ਕੇਂਦਰੀ ਮੰਤਰੀ ਵੱਲੋਂ ਸਰਸਵਤੀ ਮਹਾਂਉਤਸਵ ਦੇ ਸਰਸ ਮੇਲੇ ਦਾ ਦੌਰਾ
ਸਤਪਾਲ ਰਾਮਗੜ੍ਹੀਆ
ਪਿਹੋਵਾ, 3 ਫਰਵਰੀ
ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਹਰਿਆਣਾ ਦੀ ਪਵਿੱਤਰ ਧਰਤੀ ’ਤੇ ਪਵਿੱਤਰ ਨਦੀ ਸਰਸਵਤੀ ਨੂੰ ਵਗਦਾ ਬਣਾਉਣ ਦੇ ਯਤਨ 1986 ਤੋਂ ਸ਼ੁਰੂ ਕੀਤੇ ਗਏ ਸਨ। ਇਸ ਮਹੱਤਵਪੂਰਨ ਕਾਰਜ ਲਈ 10 ਸਾਲ ਪਹਿਲਾਂ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੀ ਸਥਾਪਨਾ ਕੀਤੀ ਗਈ ਸੀ। ਇਨ੍ਹਾਂ 10 ਸਾਲਾਂ ਵਿੱਚ, ਸਰਸਵਤੀ ਨਦੀ ਦੇ ਰਸਤੇ ਦੇ ਨਾਲ ਲੱਗਦੀ ਲਗਪਗ 80 ਫ਼ੀਸਦੀ ਜ਼ਮੀਨ ਜਾਂ ਤਾਂ ਦਾਨ ਕੀਤੀ ਗਈ ਹੈ ਜਾਂ ਬੋਰਡ ਰਾਹੀਂ ਕਬਜ਼ੇ ਹਟਾਉਣ ਲਈ ਖਰੀਦੀ ਗਈ ਹੈ। ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ, ਸਰਸਵਤੀ ਨਦੀ ਨੂੰ ਦੁਬਾਰਾ ਵਹਾਅ ਦੇਣ ਦੇ ਯਤਨ ਸਫ਼ਲ ਹੋਣਗੇ। ਉਹ ਅੱਜ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਵੱਲੋਂ ਪਿਹੋਵਾ ਸਰਸਵਤੀ ਤੀਰਥ ਵਿੱਚ ਕਰਵਾਏ ਅੰਤਰਰਾਸ਼ਟਰੀ ਸਰਸਵਤੀ ਮਹਾਂਉਤਸਵ ਦੇ ਸਮਾਪਤੀ ਸਮਾਰੋਹ ਦੇ ਮੌਕੇ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਖੱਟਰ ਨੇ ਭਾਜਪਾ ਨੇਤਾ ਜੈ ਭਗਵਾਨ ਸ਼ਰਮਾ ਡੀਡੀ, ਮੀਤ ਪ੍ਰਧਾਨ ਧੂਮਨ ਸਿੰਘ ਕਿਰਮਚ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ ਨੇ ਹਰਿਆਣਾ ਸਰਸਵਤੀ ਵਿਰਾਸਤ ਵਿਕਾਸ ਬੋਰਡ ਦੀ ਪ੍ਰਦਰਸ਼ਨੀ ਦੇ ਨਾਲ-ਨਾਲ ਸਰਸ ਮੇਲੇ ਦਾ ਦੌਰਾ ਕੀਤਾ। ਇਸ ਤੋਂ ਬਾਅਦ ਕੇਂਦਰੀ ਊਰਜਾ ਮੰਤਰੀ ਸਰਸਵਤੀ ਤੀਰਥ ਵਿਖੇ ਬਣੇ ਆਰਤੀ ਸਥਾਨ ’ਤੇ ਪਹੁੰਚੇ। ਉਨ੍ਹਾਂ 1100 ਵਿਦਿਆਰਥੀਆਂ ਨਾਲ ਮਾਂ ਸਰਸਵਤੀ ਦੇ ਸ਼ਬਦ ਗਾਇਨ ਕੀਤੇ।ਬੋਰਡ ਦੇ ਮੀਤ ਪ੍ਰਧਾਨ ਧੁਮਨ ਸਿੰਘ ਕਿਰਮਚ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਇਸ ਤੋਂ ਬਾਅਦ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਲੋਕ ਕਲਾਕਾਰ ਗਜੇਂਦਰ ਫੋਗਾਟ ਅਤੇ ਹੋਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇਹਾ ਸਿੰਘ, ਪੁਲੀਸ ਸੁਪਰਡੈਂਟ ਵਰੁਣ ਸਿੰਗਲਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਨਗਰ ਨਿਗਮ ਚੇਅਰਮੈਨ ਆਸ਼ੀਸ਼ ਚੱਕਰਪਾਣੀ ਮੌਜੂਦ ਸਨ।