ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਿੱਟੂ ਦੇ ਹੱਕ ਵਿੱਚ ਪ੍ਰਚਾਰ

11:27 AM May 27, 2024 IST
ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਆਸ਼ੀਰਵਾਦ ਦਿੰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ।

ਗਗਨਦੀਪ ਅਰੋੜਾ
ਲੁਧਿਆਣਾ, 26 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਲਈ ਵੋਟਾਂ ਮੰਗਣ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣਾ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਦਾ ਸਾਥ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦਾਣਾ ਮੰਡੀ ਵਿੱਚ ਰੈਲੀ ਕੀਤੀ ਤੇ ਲੁਧਿਆਣਾ ਦੇ ਲੋਕਾਂ ਨੂੰ ਚੋਣਾਂ ਦੌਰਾਨ ਭਾਜਪਾ ਦਾ ਸਾਥ ਦੇਣ ਲਈ ਕਿਹਾ। ਸ੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਬਿੱਟੂ ਦੇ ਸਹਿਯੋਗ ਨਾਲ ਲੁਧਿਆਣਾ ਨੂੰ ਪੰਜ ਸਾਲ ਵਿਚ ਨਸ਼ਾ ਮੁਕਤ ਕਰਨ ਲਈ ਰੋਡ ਮੈਪ ਤਿਆਰ ਕਰ ਲਿਆ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਣਗੇ। ਉਨ੍ਹਾਂ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਦੂ ਤੇ ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਭਾਜਪਾ ਦਾ ਸਾਥ ਦੇਣ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਦੀ ਅਮਿਤ ਸ਼ਾਹ ਨੂੰ ਬਹੁਤ ਚਿੰਤਾ ਹੈ। ਉਹ ਚਾਹੁੰਦੇ ਹਨ ਕਿ ਜੇ ਭਾਜਪਾ ਦੀ ਸਰਕਾਰ ਬਣੇਗੀ ਤਾਂ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦੇਣਗੇ। ਪੰਜਾਬ ਵਿੱਚ ਨਸ਼ਾ, ਅਤਿਵਾਦ ਤੇ ਗੈਂਗਸਟਰਵਾਦ ਦਾ ਖਾਤਮਾ ਵੀ ਸਿਰਫ਼ ਕੇਂਦਰ ਦੀ ਮੋਦੀ ਸਰਕਾਰ ਹੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੀਆਂ ਸਨਅਤਾਂ ਦਾ ਬੁਰਾ ਹਾਲ ਹੈ। ਸਨਅਤਾਂ ਨੂੰ ਸਹੀ ਕਰਨ ਲਈ ਭਾਜਪਾ ਨੂੰ ਮੌਕਾ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜਿਹੜੇ ਸੂਬਿਆਂ ਵਿਚ ਭਾਜਪਾ ਦੀ ਸਰਕਾਰ ਹੈ, ਉਸ ਰਾਜ ਨੇ ਪੰਜਾਬ ਤੋਂ ਕਈ ਗੁਣਾਂ ਵੱਧ ਤਰੱਕੀ ਕੀਤੀ ਹੈ। ਯੂਪੀ ਤੋਂ ਹਮੇਸ਼ਾ ਲੋਕ ਪੰਜਾਬ ਆ ਕੇ ਕੰਮ ਕਰਦੇ ਸਨ ਪਰ ਹੁਣ ਸਾਡੀਆਂ ਸਨਅਤਾਂ ਯੂਪੀ ਵੱਲੋਂ ਮੂੰਹ ਕਰ ਰਹੀਆਂ ਹਨ। ਸਨਅਤਾਂ ਗੁਜਰਾਤ ਜਾ ਰਹੀਆਂ ਹਨ ਜਿਸ ਦਾ ਕਾਰਨ ਸਿਰਫ਼ ਭਾਜਪਾ ਹੀ ਹੈ।

Advertisement

ਕਿਸਾਨਾਂ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਮੁਜ਼ਾਹਰਾ

ਲਾਡੋਵਾਲ ਚੌਕ ਵਿੱਚ ਐਤਵਾਰ ਨੂੰ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ ਆਗੂ।

ਲੁਧਿਆਣਾ (ਗੁਰਿੰਦਰ ਸਿੰਘ): ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਲ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸੈਂਕੜੇ ਵਰਕਰਾਂ ਨੇ ਅੱਜ ਲਾਢੋਵਾਲ ਚੌਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ। ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜਸਦੇਵ ਸਿੰਘ ਲਲਤੋਂ ਅਤੇ ਰਣਜੀਤ ਸਿੰਘ ਗੁੜੇ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਅਮਿਤ ਸ਼ਾਹ ਨਾਲ ਸਵਾਲ ਜਵਾਬ ਕਰਨ ਲਈ ਦਾਣਾ ਮੰਡੀ ਜਾਣਾ ਚਾਹੁੰਦੇ ਸਨ ਪਰ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਲਾਡੋਵਾਲ ਚੌਕ ਕੋਲ ਨਾਕਾਬੰਦੀ ਕਰਕੇ ਰੋਕ ਲਿਆ ਜਿਸ ’ਤੇ ਉਨ੍ਹਾਂ ਚੌਕ ਵਿੱਚ ਹੀ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਅਮਿਤ ਸ਼ਾਹ ਗੋ ਬੈਕ ਦੇ ਨਾਅਰੇ ਲਗਾਏ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਕਾਲੇ ਕਾਨੂੰਨ ਵਾਪਸ ਲੈਣ ਸਮੇਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ। ਇਸ ਬਾਰੇ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਵਾਲ ਜਵਾਬ ਕਰਨ ਆਏ ਹਨ ਪਰ ਪੁਲੀਸ ਵੱਲੋਂ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਜਪਾ ਆਗੂਆਂ ਨਾਲ ਸ਼ਾਂਤਮਈ ਢੰਗ ਨਾਲ ਸਵਾਲ ਜਵਾਬ ਕਰਨ ਦੇ ਪ੍ਰੋਗਰਾਮ ਦਾ ਸੱਦਾ ਦਿੱਤਾ ਹੋਇਆ ਹੈ। ਕਿਸਾਨਾਂ ਨੇ ਸਖ਼ਤ ਗਰਮੀ ਅਤੇ ਕੜਕਦੀ ਧੁੱਪ ਦੇ ਬਾਵਜੂਦ ਚੌਕ ਵਿੱਚ ਧਰਨਾ ਦੇ ਕੇ ਮੁਜ਼ਾਹਰਾ ਕੀਤਾ। ਤਕਰੀਬਨ ਡੇਢ ਘੰਟੇ ਦੇ ਬਾਅਦ ਪੁਲੀਸ ਨੇ ਘੇਰਾਬੰਦੀ ਕਰਕੇ ਕਿਸਾਨਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਗੱਡੀਆਂ ਵਿੱਚ ਬਿਠਾ ਕੇ ਡੇਹਲੋਂ ਥਾਣੇ ਲਿਆ ਕੇ ਬੰਦ ਕਰ ਦਿੱਤਾ ਜਿੱਥੇ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।

ਪ੍ਰਸ਼ਾਸਨ ਨੇ ਕਿਸਾਨਾਂ ਨੂੰ ਭਾਜਪਾ ਦੀ ਰੈਲੀ ਨੇੜੇ ਢੁੱਕਣ ਨਾ ਦਿੱਤਾ

ਖੰਨਾ ਵਿੱਚ ਭਾਜਪਾ ਦੀ ਰੈਲੀ ਨੇੜੇ ਧਰਨਾ ਦਿੰਦੇ ਹੋਏ ਕਿਸਾਨ।

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੀ ਵੱਡੀ ਅਨਾਜ ਮੰਡੀ ਵਿਚ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਟਿਕਟ ’ਤੇ ਚੋਣ ਲੜ ਰਹੇ ਉਮੀਦਵਾਰ ਗੇਜਾ ਰਾਮ ਬਾਲਮੀਕਿ ਦੇ ਹੱਕ ਵਿਚ ਹੋਈ ਚੋਣ ਰੈਲੀ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਨ ਪੁੱਜੇ। ਇਸ ਮੌਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ 150 ਤੋਂ ਵਧੇਰੇ ਕਿਸਾਨ ਮੰਡੀ ਵਿਚ ਹੋ ਰਹੀ ਰੈਲੀ ਵਿਚ ਜਾਣ ਲਈ ਇਕੱਠੇ ਹੋਏ ਪਰ ਪੁਲੀਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੈਲੀ ਵਾਲੀ ਥਾਂ ਤੋਂ ਕਰੀਬ 200 ਗਜ਼ ਦੀ ਦੂਰੀ ’ਤੇ ਸਮਰਾਲਾ ਰੋਡ ਵਾਲੇ ਪਾਸੇ ਮੰਡੀ ਦੇ 2 ਨੰਬਰ ਗੇਟ ’ਤੇ ਰੋਕ ਲਿਆ ਜਿੱਥੇ ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ। ਇਸ ਮੌਕੇ ਕਿਸਾਨ ਆਗੂ ਪ੍ਰਗਟ ਸਿੰਘ ਕੋਟ ਪਨੈਚ, ਰਾਜਿੰਦਰ ਸਿੰਘ, ਬਲਵੰਤ ਸਿੰਘ ਰਾਜੇਵਾਲ, ਭੁਪਿੰਦਰ ਸਿੰਘ ਬੀਜਾ, ਬਲਦੇਵ ਸਿੰਘ, ਦਵਿੰਦਰ ਸਿੰਘ ਮਲੌਦ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਵੱਲੋਂ ਚੋਣ ਪ੍ਰਚਾਰ ਲਈ ਆਏ ਸ੍ਰੀ ਰਾਜਨਾਥ ਤੋਂ ਸਵਾਲ ਪੁੱਛਣ ਦਾ ਪ੍ਰੋਗਰਾਮ ਸੀ ਪਰ ਪੁਲੀਸ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਸੀਨੀਅਰ ਕਿਸਾਨ ਵਰਕਰਾਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰਕੇ ਸਮਾਗਮ ਵਿਚ ਨਹੀਂ ਆਉਣ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਕਾਰਵਾਈ ਲੋਕਤੰਤਰ ਦੇ ਨਾਂ ’ਤੇ ਧੱਬਾ ਸਾਬਤ ਹੋਈ ਹੈ। ਇਸ ਦੌਰਾਨ ਜਦੋਂ ਭਾਜਪਾ ਰੈਲੀ ਸਮਾਪਤ ਹੋਈ ਤਾਂ ਕਿਸਾਨਾਂ ਨੇ ਵੀ ਆਪਣਾ ਧਰਨਾ ਇਹ ਕਹਿ ਕੇ ਖਤਮ ਕਰ ਦਿੱਤਾ ਕਿ ਜਦੋਂ ਤੱਕ ਕਿਸਾਨਾਂ ਦੇ ਹੱਕ ਨਹੀਂ ਮਿਲਦੇ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

Advertisement

Advertisement