ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੰਮ੍ਰਿਤਸਰ ਦੌਰਾ ਭਲਕੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਸਤੰਬਰ
ਇੱਥੇ 26 ਸਤੰਬਰ ਨੂੰ ਹੋਣ ਵਾਲੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਵਿੱਚ ਉੱਤਰੀ ਭਾਰਤ ਦੇ ਸੂਬਿਆਂ ਦੇ ਆਪਸੀ ਵਿਵਾਦਤ ਮੁੱਦਿਆਂ ’ਤੇ ਚਰਚਾ ਹੋਵੇਗੀ। ਇਨ੍ਹਾਂ ਵਿੱਚ ਰਾਜ ਪੁਨਰਗਠਨ ਨਾਲ ਸਬੰਧਤ ਮੁੱਦੇ , ਦਰਿਆਈ ਪ੍ਰਾਜੈਕਟ ਅਤੇ ਪਾਣੀਆਂ ਦੀ ਵੰਡ ਦਾ ਮਾਮਲਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੋੜੀਂਦੀ ਜ਼ਮੀਨ ਦੀ ਪ੍ਰਾਪਤੀ, ਪੰਜਾਬ ਯੂਨੀਵਰਸਿਟੀ ਨਾਲ ਐਫਲੀਏਸ਼ਨ ਸਬੰਧੀ ਮੁੱਦਾ , ਵਾਤਾਵਰਨ ਅਤੇ ਜੰਗਲਾਤ ਸਬੰਧੀ, ਉਡਾਨ ਯੋਜਨਾ ਤਹਿਤ ਖੇਤਰੀ ਕੁਨੈਕਟੀਵਿਟੀ ਅਤੇ ਖੇਤਰੀ ਪੱਧਰ ਦੇ ਹੋਰ ਮੁੱਦੇ ਸ਼ਾਮਲ ਹੋਣਗੇ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। ਇਹ ਉੱਤਰੀ ਖੇਤਰੀ ਪਰਿਸ਼ਦ ਦੀ 31ਵੀਂ ਮੀਟਿੰਗ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ, ਲੱਦਾਖ, ਜੰਮੂ ਕਸ਼ਮੀਰ ਅਤੇ ਦਿੱਲੀ ਦੇ ਮੁੱਖ ਮੰਤਰੀ, ਹਰੇਕ ਰਾਜ ਦੇ ਦੋ ਸੀਨੀਅਰ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜਪਾਲ ਤੇ ਪ੍ਰਸ਼ਾਸਕ ਹਿੱਸਾ ਲੈਣਗੇ। ਇਨ੍ਹਾਂ ਤੋਂ ਇਲਾਵਾ ਮੈਂਬਰ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਤੇ ਹੋਰ ਸੀਨੀਅਰ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਬੁਲਾਰੇ ਨੇ ਦੱਸਿਆ ਕਿ 2014 ਤੋਂ ਬਾਅਦ ਹੁਣ ਤੱਕ 9 ਸਾਲਾਂ ਵਿੱਚ ਵੱਖ-ਵੱਖ ਖੇਤਰੀ ਕੌਂਸਲਾਂ ਦੀਆਂ ਕੁੱਲ 53 ਮੀਟਿੰਗਾਂ ਹੋਈਆਂ ਹਨ। ਇਨ੍ਹਾਂ ਵਿੱਚ ਸਥਾਈ ਕਮੇਟੀਆਂ ਦੀਆਂ 29 ਅਤੇ ਖੇਤਰੀ ਕੌਂਸਲਾਂ ਦੀਆਂ 24 ਮੀਟਿੰਗਾਂ ਸ਼ਾਮਿਲ ਹਨ।
ਅੰਮ੍ਰਿਤਸਰ ’ਚ ਬਾਹਰਲੇ ਜ਼ਿਲ੍ਹਿਆਂ ਤੋਂ ਪੁਲੀਸ ਫੋਰਸ ਸੱਦੀ: ਡੀਸੀਪੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਮਦ ਨੂੰ ਲੈ ਕੇ ਕੱਲ੍ਹ ਡੀਜੀਪੀ ਨੇ ਇੱਥੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਲਈ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਪੁਲੀਸ ਫੋਰਸ ਸੱਦੀ ਗਈ ਹੈ ਅਤੇ ਉੱਚ ਪੁਲੀਸ ਅਧਿਕਾਰੀਆਂ ਦੀਆਂ ਸੁਰੱਖਿਆ ਪ੍ਰਬੰਧਾਂ ਸਬੰਧੀ ਡਿਊਟੀਆਂ ਲੱਗੀਆਂ ਹੋਈਆਂ ਹਨ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ ਵੀ ਸੂਬਾਈ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਮੀਟਿੰਗ ਕਰ ਚੁੱਕੇ ਹਨ।