ਕੇਂਦਰੀ ਬਜਟ ਸਾਰੇ ਵਰਗਾਂ ਲਈ ਫ਼ਾਇਦੇਮੰਦ: ਸ਼ਵੇਤ ਮਲਿਕ
ਪੱਤਰ ਪ੍ਰੇਰਕ
ਬਠਿੰਡਾ, 12 ਫਰਵਰੀ
ਬਠਿੰਡਾ ਪੁੱਜੇ ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਮੌਕੇ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਕੇਂਦਰੀ ਬਜਟ ਦੀ ਸ਼ਲਾਘਾ ਕੀਤੀ। ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਸਮਾਜ ਦੇ ਹਰ ਵਰਗ ਲਈ ਲਾਹੇਵੰਦ ਹੈ, ਜਿੱਥੇ ਟੈਕਸ ਸਲੈਬ ਵਿੱਚ ਵਾਧਾ ਕਰ ਕੇ ਮੱਧ ਵਰਗ ਨੂੰ ਰਾਹਤ ਦਿੱਤੀ ਗਈ ਹੈ, ਉੱਥੇ ਹੀ ਰੋਜ਼ਾਨਾ ਦੀਆਂ ਚੀਜ਼ਾਂ ਸਸਤੀਆਂ ਕੀਤੀਆਂ ਗਈਆਂ ਹਨ। ਇਹ ਬਜਟ ਕਿਸਾਨਾਂ ਲਈ ਵੀ ਵਰਦਾਨ ਹੈ। ਸਾਬਕਾ ਸੰਸਦ ਨੇ ਕਿਹਾ ਕਿ ਹੁਣ ਕਿਸਾਨ ਸਬਸਿਡੀ ਵਾਲੇ ਕਿਸਾਨ ਕਰੈਡਿਟ ਕਾਰਡ ’ਤੇ ਪੰਜ ਲੱਖ ਤੱਕ ਦਾ ਕਰਜ਼ਾ ਲੈ ਸਕਣਗੇ। ਪਹਿਲਾਂ ਇਹ ਰਕਮ 3 ਲੱਖ ਰੁਪਏ ਤੱਕ ਸੀ। ਇਸ ਦਾ ਸਿੱਧਾ ਲਾਭ 7 ਕਰੋੜ 70 ਲੱਖ ਕਿਸਾਨਾਂ ਨੂੰ ਹੋਵੇਗਾ। ਸ਼ਵੇਤ ਮਲਿਕ ਨੇ ਬਜਟ ਨੂੰ ਰੁਜ਼ਗਾਰ ਪੱਖੀ ਦੱਸਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਤਹਿਤ 5 ਸਾਲਾਂ ਵਿੱਚ 2 ਕਰੋੜ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਇਹ ਬਜਟ ਔਰਤਾਂ ਲਈ ਵੀ ਹਰ ਪੱਖੋਂ ਲਾਹੇਵੰਦ ਹੈ।ਉਨ੍ਹਾਂ ਅੱਜ ਪੱਛੜੇ ਸਮਾਜ ਨੂੰ ਲੱਭਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕੇਂਦਰ ਸਰਕਾਰ ਐੱਸ/ਐੱਸਟੀ ਔਰਤਾਂ ਨੂੰ 2 ਕਰੋੜ ਰੁਪਏ ਤੱਕ ਦਾ ਕਰਜ਼ਾ ਦੇਵੇਗੀ ਜੋ ਪਹਿਲੀ ਵਾਰ ਉੱਦਮੀ ਬਣਨ ਜਾ ਰਹੀਆਂ ਹਨ। ਭਾਜਪਾ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਪੰਜਾਬ ਦੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਦੇ ਲੋਕ ਡਰ ਦੇ ਸਾਏ ਹੇਠ ਹਨ। ਪੰਜਾਬ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੀ ਕਮਾਨ ਸੌਂਪ ਦਿੱਤੀ ਗਈ ਹੈ। ਇਹੀ ਤਬਦੀਲੀ ਪੰਜਾਬ ਵਿੱਚ ਵੀ ਆਉਣ ਵਾਲੀ ਹੈ। ਲੋਕ ਭਾਜਪਾ ਦੀ ਸਰਕਾਰ ਬਣਾਉਣ ਲਈ ਤਿਆਰ ਹਨ।