ਚੰਡੀਗੜ੍ਹ ਲਈ ਆਸ ਨਾਲੋਂ ਘੱਟ ਮਿਲਿਆ ਕੇਂਦਰੀ ਬਜਟ
ਆਤਿਸ਼ ਗੁਪਤਾ
ਚੰਡੀਗੜ੍ਹ, 1 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ਵਿੱਤੀ ਵਰ੍ਹੇ 2024-25 ਦੇ ਅੰਤਰਿਮ ਬਜਟ ’ਚ ਚੰਡੀਗੜ੍ਹ ਨੂੰ ਉਮੀਦ ਨਾਲੋਂ ਘੱਟ ਭਰ ਪਿਛਲੇ ਸਾਲ ਦੇ ਮੁਕਾਬਲੇ ਦਿਲ ਖੋਲ੍ਹ ਕੇ ਫੰਡ ਮਿਲੇ ਹਨ। ਇਸ ਵਾਰ ਕੇਂਦਰੀ ਬਜਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਪਿਛਲੇ ਸਾਲ ਦੇ ਮੁਕਾਬਲੇ 7.01 ਫ਼ੀਸਦ ਵਾਧੇ ਨਾਲ 6513.62 ਕਰੋੜ ਦੇ ਫੰਡ ਰੱਖੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 426.52 ਕਰੋੜ ਰੁਪਏ ਵੱਧ ਹਨ। ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਰੈਵੇਨਿਊ (ਤਨਖ਼ਾਹ ਅਤੇ ਹੋਰ ਖਰਚੇ) ਲਈ 5858.62 ਕਰੋੜ ਰੁਪਏ ਅਤੇ 655 ਕਰੋੜ ਰੁਪਏ ਕੈਪੀਟਲ ਵਾਸਤੇ ਰੱਖੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਵਿੱਤੀ ਵਰ੍ਹੇ 2024-25 ਵਿੱਚ ਸ਼ਹਿਰ ਦੇ ਵਿਕਾਸ ਅਤੇ ਹੋਰਨਾਂ ਖਰਚਿਆਂ ਲਈ 7800 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਿਛਲੇ ਸਾਲ ਕੇਂਦਰ ਸਰਕਾਰ ਨੇ ਚੰਡੀਗੜ੍ਹ ਲਈ 6087.10 ਕਰੋੜ ਰੁਪਏ ਜਾਰੀ ਕੀਤੇ ਸਨ, ਜਿਸ ਵਿੱਚ 5365.07 ਕਰੋੜ ਰੁਪਏ ਰੈਵੇਨਿਊ ਅਤੇ 722.03 ਕਰੋੜ ਰੁਪਏ ਕੈਪੀਟਲ ਵਾਸਤੇ ਸਨ। ਇਸ ਵਾਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ ’ਚ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸ ਦੇ ਨਾਲ ਹੀ ਸੁਰੱਖਿਆ, ਊਰਜਾ, ਟਰਾਂਸਪੋਰਟ ਤੇ ਸ਼ਹਿਰੀ ਵਿਕਾਸ ਲਈ ਵੀ ਦਿਲ ਖੋਲ੍ਹ ਕੇ ਫੰਡ ਰੱਖੇ ਗਏ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਇਸ ਵਰ੍ਹੇ ਸਿੱਖਿਆ ਦੇ ਬਜਟ ਵਿੱਚ ਕਟੌਤੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸਿਹਤ ਹੱਬ ਵਜੋਂ ਵਿਕਸਤ ਕਰਨ ਦੇ ਟੀਚਾ ਰੱਖਦਿਆ ਸਿਹਤ ਪ੍ਰਬੰਧਾਂ ਲਈ ਸਭ ਤੋਂ ਵੱਧ ਫੰਡ ਜਾਰੀ ਕੀਤੇ ਹਨ।
ਇਸ ਵਾਰ ਸਿਹਤ ਪ੍ਰਬੰਧਾਂ ਲਈ 804.77 ਕਰੋੜ ਰੁਪਏ ਰੱਖੇ ਗਏ ਹਨ। ਦੇਸ਼ ਵਿੱਚ ਵਧੀਆਂ ਸੇਵਾਵਾਂ ਦੇਣ ਲਈ ਮੰਨੀ ਜਾਂਦੀ ਚੰਡੀਗੜ੍ਹ ਪੁਲੀਸ ਦੇ ਬਜਟ ’ਚ ਇਜ਼ਾਫਾ ਕਰਦਿਆਂ 823.21 ਕਰੋੜ ਰੁਪਏ, ਊਰਜਾ ਲਈ 1093.70 ਕਰੋੜ ਰੁਪਏ, ਟਰਾਂਸਪੋਰਟ ਲਈ 455.80 ਕਰੋੜ ਰੁਪਏ, ਘਰੇਲੂ ਅਤੇ ਸ਼ਹਿਰੀ ਵਿਕਾਸ ਲਈ 85.54 ਕਰੋੜ ਰੁਪਏ ਅਤੇ ਹੋਰਨਾਂ ਲਈ 1428.62 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਸਿੱਖਿਆ ਲਈ 1031.98 ਕਰੋੜ ਰੁਪਏ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸਿੱਖਿਆ, ਪੁਲੀਸ, ਸਿਹਤ ਅਤੇ ਸ਼ਹਿਰੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਿੱਤ ਵਰ੍ਹੇ 2024-25 ਲਈ 7800 ਕਰੋੜ ਰੁਪਏ ਦੇ ਕਰੀਬ ਬਜਟ ਦੀ ਮੰਗ ਕੀਤੀ ਗਈ। ਪਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੀ ਉਮੀਦ ਨਾਲੋਂ ਘੱਟ ਪਰ ਪਿਛਲੇ ਸਾਲ ਦੇ ਮੁਕਾਬਲੇ ਵਾਧੂ ਰਕਮ ਚੰਡੀਗੜ੍ਹ ਦੇ ਹਵਾਲੇ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਵਿੱਤ ਵਰ੍ਹੇ 2023-24 ਲਈ ਚੰਡੀਗੜ੍ਹ ਪੁਲੀਸ ਲਈ 743.40 ਕਰੋੜ ਰੁਪਏ, ਸਿੱਖਿਆ ਲਈ 1102.25 ਕਰੋੜ ਰੁਪਏ, ਊਰਜਾ ਲਈ 963.30 ਕਰੋੜ ਰੁਪਏ, ਸਿਹਤ ਲਈ 661.79 ਕਰੋੜ ਰੁਪਏ, ਟਰਾਂਸਪੋਰਟ ਲਈ 400.68 ਕਰੋੜ ਰੁਪਏ, ਘਰੇਲੂ ਅਤੇ ਸ਼ਹਿਰੀ ਵਿਕਾਸ ਲਈ 844.97 ਕਰੋੜ ਰੁਪਏ ਅਤੇ ਹੋਰਨਾਂ ਲਈ 1370.71 ਕਰੋੜ ਰੁਪਏ ਜਾਰੀ ਕੀਤੇ ਗਏ ਸਨ।
ਕੇਂਦਰੀ ਬਜਟ ਵਿੱਚੋਂ ਪੀਜੀਆਈ ਦੇ ਹਿੱਸੇ ਆਏ 2200 ਕਰੋੜ ਰੁਪਏ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਵਿਤੀ ਵਰ੍ਹੇ 2024- 2025 ਲਈ ਜਾਰੀ ਕੀਤੇ ਅੰਤਰਿਮ ਬਜਟ ਵਿੱਚੋਂ ਪੀਜੀਆਈ ਚੰਡੀਗੜ੍ਹ ਨੂੰ 2200 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 77 ਕਰੋੜ ਰੁਪਏ ਵੱਧ ਹੈ। ਇਸ ਵਿੱਚ 350 ਕਰੋੜ ਰੁਪਏ ਕੈਪੀਟਲ ਲਈ ਜਾਰੀ ਕੀਤੇ ਗਏ ਹਨ। ਜਦੋਂ ਕਿ ਬਾਕੀ ਰਕਮ ਤਨਖਾਹਾਂ ਅਤੇ ਹੋਰਨਾਂ ਕੰਮਾਂ ਲਈ ਜਾਰੀ ਕੀਤੀ ਗਈ ਹੈ। ਪੀਜੀਆਈ ਦੇ ਵਿੱਤ ਸਲਾਹਕਾਰ ਵਰੁਣ ਆਲੂਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਿੱਥੇ ਗਏ ਫੰਡਾ ਨਾਲ ਪੀਜੀਆਈ ਦਾ ਚੌਥਾ ਤਰਫਾ ਵਿਕਾਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ ਵਿੱਚ ਲੋਕ ਇਲਾਜ ਕਰਵਾਉਣ ਆਉਂਦੇ ਹਨ। ਇਸ ਲਈ ਕੇਂਦਰ ਸਰਕਾਰ ਵੱਲੋਂ ਪੀਜੀਈ ਨੂੰ ਵਿਸ਼ੇਸ਼ ਤੌਰ ’ਤੇ ਤਰਜੀਹ ਦਿੱਤੀ ਜਾਂਦੀ ਹੈ।
ਕੇਂਦਰ ਨੇ ਮੱਧ ਵਰਗ ਨੂੰ ਕੀਤਾ ਨਜ਼ਰਅੰਦਾਜ਼: ਐੱਚਐੱਸ ਲੱਕੀ
ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਬਜਟ: ਜਤਿੰਦਰ ਮਲਹੋਤਰਾ
ਕੇਂਦਰ ਨੇ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ: ਅਰੁਣ ਸੂਦ
ਕੇਂਦਰੀ ਬਜਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ: ਡਾ. ਸੰਦੀਪ ਸੰਧੂ
ਕੇਂਦਰੀ ਸਰਕਾਰ ਦਾ ਬਜਟ ਔਰਤ ਵਿਰੋਧੀ ਹੈ: ਦੀਪਾ ਦੂਬੇ