਕੈਲਗਰੀ ਵੱਲੋਂ ਕਰਵਾਏ ਗਏ ਇਸ ਕੈਲੰਡਰ ਰਿਲੀਜ਼ ਸਮਾਗਮ ’ਚ ਕਬੱਡੀ ਤੇ ਪੱਤਰਕਾਰੀ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਕੈਲੰਡਰ ਰਿਲੀਜ਼ ਕਰਨ ਦੀ ਰਸਮ ਮੇਜਰ ਸਿੰਘ ਬਰਾੜ, ਜਸਪਾਲ ਸਿੰਘ ਭੰਡਾਲ, ਕਰਮਪਾਲ ਸਿੱਧੂ ਲੰਡੇਕੇ, ਗੁਰਲਾਲ ਮਾਣੂਕੇ ਗਿੱਲ, ਪ੍ਰੋ. ਮੱਖਣ ਸਿੰਘ ਹਕੀਮਪੁਰ, ਪੱਤਰਕਾਰ ਪਰਮਵੀਰ ਬਾਠ, ਹਰਬੰਸ ਸਿੰਘ ਬੁੱਟਰ ਤੇ ਜਸਜੀਤ ਧਾਮੀ, ਜਸਵੰਤ ਖੜਗ, ਰਮਨ ਚਾਹਲ, ਜਸਕੀਰਤ ਸਿੰਘ ਬਰਾੜ, ਮਨਪ੍ਰੀਤ ਥਿੰਦ, ਸਵਰਨ ਸਿੱਧੂ, ਤਰਸੇਮ ਭਿੰਡਰ, ਕਬੱਡੀ ਕੁਮੈਂਟੇਟਰ ਕਾਲਾ ਰਛੀਨ ਤੇ ਮੱਖਣ ਅਲੀ ਨੇ ਅਦਾ ਕੀਤੀ। ਦੱਸਣਯੋਗ ਹੈ ਕਿ 28 ਸਫਿਆਂ ਦੇ ਇਸ 2024 ਦੇ ਕੈਲੰਡਰ ’ਚ ਜਿੱਥੇ ਕੈਨੇਡਾ ਦੇ ਕਬੱਡੀ ਸੀਜ਼ਨ ਦੌਰਾਨ ਖਿੱਚੀਆਂ ਐਕਸ਼ਨ ਤਸਵੀਰਾਂ ਲਗਾਈਆਂ ਗਈਆਂ ਹਨ, ਉੱਥੇ ਕੈਨੇਡਾ ਦੀ ਕਬੱਡੀ ਨਾਲ ਸਬੰਧਤ ਜਾਣਕਾਰੀ ਵੀ ਦਿੱਤੀ ਗਈ ਹੈ।