ਕੇਂਦਰੀ ਸਿਹਤ ਰਾਜ ਮੰਤਰੀ ਵੱਲੋਂ ਏਆਈਆਈਏ ਦਾ ਦੌਰਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਅਗਸਤ
ਕੇਂਦਰੀ ਆਯੂਸ਼ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਪ੍ਰਤਾਪਰਾਓ ਜਾਧਵ ਨੇ ਆਲ-ਇੰਡੀਆ ਇੰਸਟੀਚਿਊਟ ਆਫ਼ ਆਯੁਰਵੇਦ (ਏਆਈਆਈਏ) ਦਾ ਦੌਰਾ ਕੀਤਾ। ਮੰਤਰੀ ਬਣਨ ਤੋਂ ਬਾਅਦ ਏਆਈਆਈਏ ਕੈਂਪਸ ਵਿੱਚ ਇਹ ਉਨ੍ਹਾਂ ਦੀ ਪਹਿਲੀ ਫੇਰੀ ਸੀ। ਸ੍ਰੀ ਜਾਧਵ ਨੇ ਪੂਰੇ ਕੈਂਪਸ ਦਾ ਨਿਰੀਖਣ ਕੀਤਾ ਅਤੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਇਲਾਜ ਦਾ ਜਾਇਜ਼ਾ ਲਿਆ। ਉਥੇ ਆਯੋਜਿਤ ਇਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਯੁਰਵੇਦ ਨੂੰ ਹਰ ਘਰ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਮੰਤਰੀ ਨੇ ਇਹ ਵੀ ਦੱਸਿਆ ਕਿ ਬਸਤੀਵਾਦੀ ਦੌਰ ਅਤੇ ਵਿਦੇਸ਼ੀ ਹਮਲਿਆਂ ਦੌਰਾਨ ਆਯੁਰਵੇਦ ਅਤੇ ਸਾਡੀ ਪਰੰਪਰਾਗਤ ਮੈਡੀਕਲ ਪ੍ਰਣਾਲੀ ਨੂੰ ਕਾਫੀ ਨੁਕਸਾਨ ਹੋਇਆ ਹੈ। ਅੱਜ, ਯੋਗ ਅਤੇ ਆਯੁਰਵੇਦ ਪ੍ਰਤੀ ਧਾਰਨਾ ਵਿੱਚ ਇੱਕ ਵਿਸ਼ਵਵਿਆਪੀ ਤਬਦੀਲੀ ਆਈ ਹੈ ਤੇ ਉਨ੍ਹਾਂ ਦੀ ਸਵੀਕ੍ਰਿਤੀ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਰਵਾਇਤੀ ਮੈਡੀਕਲ ਪ੍ਰਣਾਲੀ ਦਾ ਵਿਸਥਾਰ ਕਰਨ ਲਈ ਅਗਲੇ ਪੰਜ ਸਾਲਾਂ ਵਿੱਚ 10 ਨਵੇਂ ਆਯੂਸ਼ ਸੰਸਥਾਨ ਖੋਲ੍ਹੇ ਜਾਣਗੇ, ਜਿਸ ਨਾਲ ਭਾਰਤ ਦੇ ਹਰ ਨਾਗਰਿਕ ਨੂੰ ਐਲੋਪੈਥਿਕ ਪ੍ਰਣਾਲੀ ਵਾਂਗ ਹੀ ਇਸ ਦਾ ਲਾਭ ਮਿਲ ਸਕੇਗਾ। ਪ੍ਰੋਗਰਾਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਐਲਾਨ ਕੀਤਾ ਕਿ ਭਾਰਤ ਦੇ ਰਾਸ਼ਟਰਪਤੀ ਨੇ ਸੰਸਥਾ ਦਾ ਦੌਰਾ ਕਰਨ ਦੀ ਇੱਛਾ ਪ੍ਰਗਟਾਈ ਸੀ ਅਤੇ ਮੰਤਰੀ ਹੋਣ ਦੇ ਨਾਤੇ ਉਹ ਤਿਆਰੀਆਂ ਦਾ ਜਾਇਜ਼ਾ ਲੈਣ ਆਏ ਹਨ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋ.(ਡਾ.) ਤਨੁਜਾ ਨੇਸਾਰੀ ਨੇ ਕਿਹਾ ਕਿ ਮੰਤਰੀ ਨੇ ਆਯੁਰਵੇਦ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਆਯੁਰਵੇਦ ਨੂੰ ਲੋਕਾਂ ਤੱਕ ਪਹੁੰਚਾਉਣਾ ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ ਸਥਾਪਿਤ ਕਰਨ ਦੇ ਯਤਨ ਜਾਰੀ ਹਨ।