For the best experience, open
https://m.punjabitribuneonline.com
on your mobile browser.
Advertisement

ਗੁਰਬਾਣੀ ਦੀ ਵਿਲੱਖਣਤਾ

10:28 AM Sep 03, 2023 IST
ਗੁਰਬਾਣੀ ਦੀ ਵਿਲੱਖਣਤਾ
Advertisement

ਡਾ. ਚਰਨ ਕਮਲ ਸਿੰਘ

Advertisement

ਗੁਰਬਾਣੀ ਗਿਆਨ

ਗੁਰਬਾਣੀ ਵਿਚ ਗੁਰੂ ਸਾਹਿਬ ਦੇ ਉਪਦੇਸ਼ ਸੁਭਾਇਮਾਨ ਹਨ। ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਵਿਧਾਨ ਵੀ ਸੁਭਾਇਮਾਨ ਕੀਤਾ ਹੈ। ਗੁਰਬਾਣੀ ਦੇ ਉਪਦੇਸ਼ਾਂ ਦੀ ਮੌਲਿਕਤਾ ਨੂੰ ਬੁਝਣ ਲਈ ਗੁਰਬਾਣੀ ਦੇ ਇਸ ਵਿਲੱਖਣ ਵਿਧਾਨ ਨੂੰ ਬੁਝਣਾ ਅਤਿ-ਮਹੱਤਵਪੂਰਨ ਹੈ। ਇਹ ਗੁਰਬਾਣੀ ਦੇ ਸਿਰਲੇਖਾਂ ਵਿਚ ਸੁਭਾਇਮਾਨ ‘ਘਰੁ’ ਦੇ ਵੱਖ-ਵੱਖ ਪ੍ਰਕਾਰਾਂ ਰਾਹੀਂ ਸੁਭਾਇਮਾਨ ਗੁਰਬਾਣੀ ਦਾ ਵਿਲੱਖਣ ਵਿਧਾਨ ਹੈ, ਜੋ ਦੁਨੀਆਂ ਦੀ ਕਿਸੇ ਹੋਰ ਭਾਸ਼ਾ ਵਿਚ ਮੌਜੂਦ ਨਹੀਂ ਹੈ।
ਗੁਰਬਾਣੀ ਦੀ ਦੂਜੀ ਮਹੱਤਵਪੂਰਨ ਵਿਲੱਖਣਤਾ, ਗੁਰਬਾਣੀ ਦੀ ਸ਼ਬਦਾਵਲੀ ਹੈ। ਗੁਰਬਾਣੀ ਵਿਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਤਾਂ ਕੀਤੀ ਗਈ ਹੈ, ਜਿਵੇਂ, ਮਨ, ਨਾਮ, ਜਪ, ਸਾਧ, ਚਰਨ, ਸੇਵਾ, ਗਾਵਣਾ ਆਦਿ ਪਰ ਇਨ੍ਹਾਂ ਸ਼ਬਦਾਂ ਦਾ ਭਾਵ ਗੁਰਬਾਣੀ ਦੇ ਸੰਦਰਭ ਵਿਚ ਵਿਲੱਖਣ ਹੈ। ਗੁਰਬਾਣੀ ਦੀ ਸ਼ਬਦਾਵਲੀ ਦੀ ਇਸ ਵਿਲੱਖਣਤਾ ਨੂੰ ਨਾ ਸਮਝਣ ਕਰਕੇ ਗੁਰਬਾਣੀ ਦੇ ਘਰੁ ਦੇ ਵਿਧਾਨ ਨੂੰ ਵੀ ਸਹੀ ਸਮਝਣ ਵਿਚ ਭੁਲੇਖਾ ਪੈਂਦਾ ਰਿਹਾ ਹੈ।
ਗੁਰਬਾਣੀ ਵਿਚ ਘਰੁ ਦੇ ਵਿਸ਼ੇਸ਼ ਨਿਰਦੇਸ਼ ਜਿਵੇਂ “ਏਕ ਸੁਆਨ ਕੈ ਘਰਿ ਗਾਵਣਾ” ਤੋਂ ਗੁਰਬਾਣੀ ਦੇ ਘਰੁ ਦਾ ਸੰਬੰਧ ਗਾਇਨ ਨਾਲ ਜਾਪਦਾ ਹੈ। ਪਰ ਗੁਰਬਾਣੀ ਵਿਚ ਗਾਵਣਾ ਦਾ ਵਿਲੱਖਣ ਸੰਦਰਭ ਹੈ, ਜਿਵੇਂ, “ਗਾਵੈ ਕੋ ਵਿਦਿਆ ਵਿਖਮੁ ਵੀਚਾਰੁ॥” ਤੁਕ ਵਿਚ ਵਿੱਦਿਆ ਦਾ ‘ਗਾਵਣਾ’ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਵਿੱਦਿਆ ਦਾ ‘ਵਿਚਾਰਨਾ’ ਹੁੰਦਾ ਹੈ। ਇਸੇ ਤਰ੍ਹਾਂ, “ਗਾਵੈ ਕੋ ਜਾਪੈ ਦਿਸੈ ਦੂਰਿ॥“ ਵਿਚ ‘ਜਾਪੈ ਦਿਸੈ ਦੂਰਿ’ ਨੂੰ ‘ਗਾਵੈ’ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਪ੍ਰਭੂ ਨੂੰ ਦੂਰ ‘ਸਮਝੇ’ ਹੈ ਅਤੇ “ਗਾਵੈ ਕੋ ਵੇਖੈ ਹਾਦਰਾ ਹਦੂਰਿ॥” ਵਿਚ ‘ਵੇਖੈ ਹਾਦਰਾ ਹਦੂਰਿ’ ਦਾ ‘ਗਾਵੈ’ ਵੀ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਅਨੁਸਾਰ ਪ੍ਰਭੂ ਨੂੰ ਹਾਜ਼ਰ-ਨਾਜ਼ਰ ‘ਸਮਝੇ’ ਹੈ। ਇਉਂ, ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਵਿਚ ਗਾਵਣਾ ਦਾ ਵਿਲੱਖਣ ਭਾਵ ‘ਸਮਝਣਾ’/’ਵਿਚਾਰਨਾ’ ਹੁੰਦਾ ਹੈ। ਗੁਰਬਾਣੀ ਦੀ ਸ਼ਬਦਾਵਲੀ ਦੀ ਵਿਲੱਖਣਤਾ ਅਨੁਸਾਰ ਹੀ ਸਮਝਿਆ ਜਾ ਸਕਦਾ ਹੈ ਕਿ “ਏਕ ਸੁਆਨ ਕੈ ਘਰਿ ਗਾਵਣਾ” ਸਿਰਲੇਖ ਦਾ ਗੁਰਬਾਣੀ ਦਾ ਵਿਲੱਖਣ ਭਾਵ “ਏਕ ਸੁਆਨੁ ਦੁਇ ਸੁਆਨੀ ਨਾਲਿ॥’’ ਦੇ ਵਿਸ਼ੇਸ਼ ਘਰੁ ਅਨੁਸਾਰ ‘ਸਮਝਣਾ’ ਹੈ।
ਤਕਨੀਕੀ ਤੌਰ ’ਤੇ ਵੀ ਗਾਇਨ ਦਾ ਮੁੱਢਲਾ ਸੰਬੰਧ ਰਾਗ, ਸੁਰ ਅਤੇ ਤਾਲ ਨਾਲ ਹੁੰਦਾ ਹੈ। ਜੇਕਰ ਗੁਰਬਾਣੀ ਦਾ ਘਰੁ ਗਾਇਣ ਨਾਲ ਸੰਬੰਧਿਤ ਹੈ ਤਾਂ ਇਨ੍ਹਾਂ ਤਿੰਨਾਂ ਵਿਚੋਂ ਕਿਸੇ ਇਕ ਨਾਲ ਸੰਬੰਧਿਤ ਹੋਣਾ ਜ਼ਰੂਰੀ ਹੈ। ਪਰ ਗੁਰਬਾਣੀ ਦਾ ਘਰੁ, ਰਾਗੁ ਨਾਲ ਸੰਬੰਧਿਤ ਨਹੀਂ ਹੈ ਕਿਉਂਜੋ ਹਰ ਰਾਗੁ ਦੇ ਅਧਿਆਇ ਵਿਚ ਇਕ ਤੋਂ ਵੱਧ ਪ੍ਰਕਾਰ ਦੇ ਘਰੁ ਦਰਜ ਹੁੰਦੇ ਹਨ। ਗੁਰਬਾਣੀ ਦਾ ਘਰੁ ਸੁਰ ਨਾਲ ਵੀ ਸੰਬੰਧਿਤ ਨਹੀਂ ਹੈ ਕਿਉਂਜੋ ਸੰਗੀਤ ਵਿਚ ਕੁਲ 12 ਸੁਰ ਹੀ ਹੁੰਦੇ ਹਨ ਜਦੋਂਕਿ ਗੁਰਬਾਣੀ ਵਿਚ 12 ਸੁਰਾਂ ਤੋਂ ਵੱਧ ਪ੍ਰਕਾਰ ਦੇ ਘਰੁ ਹਨ। ਘਰੁ ਦਾ ਤਾਲ ਨਾਲ ਸੰਬੰਧ ਗੁਰੂ ਸਾਹਿਬ ਨੇ ਆਪ ਹੀ ਖ਼ਤਮ ਕੀਤਾ ਹੈ ਕਿਉਂਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੜਤਾਲ, ਜੋ ਕਿ ਤਾਲਾਂ ਦਾ ਸਮੂਹ ਹੁੰਦਾ ਹੈ, ਦਾ ਇਕ ਵਿਸ਼ੇਸ਼ ਘਰੁ ਨਿਰਧਾਰਿਤ ਕੀਤਾ ਗਿਆ ਹੈ, ਜਿਵੇਂ, ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩। ਜੇਕਰ ਤਾਲਾਂ ਦੇ ਸਾਰੇ ਸਮੂਹ ਦਾ ਇੱਕੋ ਘਰੁ ਹੈ ਤਾਂ ਇਕੱਲੀ-ਇਕੱਲੀ ਤਾਲ ਦਾ ਘਰੁ ਦੇ ਵਿਸ਼ੇਸ਼ ਪ੍ਰਕਾਰ ਨਾਲ ਸੰਬੰਧ ਨਹੀਂ ਹੋ ਸਕਦਾ, ਭਾਵ, ਗੁਰੂ ਸਾਹਿਬ ਅਨੁਸਾਰ ਗੁਰਬਾਣੀ ਦਾ ਘਰੁ ਦਾ ਤਾਲ-ਆਧਾਰਿਤ ਨਹੀਂ ਹੈ।
ਇਉਂ, ਗੁਰਬਾਣੀ ਦੇ ਸਿਰਲੇਖਾਂ ਵਿਚ ਘਰੁ ਦਾ ਸੰਬੰਧ ਗਾਇਨ ਨਾਲ ਨਹੀਂ ਹੈ। ਇਸ ਲਈ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਬਾਣੀ ਦੇ ਸਿਰਲੇਖਾਂ ਵਿਚ ਘਰੁ ਦਾ ਗੁਰਬਾਣੀ ਨਾਲ ਕੀ ਸੰਬੰਧ ਹੈ। ਗੁਰਬਾਣੀ ਦੇ ਘਰੁ ਦਾ ਵਿਲੱਖਣ ਵਿਧਾਨ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਵਿਧਾਨ ਹੈ। ਸਾਰੀ ਬਾਣੀ ਨੂੰ ਇੱਕੋ ਢੰਗ ਨਾਲ ਨਹੀਂ ਸਮਝਿਆ ਜਾ ਸਕਦਾ। ਇਸ ਲਈ ਘਰੁ ਦੇ ਵੱਖ-ਵੱਖ ਪ੍ਰਕਾਰ ਹਨ। ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਉਪਦੇਸ਼ ਦੇ ਭਾਗ ਨਿਰਧਾਰਿਤ ਹੁੰਦੇ ਹਨ ਅਤੇ ਨਿਰਧਾਰਿਤ ਘਰਾਂ ਦੀ ਗਿਣਤੀ ਅਨੁਸਾਰ ਉਪਦੇਸ਼ ਦਾ ਲਹਿਜਾ ਨਿਰਧਾਰਿਤ ਹੁੰਦਾ ਹੈ।
ਗੁਰਬਾਣੀ ਦੇ ਵਿਆਕਰਣ ਅਤੇ ਘਰੁ ਇਸ ਦੇ ਉਪਦੇਸ਼ਾਂ ਨੂੰ ਸਮਝਣ ਲਈ ਇਕ ਦੂਜੇ ਵਿਚ ਰਚੇ-ਮਿਚੇ ਹੋਏ ਹਨ। ਵਿਆਕਰਣ ਤੋਂ ਗੁਰਬਾਣੀ ਦਾ ਉਪਦੇਸ਼ ਅਤੇ ਘਰੁ ਤੋਂ ਉਪਦੇਸ਼ ਦਾ ਲਹਿਜਾ ਪਤਾ ਲੱਗਦਾ ਹੈ। ਤੁਕਾਂ ਵਿਚ ਵਿਸ਼ਰਾਮ ਦਾ ਵਿਧਾਨ ਵੀ ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਨਿਰਧਾਰਿਤ ਹੁੰਦਾ ਹੈ।
ਘਰੁ ਦੇ ਵਿਸ਼ੇਸ਼ ਪ੍ਰਕਾਰ ਅਨੁਸਾਰ ਗੁਰਬਾਣੀ ਦੇ ਉਪਦੇਸ਼ ਵਿਲੱਖਣ ਹਨ। ਇਕ ਪ੍ਰਕਾਰ ਦੇ ਉਪਦੇਸ਼ ਉਹ ਹਨ ਜੋ ਗੁਰਬਾਣੀ ਦੀ ਇਕ ਤੁਕ ਵਿਚ ਹੀ ਸੰਪੂਰਨ ਹੁੰਦੇ ਹਨ। ਅਜਿਹੇ ਸ਼ਬਦਾਂ ਅਤੇ ਬਾਣੀਆਂ ਦੇ ਸਿਰਲੇਖ ਵਿਚ ਘਰੁ ੧ ਦਰਜ ਹੁੰਦਾ ਹੈ ਅਤੇ ਹਰ ਤੁਕ ਦੀ ਸਮਾਪਤੀ ’ਤੇ ਪੂਰਨ ਵਿਰਾਮ ਹੁੰਦਾ ਹੈ, ਜਿਵੇਂ: ਰਾਗੁ ਆਸਾ ਮਹਲਾ ੧ ਘਰੁ ੧ ਸੋ ਦਰੁ ॥ ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਾਲੇ ॥ ਘਰੁ ੧ ਦੀ ਇਸ ਸਮੁੱਚੀ ਤੁਕ ਵਿਚ ਗੁਰਬਾਣੀ ਦਾ ਇਕ ਸੰਪੂਰਨ ਉਪਦੇਸ਼ ਹੈ। ਦੂਜੀ ਤੁਕ ਨਾਲ ਦੂਜਾ ਉਪਦੇਸ਼ ਸ਼ੁਰੂ ਹੁੰਦਾ ਹੈ ਜੋ ਦੂਜੀ ਤੁਕ ਦੀ ਸਮਾਪਤੀ ’ਤੇ ਸੰਪੂਰਨ ਹੋ ਜਾਂਦਾ ਹੈ, ਜਿਵੇਂ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥
ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਨ੍ਹਾਂ ਬਾਣੀਆਂ ਵਿਚ ਗੁਰਬਾਣੀ ਦੇ ਸੁਨੇਹੇ ਘਰੁ ੧ ਦੇ ਇਸ ਵਿਧਾਨ ਅਨੁਸਾਰ ਹਨ: ‘ਦਿਨ ਰੈਣਿ’ (੧੩੬-੧੩੭), ‘ਥਿਤੀ ਗਉੜੀ ਮਹਲਾ ੫’ (੨੯੬-੩੦੦), ‘ਮਹਲਾ ੩ ਪਟੀ’ (੪੩੪-੪੩੫), ‘ਕੁਚਜੀ’ (੭੬੨-੭੬੨), ‘ਸੁਚਜੀ’ (੭੬੨-੭੬੩), ‘ਗੁਣਵੰਤੀ’ (੭੬੩-੭੬੩), ‘ਓਅੰਕਾਰੁ’ (੯੨੯-੯੩੮), ‘ਸਿਧ ਗੋਸਟਿ’ (੯੩੮-੯੪੬), ਅਤੇ ‘ਫੁਨਹੇ’ (੧੩੬੧-੧੩੬੩) ਹਨ।
ਕੁਝ ਉਪਦੇਸ਼ ਇਕ ਤੁਕ ਵਿਚ ਨਹੀਂ, ਦੋ ਤੁਕਾਂ ਵਿਚ ਹੀ ਸੰਪੂਰਨ ਹੁੰਦੇ ਹਨ। ਇਸ ਲਈ ਦੂਜੀ ਤੁਕ ਦੀ ਸਮਾਪਤੀ ’ਤੇ ਪੂਰਨ ਵਿਰਾਮ ਹੁੰਦਾ ਹੈ ਜਦੋਂਕਿ ਪਹਿਲੀ ਤੁਕ ਦੀ ਸਮਾਪਤੀ ’ਤੇ ਅਰਧ-ਵਿਰਾਮ ਹੁੰਦਾ ਹੈ। ਅਜਿਹੇ ਉਪਦੇਸ਼ ਘਰੁ ੨ ਦੇ ਉਪਦੇਸ਼ ਹੁੰਦੇ ਹਨ, ਜਿਵੇ: ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ ੧ਸੁਣਿ ਵਡਾ ਆਖੈ ਸਭ ਕੋਈ ॥ ੨ਕੇਵਡੁ ਵਡਾ ਡੀਠਾ ਹੋਈ ॥ ਉਪਦੇਸ਼ ਦੀ ਹਰ ਤੁਕ ਵਿਚ ਇਕ-ਇਕ ਘਰ ਹੁੰਦਾ ਹੈ। ਇਹ ਦੋਵੇਂ ਘਰ, ਗੁਰਬਾਣੀ ਦੇ ਘਰੁ ੨ ਦੇ ਵਿਧਾਨ ਅਨੁਸਾਰ ਇਕ-ਦੂਜੇ ਨਾਲ ਇੰਨੇ ਸੰਬੰਧਿਤ ਹਨ ਕਿ ਦੋਹਾਂ ਨੂੰ ਜੋੜ ਕੇ ਹੀ ਗੁਰਬਾਣੀ ਦਾ ਮੌਲਿਕ ਉਪਦੇਸ਼ ਬੁੱਝਿਆ ਜਾਂਦਾ ਹੈ। ਅਗਲਾ ਉਪਦੇਸ਼ ਅਗਲੀਆਂ ਦੋ ਤੁਕਾਂ ਵਿਚ ਸੰਪੂਰਨ ਹੁੰਦਾ ਹੈ ਜਿਵੇਂ, ੧ਕੀਮਤਿ ਪਾਇ ਨ ਕਹਿਆ ਜਾਇ ॥ ੨ਕਹਣੈ ਵਾਲੇ ਤੇਰੇ ਰਹੇ ਸਮਾਇ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ‘ਕਰਹਲੇ’ (੨੩੪-੨੩੫), ‘ਸੁਖਮਨੀ’ (੨੬੨-੨੯੬), ‘ਬਾਵਨ ਅਖਰੀ ਕਬੀਰ ਜੀਉ ਕੀ’ (੩੪੦-੩੪੩), ‘ਥਿਤੰੀ ਕਬੀਰ ਜੀ ਕੰੀ’ (੩੪੩-੩੪੪), ‘ਵਾਰ ਕਬੀਰ ਜੀਉ ਕੇ ੭’ (੩੪੪-੩੪੫), ‘ਮਹਲਾ ੧ ਪਟੀ ਲਿਖੀ’ (੪੩੨-੪੩੪), ‘ਗਾਥਾ’ (੧੩੬੦-੧੩੬੧) ਅਤੇ ‘ਚਉਬੋਲੇ’ (੧੩੬੩-੧੩੬੪)।
ਘਰੁ ੩ ਦੇ ਸਬਦਾਂ ਅਤੇ ਬਾਣੀਆਂ ਦੇ ਹਰ ਪਦੇ ਵਿਚ ਗੁਰਬਾਣੀ ਦਾ ਉਪਦੇਸ਼ ਤਿੰਨ ਘਰਾਂ ਦੇ ਮੇਲ ਨਾਲ ਸੰਪੂਰਨ ਹੁੰਦਾ ਹੈ। ਤੀਜੇ ਘਰ ਉਪਰੰਤ ਪੂਰਨ ਵਿਰਾਮ ਹੁੰਦਾ ਹੈ, ਪਹਿਲੇ ਅਤੇ ਦੂਜੇ ਘਰ ਉਪਰੰਤ ਅਰਧ-ਵਿਰਾਮ ਹੁੰਦਾ ਹੈ ਅਤੇ ਕਿਸੇ ਘਰ ਅੰਦਰ ਸੰਬੋਧਨ ਆਦਿ ਕਾਰਨ ਵਿਸ਼ਰਾਮ ਦੇਣਾ ਹੋਵੇ ਤਾਂ ਅਤਿ-ਅਰਧ-ਵਿਰਾਮ (comma) ਹੁੰਦਾ ਹੈ, ਜਿਵੇਂ: ਆਸਾਵਰੀ ਮਹਲਾ ੫ ਘਰੁ ੩ ੴ ਸਤਿਗੁਰ ਪ੍ਰਸਾਦਿ ॥ ੧ਦਰਸਨ ਕੀ ਪਿਆਸ ਘਣੀ ੨ਚਿਤਵਤ ਅਨਿਕ ਪ੍ਰਕਾਰ ॥ ੩ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ ॥੧॥ (੪੩੧)। ਪਹਿਲਾ ਘਰ ‘ਦਰਸਨ ਕੀ ਪਿਆਸ ਘਣੀ’ ਹੈ, ਦੂਜਾ ਘਰ ‘ਚਿਤਵਤ ਅਨਿਕ ਪ੍ਰਕਾਰ’ ਹੈ ਅਤੇ ਤੀਜਾ ਘਰ ‘ਕਰਹੁ ਅਨੁਗ੍ਰਹੁ ਪਾਰਬ੍ਰਹਮ ਹਰਿ ਕਿਰਪਾ ਧਾਰਿ ਮੁਰਾਰਿ’ ਹੈ। ਤਿੰਨੇ ਘਰ ਇਕ-ਦੂਜੇ ਨਾਲ ਇੰਨੇ ਸੰਬੰਧਿਤ ਹਨ ਕਿ ਤਿੰਨਾਂ ਘਰਾਂ ਦੇ ਮੇਲ ਨਾਲ ਹੀ ਪੂਰੇ ਪਦੇ ਵਿਚ ਗੁਰਬਾਣੀ ਦਾ ਉਪਦੇਸ਼ ਸੰਪੂਰਨ ਹੁੰਦਾ ਹੈ। ਘਰੁ ੩ ਅਨੁਸਾਰ ਗੁਰਬਾਣੀ ਦੇ ਸੁਨੇਹੇ ਨੂੰ ਸਮਝਣ ਦਾ ਇਹ ਵਿਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰੁ ੩ ਦੇ ਸਾਰੇ ਸ਼ਬਦਾਂ ’ਤੇ ਇਕਸਾਰ ਲਾਗੂ ਹੁੰਦਾ ਹੈ।
ਇਸੇ ਤਰ੍ਹਾਂ ਘਰੁ ੪ ਦੇ ਸ਼ਬਦਾਂ ਦੇ ਹਰ ਪਦੇ ਵਿਚ ਗੁਰਬਾਣੀ ਦਾ ਸੁਨੇਹਾ ਚਾਰ ਘਰਾਂ ਵਿਚ ਸੰਪੂਰਨ ਹੁੰਦਾ ਹੈ; ਘਰੁ ੫ ਦੇ ਹਰ ਪਦੇ ਵਿਚ ਪੰਜ ਘਰਾਂ ਵਿਚ ਸੰਪੂਰਨ ਹੁੰਦਾ ਹੈ ਅਤੇ ਘਰੁ ੬ ਦੇ ਹਰ ਪਦੇ ਵਿਚ ਛੇ ਘਰਾਂ ਦੇ ਮੇਲ ਨਾਲ ਸੰਪੂਰਨ ਹੁੰਦਾ ਹੈ। ਘਰੁ ਦਾ ਇਹੀ ਵਿਧਾਨ ਗੁਰਬਾਣੀ ਦੇ ਸ਼ਬਦਾਂ ਵਿਚ ਘਰੁ ਦੇ ਬਾਕੀ ਪ੍ਰਕਾਰਾਂ ’ਤੇ ਲਾਗੂ ਹੁੰਦਾ ਹੈ।
ਜੇਕਰ ਸ਼ਬਦ ਦੇ ਸਾਰੇ ਪਦਾਂ ਵਿਚ ਉਪਦੇਸ਼ ਸ਼ਬਦ ਦੇ ਵਿਸ਼ੇਸ਼ ਘਰੁ ਅਨੁਸਾਰ ਹੀ ਹੋਣ ਤਾਂ ਅਜਿਹੇ ਸ਼ਬਦ ਵਿਚ ਰਹਾਉ ਦਾ ਪਦਾ ਨਹੀਂ ਹੁੰਦਾ। ਜੇਕਰ ਕਿਸੇ ਸ਼ਬਦ ਵਿਚ ਇਕ ਜਾਂ ਵੱਧ ਰਹਾਉ ਦੇ ਪਦੇ ਹੋਣ ਤਾਂ ਅਜਿਹੇ ਪਦਾਂ ਵਿਚ ਉਪਦੇਸ਼ ਅਜਿਹਾ ਹੁੰਦਾ ਹੈ ਜਿਸ ਨੂੰ ਸਮਝਣ ਦਾ ਘਰੁ ਸ਼ਬਦ ਦੇ ਬਾਕੀ ਪਦਾਂ ਦੇ ਘਰੁ ਤੋਂ ਵੱਖਰਾ (ਰਿਹਾਅ ਹੋਇਆ) ਹੁੰਦਾ ਹੈ। ਜੇਕਰ ਸ਼ਬਦ ਵਿਚ ਰਹਾਉ ਦੇ ਪਦੇ ਤੋਂ ਇਲਾਵਾ ‘ਰਹਾਉ ਦੂਜਾ’ ਵੀ ਹੋਵੇ ਤਾਂ ਅਜਿਹੇ ਪਦੇ ਦੇ ਉਪਦੇਸ਼ ਨੂੰ ਸਮਝਣ ਦਾ ਘਰੁ, ਰਹਾਉ ਦੇ ਪਦੇ ਦੇ ਘਰੁ ਨਾਲੋਂ ਵੀ ਵੱਖਰਾ ਹੁੰਦਾ ਹੈ।
ਘਰੁ ਦਾ ਵਿਧਾਨ ਬੁੱਝਣ ਲਈ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਦੋ ਮਹੱਤਵਪੂਰਨ ਸੰਕੇਤ ਦਰਜ ਕੀਤੇ ਹਨ। ਪਹਿਲਾ ਸੰਕੇਤ, ‘ਸੰਖੇਪ ਮੰਗਲਾਚਰਨ’ (ੴ ਸਤਿਗੁਰ ਪ੍ਰਸਾਦਿ॥) ਹੈ ਅਤੇ ਦੂਜਾ ਸੰਕੇਤ ਸ਼ਬਦਾਂ ਦੀ ‘ਗਿਣਤੀ ਦੀ ਮੁੜ-ਸ਼ੁਰੂਆਤ’ ਹੈ। ਇਨ੍ਹਾਂ ਦੋਵੇਂ ਅਤਿ-ਮਹੱਤਵਪੂਰਨ ਸੰਕੇਤਾਂ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਰ ਪ੍ਰਕਾਰ ਦੇ ਘਰੁ ਦੀ ਸ਼ੁਰੂਆਤ ਅਤੇ ਇਕ ਘਰੁ ਤੋਂ ਦੂਜੇ ਘਰੁ ਵਿਚ ਬਦਲਾਅ ਦਾ ਮਾਰਗ-ਦਰਸ਼ਨ ਗੁਰੂ ਸਾਹਿਬ ਨੇ ਆਪ ਕੀਤਾ ਹੈ।
ਸ਼ਬਦਾਂ ਦੇ ਘਰਾਂ ਤੋਂ ਇਲਾਵਾ, ਛੰਤਾਂ ਦੇ ਵੀ ਅੱਠ ਪ੍ਰਕਾਰ ਦੇ ਘਰੁ (ਛੰਤ ਘਰੁ ੧ ਤੋਂ ਛੰਤ ਘਰੁ ੮ ਤਕ) ਹੁੰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੰਤ ਘਰੁ ੧ ਦੀਆਂ ਬਾਣੀ ‘ਪਹਰੇ’ (੭੪-੭੮) ਹੈ; ਛੰਤ ਘਰੁ ੨ ਦੀ ਬਾਣੀ ‘ਵਣਜਾਰਾ’ (੮੧-੮੨) ਅਤੇ ‘ਬਾਰਹ ਮਾਹਾ’ (੧੧੦੭-੧੧੧੦) ਹਨ; ਛੰਤ ਘਰੁ ੪ ਦੀ ਬਾਣੀ ‘ਬਿਰਹੜੇ’ (੪੩੧-੪੩੨) ਹੈ; ਛੰਤ ਘਰੁ ੫ ਦੀ ਬਾਣੀ ‘ਅਲਾਹਣੀਆ’ (੫੭੮-੫੮੨) ਹੈ; ਛੰਤ ਘਰੁ ੬ ਦੀਆਂ ਬਾਣੀਆਂ ‘ਅਨੰਦੁ’ (੯੧੭-੯੨੨), ‘ਸਦੁ’ (੯੨੩-੯੨੪) ਅਤੇ ‘ਰੁਤੀ’ (੯੨੭-੯੨੯) ਹਨ ਅਤੇ ਛੰਤ ਘਰੁ ੮ ਦੀ ਬਾਣੀ ‘ਅੰਜੁਲੀਆ’ (੧੦੧੯-੧੦੨੦) ਹੈ। ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਵਿਚ ਸਾਰੇ ਪ੍ਰਕਾਰ ਦੇ ਛੰਤਾਂ ਦੀ ਵਿਸਥਾਰਿਤ ਚਰਚਾ ਦਰਜ ਹੈ।
ਗੁਰਬਾਣੀ ਦਾ ਤੀਜੀ ਮਹੱਤਵਪੂਰਨ ਵਿਲੱਖਣਤਾ, ਗੁਰਬਾਣੀ ਦਾ ਉਚਾਰਨ ਹੈ। ਗੁਰਮੁਖੀ ਲਿਪੀ ਦੀ ਘਾੜਤ ਸਮੇਂ ਹੀ ਗੁਰੂ ਸਾਹਿਬ ਨੇ ਗੁਰਬਾਣੀ ਦੀ ਭਾਸ਼ਾ ਵਾਸਤੇ ਉਸ ਸਮੇਂ ਦੇ ਮੌਜੂਦਾ ਅੱਖਰਾਂ, ਮਾਤਰਾਵਾਂ ਅਤੇ ਚਿੰਨ੍ਹਾਂ ਵਿਚੋਂ ਵਿਸ਼ੇਸ਼ ਅੱਖਰਾਂ, ਮਾਤਰਾਵਾਂ ਅਤੇ ਚਿੰਨ੍ਹਾਂ ਦੀ ਚੋਣ ਕਰਕੇ ਗੁਰਬਾਣੀ ਦੀ ਭਾਸ਼ਾ ਦੀਆਂ ਉਚਾਰਨੀ ਧੁਨੀਆਂ ਦੀ ਵਿਲੱਖਣਤਾ ਦੀ ਨੀਂਹ ਰੱਖੀ ਸੀ। ਪੁਰਾਤਨ ਅਤੇ ਅਜੋਕੀਆਂ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਦਿਆਂ ਗੁਰਬਾਣੀ ਦੀ ਲਿਪੀ ਅਤੇ ਇਸ ਦੀਆਂ ਉਚਾਰਨੀ ਧੁਨੀਆਂ ਦੀ ਮੌਲਿਕਤਾ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਭਾਸ਼ਾਈ ਵਿਲੱਖਣਤਾ ਨੂੰ ਸਮਝਣ ਦੀ ਘਾਟ ਹੋਣ ਕਾਰਨ ਗੁਰਬਾਣੀ ਦੇ ਉਚਾਰਨ ਉੱਪਰ ਪੰਜਾਬੀ, ਫ਼ਾਰਸੀ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਭਾਵ ਪੈ ਰਿਹਾ ਹੈ। ਗੁਰਬਾਣੀ ਦੇ ਸਹੀ ਉਚਾਰਨ ਦੀ ਸਥਾਪਤੀ ਲਈ ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਵਿਚ ਗੁਰਬਾਣੀ ਦੇ ਨਾਂਵ, ਪੜਨਾਂਵ, ਕਿਰਿਆ, ਸੰਬੰਧਕ ਆਦਿ ਦੇ ਉਚਾਰਨ ਨੂੰ ਗੁਰਬਾਣੀ ਵਿਆਕਰਨ-ਆਧਾਰਿਤ ਗੁਰਬਾਣੀ ਉਚਾਰਨ ਪ੍ਰਣਾਲੀ ਅਨੁਸਾਰ ਨਿਰਧਾਰਿਤ ਕੀਤਾ ਹੈ, ਜਿਸ ਵਿਚ ਉਚਾਰਨੀ ਵਿਧਾਨ ਵਿਸਤਾਰ ਸਹਿਤ ਦਰਜ ਹੈ। ਉਕਾਰਾਂਤਕ (ਔਂਕੜ-ਅੰਤਕ), ਇਕਾਰਾਂਤਕ (ਸਿਹਾਰੀ-ਅੰਤਕ) ਅਤੇ ਅਕਾਰਾਂਤਕ (ਮੁਕਤਾ-ਅੰਤਕ) ਸ਼ਬਦਾਂ ਦੇ ਉਚਾਰਨ ਨੂੰ ਲਗਾਂ ਦੀ ਦੀਰਘ, ਪੂਰਨ ਅਤੇ ਲਘੂ ਧੁਨੀ ਅਨੁਸਾਰ ਗੁਰਬਾਣੀ ਦੇ ਉਚਾਰਣ ਦੀ ਵਿਲੱਖਣਤਾ ਨੂੰ ਨਿਰਧਾਰਿਤ ਕੀਤਾ ਹੈ। ਇਉਂ, ਗੁਰਬਾਣੀ ਦੀ ਸ਼ਬਦਾਵਲੀ ਵਿਚ ਲੱਗੀਆਂ ਸਾਰੀਆਂ ਲਗਾਂ ਨੂੰ ਵਿਲੱਖਣ ਉਚਾਰਨ ਰਾਹੀਂ ਗੁਰਬਾਣੀ ਸਰਵਣ ਕਰਨ ਵਾਲੇ ਤਕ ਪਹੁੰਚਾਉਣਾ ਯਕੀਨੀ ਬਣਾਇਆ ਗਿਆ ਹੈ।
ਪੁਰਾਤਨ ਹੱਥ-ਲਿਖਤਾਂ ਨੂੰ ਸਮਝਣ ਦੇ ਵਿਧਾਨ ਦੀ ਲੋੜੀਂਦੀ ਜਾਣਕਾਰੀ ਆਮ ਸੰਗਤਾਂ ਵਿਚ ਮੌਜੂਦ ਨਹੀਂ ਹੈ। ਪੁਰਾਤਨ ਹੱਥ-ਲਿਖਤਾਂ ਵਿਚ ਦਰਜ ‘ਜਪੁ ਗੁਰੂ ਰਾਮ ਦਾਸ ਜੀ ਕੇ’, ‘ਜੋਤੀ ਜੋਤਿ ਸਮਾਵਣੇ ਕਾ ਚਲਿਤ੍ਰ’, ‘ਪੋਥੀ ਲਿਖ ਪਹੂੰਚੇ’, ‘ਨਕਲ ਦਾ ਐਲਾਨ’, ‘ਗੁਰੂ ਸਾਹਿਬ ਦੇ ਦਸਤਖ਼ਤ’, ਪੁਰਾਤਨ ਹੱਥ-ਲਿਖਤਾਂ ਵਿਚ ‘ਵਾਧੂ ਬਾਣੀ’ ਪੁਰਾਤਨ ਹੱਥ-ਲਿਖਤਾਂ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਹਨ ਜਿਨ੍ਹਾਂ ਬਾਰੇ ਲੋੜੀਂਦੀ ਵਿਚਾਰ ਹਥਲੀ ਕਿਤਾਬ ਵਿਚ ਕੀਤੀ ਗਈ ਹੈ।
ਇਸ ਕਿਤਾਬ ਵਿਚ ‘ਤੁਕ’, ‘ਪਦਾ’, ‘ਦੁਪਦੇ’, ‘ਤਿਪਦੇ’, ‘ਚਉਪਦੇ’, ‘ਪੰਚਪਦੇ’, ‘ਛਕਾ’, ‘ਅਸਟਪਦੀ’,‘ਸੋਲਹੇ’, ‘ਸਲੋਕ’, ‘ਦੋਹਰਾ’, ‘ਡਖਣਾ’, ‘ਜੁਮਲਾ’, ‘ਝੋਲਨਾ’, ‘ਪਉੜੀ’, ‘ਰਡ’ ਅਤੇ ‘ਸੋਰਠੇ’ ਆਦਿ ਦੀਆਂ ਪਰਿਭਾਸ਼ਾਵਾਂ ਅਤੇ ਤਕਨੀਕੀ ਵੇਰਵੇ ਦਰਜ ਹਨ। ‘ਗੁਰਬਾਣੀ ਦੀ ਵਿਲੱਖਣਤਾ’ ਕਿਤਾਬ ਗੁਰਬਾਣੀ ਦਾ ਪਾਠ, ਕੀਰਤਨ ਅਤੇ ਵਿਆਖਿਆ ਕਰਨ ਵਾਲਿਆਂ ਲਈ ਗੁਰਬਾਣੀ ਦੇ ਉਪਦੇਸ਼ਾਂ ਦਾ ਮੌਲਿਕ ਲਹਿਜਾ ਤੇ ਸ਼ਬਦਾਵਲੀ ਦੀ ਵਿਲੱਖਣਤਾ ਜਾਣਨ ਅਤੇ ਸਹੀ ਉਚਾਰਨ ਕਰਨ ਵਾਸਤੇ ਅਤਿਅੰਤ ਲਾਭਦਾਇਕ ਸਿੱਧ ਹੋਵੇਗੀ।
* ਡਾਇਰੈਕਟਰ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ, ਲੁਧਿਆਣਾ।
ਈ-ਮੇਲ: GharInGurbani@gmail.com
ਸੰਪਰਕ: 98884-66676

Advertisement
Author Image

Advertisement
Advertisement
×