ਭਲਕੇ ਨੂਰਮਹਿਲ ਡੇਰੇ ਆਉਣਗੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ
ਦੀਪਕਮਲ
ਜਲੰਧਰ, 1 ਜੁਲਾਈ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 3 ਜੁਲਾਈ ਨੂੰ ਨੂਰਮਹਿਲ ਸਥਿਤ ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਏ ਜਾ ਰਹੇ ਗੁਰੂਪੂਰਨਿਮਾ ਮਹਾਉਤਸਵ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਨਾਲ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐੱਨ ਸੰਤੋਸ਼ ਅਤੇ ਪੰਜਾਬ ਦੀ ਸਮੁੱਚੀ ਭਾਜਪਾ ਲੀਡਰਸ਼ਿਪ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਵੇਗੀ। ਨੂਰਮਹਿਲ ਡੇਰੇ ਦੇ ਪ੍ਰਬੰਧਕ ਰਾਮਨਿਵਾਸ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੲੀ ਕੈਬਨਿਟ ਵਜ਼ੀਰਾਂ ਸਮੇਤ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਸ਼ਰਧਾਲੂਆਂ ਵਾਸਤੇ ਲੰਗਰ ਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਪ੍ਰੋਗਰਾਮ ਦੇ ਮੱਦੇਨਜ਼ਰ ਡੇਰੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਵੱਡੇ ਆਗੂਆਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਵੀ ਹੋੲੀ। ਜ਼ਿਕਰਯੋਗ ਹੈ ਕਿ ਇਹ ਡੇਰਾ ਉਦੋਂ ਚਰਚਾ ਵਿੱਚ ਆਇਆ ਸੀ, ਜਦੋਂ ਸੰਸਥਾਨ ਦੇ ਬਾਨੀ ਅਾਸ਼ੂਤੋਸ਼ ਮਹਾਰਾਜਾ ਦੇ 29 ਜਨਵਰੀ 2014 ਨੂੰ ਡਾਕਟਰਾਂ ਨੇ ਕਲੀਨੀਕਲੀ ਡੈੱਡ ਐਲਾਨ ਦਿੱਤਾ ਸੀ, ਪਰ ਸੰਸਥਾਨ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਮਹਾਰਾਜਾ ਆਸ਼ੂਤੋਸ਼ ਦੀ ਮੌਤ ਨਹੀਂ ਹੋਈ, ਸਗੋਂ ਉਹ ਸਮਾਧੀ ਵਿੱਚ ਹਨ। ਇਹ ਮਾਮਲਾ ਕਾਫੀ ਵਿਵਾਦਾਂ ਵਿੱਚ ਵੀ ਰਿਹਾ ਸੀ।