ਕੇਂਦਰੀ ਮੰਤਰੀ ਵੈਸ਼ਨਵ ਵੱਲੋਂ ਜ਼ੁਕਰਬਰਗ ਨੂੰ ਤੱਥਾਂ ’ਚ ਫੇਰ-ਬਦਲ ਨਾ ਕਰਨ ਦੀ ਨਸੀਹਤ
07:07 PM Jan 13, 2025 IST
ਨਵੀਂ ਦਿੱਲੀ, 13 ਜਨਵਰੀਕੇਂਦਰੀ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਫੇਸਬੁੱਕ ਫਾਊਂਡਰ ਮਾਰਕ ਜ਼ੁਕਰਬਰਗ ਦੇ ਉਸ ਦਾਅਵੇ ਦਾ ਮੋੜਵਾਂ ਜਵਾਬ ਦਿੱਤਾ, ਜਿਸ ’ਚ ਜ਼ੁਕਰਬਰਗ ਨੇ ਕਿਹਾ ਸੀ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਭਾਰਤ ਸਣੇ ਜ਼ਿਆਦਾਤਰ ਮੌਜੂਦਾ ਸਰਕਾਰਾਂ 2024 ਵਿੱਚ ਚੋਣਾਂ ਹਾਰ ਗਈਆਂ। ਵੈਸ਼ਨਵ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਬਿਆਨ ‘ਤੱਥਾਂ ਵਿੱਚ ਗਲਤ’ ਸੀ।
Advertisement
ਐਕਸ ’ਤੇ ਆਪਣੀ ਪੋਸਟ ’ਚ ਵੈਸ਼ਨਵ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਵਜੋਂ ਭਾਰਤ ਨੇ 2024 ਦੀਆਂ ਆਮ ਚੋਣਾਂ 64 ਕਰੋੜ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕਰਕੇ ਕਰਵਾਈਆਂ। ਉਨ੍ਹਾਂ ਕਿਹਾ, ‘‘ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਤੇ ਭਰੋਸਾ ਦੁਹਰਾਇਆ।’’
ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ, ‘‘ਮਿਸਟਰ ਜ਼ੁਕਰਬਰਗ ਦਾ ਦਾਅਵਾ ਕਿ ਕੋਵਿਡ ਤੋਂ ਬਾਅਦ 2024 ਦੀਆਂ ਚੋਣਾਂ ਵਿੱਚ ਭਾਰਤ ਸਣੇ ਜ਼ਿਆਦਾਤਰ ਮੌਜੂਦਾ ਸਰਕਾਰਾਂ ਹਾਰ ਗਈਆਂ, ਇਹ ਤੱਥਾਂ ਪੱਖੋਂ ਗਲਤ ਹੈ।’’
Advertisement
ਜ਼ੁਕਰਬਰਗ ਨੇ ਕਥਿਤ ਤੌਰ ’ਤੇ ਇੱਕ ਪੌਡਕਾਸਟ ਵਿੱਚ ਦਾਅਵਾ ਕੀਤਾ ਸੀ ਕਿ 2024 ਵਿੱਚ ਦੁਨੀਆ ਭਰ ਦੀਆਂ ਚੋਣਾਂ ਵਿੱਚ, ਭਾਰਤ ਸਣੇ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੇ ਸੱਤਾ ਗੁਆ ਦਿੱਤੀ। ਵੈਸ਼ਨਵ ਨੇ ਪੋਸਟ ਵਿੱਚ ਮੇਟਾ ਨੂੰ ਟੈਗ ਕਰਦਿਆਂ ਇਸ ਨੂੰ ਮਾਰਕ ਜ਼ੁਕਰਬਰਗ ਵੱਲੋਂ ਫੈਲਾਈ ਜਾ ਰਹੀ ‘ਗੁਮਰਾਹਕੁੰਨ’ ਜਾਣਕਾਰੀ ਦੱਸਿਆ। ਉਨ੍ਹਾਂ ਕਿਹਾ ,‘‘ਆਓ ਤੱਥਾਂ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖੀਏ।’’ -ਪੀਟੀਆਈ
Advertisement