For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਲਈ ਆਸ ਨਾਲੋਂ ਘੱਟ ਮਿਲਿਆ ਕੇਂਦਰੀ ਬਜਟ

08:53 AM Feb 02, 2024 IST
ਚੰਡੀਗੜ੍ਹ ਲਈ ਆਸ ਨਾਲੋਂ ਘੱਟ ਮਿਲਿਆ ਕੇਂਦਰੀ ਬਜਟ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 1 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ਵਿੱਤੀ ਵਰ੍ਹੇ 2024-25 ਦੇ ਅੰਤਰਿਮ ਬਜਟ ’ਚ ਚੰਡੀਗੜ੍ਹ ਨੂੰ ਉਮੀਦ ਨਾਲੋਂ ਘੱਟ ਭਰ ਪਿਛਲੇ ਸਾਲ ਦੇ ਮੁਕਾਬਲੇ ਦਿਲ ਖੋਲ੍ਹ ਕੇ ਫੰਡ ਮਿਲੇ ਹਨ। ਇਸ ਵਾਰ ਕੇਂਦਰੀ ਬਜਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਪਿਛਲੇ ਸਾਲ ਦੇ ਮੁਕਾਬਲੇ 7.01 ਫ਼ੀਸਦ ਵਾਧੇ ਨਾਲ 6513.62 ਕਰੋੜ ਦੇ ਫੰਡ ਰੱਖੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 426.52 ਕਰੋੜ ਰੁਪਏ ਵੱਧ ਹਨ। ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਰੈਵੇਨਿਊ (ਤਨਖ਼ਾਹ ਅਤੇ ਹੋਰ ਖਰਚੇ) ਲਈ 5858.62 ਕਰੋੜ ਰੁਪਏ ਅਤੇ 655 ਕਰੋੜ ਰੁਪਏ ਕੈਪੀਟਲ ਵਾਸਤੇ ਰੱਖੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਵਿੱਤੀ ਵਰ੍ਹੇ 2024-25 ਵਿੱਚ ਸ਼ਹਿਰ ਦੇ ਵਿਕਾਸ ਅਤੇ ਹੋਰਨਾਂ ਖਰਚਿਆਂ ਲਈ 7800 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਿਛਲੇ ਸਾਲ ਕੇਂਦਰ ਸਰਕਾਰ ਨੇ ਚੰਡੀਗੜ੍ਹ ਲਈ 6087.10 ਕਰੋੜ ਰੁਪਏ ਜਾਰੀ ਕੀਤੇ ਸਨ, ਜਿਸ ਵਿੱਚ 5365.07 ਕਰੋੜ ਰੁਪਏ ਰੈਵੇਨਿਊ ਅਤੇ 722.03 ਕਰੋੜ ਰੁਪਏ ਕੈਪੀਟਲ ਵਾਸਤੇ ਸਨ। ਇਸ ਵਾਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ ’ਚ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸ ਦੇ ਨਾਲ ਹੀ ਸੁਰੱਖਿਆ, ਊਰਜਾ, ਟਰਾਂਸਪੋਰਟ ਤੇ ਸ਼ਹਿਰੀ ਵਿਕਾਸ ਲਈ ਵੀ ਦਿਲ ਖੋਲ੍ਹ ਕੇ ਫੰਡ ਰੱਖੇ ਗਏ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਇਸ ਵਰ੍ਹੇ ਸਿੱਖਿਆ ਦੇ ਬਜਟ ਵਿੱਚ ਕਟੌਤੀ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਸਿਹਤ ਹੱਬ ਵਜੋਂ ਵਿਕਸਤ ਕਰਨ ਦੇ ਟੀਚਾ ਰੱਖਦਿਆ ਸਿਹਤ ਪ੍ਰਬੰਧਾਂ ਲਈ ਸਭ ਤੋਂ ਵੱਧ ਫੰਡ ਜਾਰੀ ਕੀਤੇ ਹਨ।
ਇਸ ਵਾਰ ਸਿਹਤ ਪ੍ਰਬੰਧਾਂ ਲਈ 804.77 ਕਰੋੜ ਰੁਪਏ ਰੱਖੇ ਗਏ ਹਨ। ਦੇਸ਼ ਵਿੱਚ ਵਧੀਆਂ ਸੇਵਾਵਾਂ ਦੇਣ ਲਈ ਮੰਨੀ ਜਾਂਦੀ ਚੰਡੀਗੜ੍ਹ ਪੁਲੀਸ ਦੇ ਬਜਟ ’ਚ ਇਜ਼ਾਫਾ ਕਰਦਿਆਂ 823.21 ਕਰੋੜ ਰੁਪਏ, ਊਰਜਾ ਲਈ 1093.70 ਕਰੋੜ ਰੁਪਏ, ਟਰਾਂਸਪੋਰਟ ਲਈ 455.80 ਕਰੋੜ ਰੁਪਏ, ਘਰੇਲੂ ਅਤੇ ਸ਼ਹਿਰੀ ਵਿਕਾਸ ਲਈ 85.54 ਕਰੋੜ ਰੁਪਏ ਅਤੇ ਹੋਰਨਾਂ ਲਈ 1428.62 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਸਿੱਖਿਆ ਲਈ 1031.98 ਕਰੋੜ ਰੁਪਏ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸਿੱਖਿਆ, ਪੁਲੀਸ, ਸਿਹਤ ਅਤੇ ਸ਼ਹਿਰੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਵਿੱਤ ਵਰ੍ਹੇ 2024-25 ਲਈ 7800 ਕਰੋੜ ਰੁਪਏ ਦੇ ਕਰੀਬ ਬਜਟ ਦੀ ਮੰਗ ਕੀਤੀ ਗਈ। ਪਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੀ ਉਮੀਦ ਨਾਲੋਂ ਘੱਟ ਪਰ ਪਿਛਲੇ ਸਾਲ ਦੇ ਮੁਕਾਬਲੇ ਵਾਧੂ ਰਕਮ ਚੰਡੀਗੜ੍ਹ ਦੇ ਹਵਾਲੇ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਸਾਲ ਵਿੱਤ ਵਰ੍ਹੇ 2023-24 ਲਈ ਚੰਡੀਗੜ੍ਹ ਪੁਲੀਸ ਲਈ 743.40 ਕਰੋੜ ਰੁਪਏ, ਸਿੱਖਿਆ ਲਈ 1102.25 ਕਰੋੜ ਰੁਪਏ, ਊਰਜਾ ਲਈ 963.30 ਕਰੋੜ ਰੁਪਏ, ਸਿਹਤ ਲਈ 661.79 ਕਰੋੜ ਰੁਪਏ, ਟਰਾਂਸਪੋਰਟ ਲਈ 400.68 ਕਰੋੜ ਰੁਪਏ, ਘਰੇਲੂ ਅਤੇ ਸ਼ਹਿਰੀ ਵਿਕਾਸ ਲਈ 844.97 ਕਰੋੜ ਰੁਪਏ ਅਤੇ ਹੋਰਨਾਂ ਲਈ 1370.71 ਕਰੋੜ ਰੁਪਏ ਜਾਰੀ ਕੀਤੇ ਗਏ ਸਨ।

Advertisement

ਕੇਂਦਰੀ ਬਜਟ ਵਿੱਚੋਂ ਪੀਜੀਆਈ ਦੇ ਹਿੱਸੇ ਆਏ 2200 ਕਰੋੜ ਰੁਪਏ

ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਅੱਜ ਵਿਤੀ ਵਰ੍ਹੇ 2024- 2025 ਲਈ ਜਾਰੀ ਕੀਤੇ ਅੰਤਰਿਮ ਬਜਟ ਵਿੱਚੋਂ ਪੀਜੀਆਈ ਚੰਡੀਗੜ੍ਹ ਨੂੰ 2200 ਕਰੋੜ ਰੁਪਏ ਦਾ ਬਜਟ ਜਾਰੀ ਕੀਤਾ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 77 ਕਰੋੜ ਰੁਪਏ ਵੱਧ ਹੈ। ਇਸ ਵਿੱਚ 350 ਕਰੋੜ ਰੁਪਏ ਕੈਪੀਟਲ ਲਈ ਜਾਰੀ ਕੀਤੇ ਗਏ ਹਨ। ਜਦੋਂ ਕਿ ਬਾਕੀ ਰਕਮ ਤਨਖਾਹਾਂ ਅਤੇ ਹੋਰਨਾਂ ਕੰਮਾਂ ਲਈ ਜਾਰੀ ਕੀਤੀ ਗਈ ਹੈ। ਪੀਜੀਆਈ ਦੇ ਵਿੱਤ ਸਲਾਹਕਾਰ ਵਰੁਣ ਆਲੂਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕਿੱਥੇ ਗਏ ਫੰਡਾ ਨਾਲ ਪੀਜੀਆਈ ਦਾ ਚੌਥਾ ਤਰਫਾ ਵਿਕਾਸ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੀਜੀਆਈ ਚੰਡੀਗੜ੍ਹ ਵਿੱਚ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਤੋਂ ਵੱਡੀ ਗਿਣਤੀ ਵਿੱਚ ਲੋਕ ਇਲਾਜ ਕਰਵਾਉਣ ਆਉਂਦੇ ਹਨ। ਇਸ ਲਈ ਕੇਂਦਰ ਸਰਕਾਰ ਵੱਲੋਂ ਪੀਜੀਈ ਨੂੰ ਵਿਸ਼ੇਸ਼ ਤੌਰ ’ਤੇ ਤਰਜੀਹ ਦਿੱਤੀ ਜਾਂਦੀ ਹੈ।

ਕੇਂਦਰ ਨੇ ਮੱਧ ਵਰਗ ਨੂੰ ਕੀਤਾ ਨਜ਼ਰਅੰਦਾਜ਼: ਐੱਚਐੱਸ ਲੱਕੀ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਅੰਤ੍ਰਿਮ ਬਜਟ ਜਨ ਵਿਰੋਧੀ ਬਜਟ ਹੈ। ਬਜਟ ਵਿੱਚ ਮੱਧ ਵਰਗ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਆਮਦਨ ਕਰ ਦੀ ਸਲੈਬ ਵਿੱਚ ਕੋਈ ਛੁੱਟ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਿਟੀ ਬਿਊਟੀਫੁੱਲ ਨੂੰ ਵੀ ਬਜਟ ਵਿੱਚ ਕੋਈ ਬਹੁਤਾ ਨਹੀਂ ਦਿੱਤਾ ਗਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ 7800 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਤੇ ਮਿਲਿਆ 6513 ਕਰੋੜ ਰੁਪਏ ਹਨ। ਇਹ ਲੋੜ ਨਾਲੋਂ 20 ਫ਼ੀਸਦ ਦੇ ਕਰੀਬ ਘੱਟ ਹਨ।

ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਬਜਟ: ਜਤਿੰਦਰ ਮਲਹੋਤਰਾ

ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਵਿੱਤ ਵਰ੍ਹੇ 2024-25 ਦਾ ਅੰਤ੍ਰਿਮ ਬਜਟ ਸਬਕਾ ਸਾਥ, ਸਬਕਾ ਵਿਕਾਸ ਤੇ ਸਬਕਾ ਬਜਟ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ ਵਿੱਚ 7 ਫ਼ੀਸਦ ਦਾ ਵਾਧਾ ਕੀਤਾ ਹੈ। ਉੱਥੇ ਹੀ ਕਿਸਾਨਾਂ, ਗਰੀਬਾਂ, ਔਰਤਾਂ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੋਲਰ ਸਟੇਸ਼ਨ ਸਕੀਮ ਤਹਿਤ ਦੇਸ਼ ਵਿੱਚ ਇਕ ਕਰੋੜ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁੜ ਮੁਫ਼ਤ ਬਿਜਲੀ ਦਿੱਤੀ ਜਾਵੇਗੀ।

ਕੇਂਦਰ ਨੇ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ: ਅਰੁਣ ਸੂਦ

ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ ਵਿੱਚ ਪੁਲੀਸ, ਊਰਜਾ, ਸਿਹਤ, ਘਰੇਲੂ ਤੇ ਸ਼ਹਿਰੀ ਵਿਕਾਸ ਅਤੇ ਟਰਾਂਸਪੋਰਟ ਸਣੇ ਹਰ ਵਰਗ ਲਈ ਵਾਧਾ ਕੀਤਾ ਹੈ। ਸ੍ਰੀ ਸੂਦ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਬਜਟ ਵਿੱਚ ਕਿਸਾਨਾਂ, ਸੀਨੀਅਰ ਸੀਟੀਜ਼ਨ ਅਤੇ ਔਰਤਾਂ ਸਣੇ ਸਾਰਿਆਂ ਦਾ ਧਿਆਨ ਰੱਖਿਆ ਗਿਆ ਹੈ।

ਕੇਂਦਰੀ ਬਜਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ: ਡਾ. ਸੰਦੀਪ ਸੰਧੂ

ਚੰਡੀਗੜ੍ਹ ਵਿਕਾਸ ਸਮਿਤੀ ਦੀ ਪ੍ਰਧਾਨ ਡਾ. ਸੰਦੀਪ ਸੰਧੂ ਨੇ ਕੇਂਦਰ ਸਰਕਾਰ ਦੇ ਅੰਤ੍ਰਿਮ ਬਜਟ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਵਿੱਤੀ ਘਾਟੇ ਨੂੰ ਘਟਾਉਣ ਲਈ ਤੈਅ ਕੀਤਾ ਟੀਚਾ ਵੀ ਲਾਹੇਵੰਦ ਹੈ। ਡਾ. ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਕਿਸਾਨਾਂ, ਨੌਜਵਾਨਾਂ, ਔਰਤਾਂ ਲਈ ਵਿਸ਼ੇਸ਼ ਤੌਰ ’ਤੇ ਧਿਆਨ ਕੇਂਦਰਿਤ ਕੀਤਾ ਹੈ।

ਕੇਂਦਰੀ ਸਰਕਾਰ ਦਾ ਬਜਟ ਔਰਤ ਵਿਰੋਧੀ ਹੈ: ਦੀਪਾ ਦੂਬੇ

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਵਿੱਤ ਵਰ੍ਹੇ 2024-25 ਦਾ ਅਤ੍ਰਿਮ ਬਜਟ ਔਰਤ ਵਿਰੋਧੀ ਬਜਟ ਹੈ। ਇਸ ਵਿੱਚ ਔਰਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਔਰਤਾਂ ਦੀ ਰਸੋਈ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਟਿਆਰਾਂ, ਔਰਤਾਂ, ਬਜ਼ੁਰਗਾਂ, ਗਰਭਵਤੀ ਅਤੇ ਵਿਧਵਾ ਔਰਤਾਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਮੁਟਿਆਰਾਂ ਲਈ ਰੁਜ਼ਗਾਰ ਦੀ ਕੋਈ ਯੋਜਨਾਂ ਨਹੀਂ ਹੈ।

ਕੇਂਦਰ ਸਰਕਾਰ ਨੇ ਹਰ ਵਰਗ ਨੂੰ ਕੀਤਾ ਨਜ਼ਰਅੰਦਾਜ: ਸਨੀ ਆਹਲੂਵਾਲੀਆ

ਚੰਡੀਗੜ੍ਹ ‘ਆਪ’ ਦੇ ਸਹਿ ਇੰਚਾਰਜ ਡਾ. ਸਨੀ ਆਹਲੂਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਅੰਤ੍ਰਿਮ ਬਜਟ ਵਿੱਚ ਹਰ ਵਰਗ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਸ ਬਜਟ ਵਿੱਚ ਕਿਸਾਨਾਂ, ਨੌਜਵਾਨਾਂ, ਔਰਤਾਂ, ਵਪਾਰੀਆਂ ਤੇ ਆਮ ਲੋਕਾਂ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਚੰਡੀਗੜ੍ਹ ਲਈ ਵੀ ਕੁਝ ਵਿਸ਼ੇਸ਼ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਮੰਗ ਕੀਤੀ ਗਈ ਰਾਸ਼ੀ ਤੋਂ ਬਹੁਤ ਘੱਟ ਬਜਟ ਜਾਰੀ ਕੀਤਾ ਗਿਆ ਹੈ।

Advertisement
Author Image

Advertisement
Advertisement
×