For the best experience, open
https://m.punjabitribuneonline.com
on your mobile browser.
Advertisement

ਜਲੰਧਰ ਵਿੱਚ ਪੁਲੀਸ ਕਮਿਸ਼ਨਰ ਵੱਲੋਂ ਥਾਣਿਆਂ ਦੀ ਅਚਨਚੇਤ ਚੈਕਿੰਗ

07:32 AM Jun 19, 2024 IST
ਜਲੰਧਰ ਵਿੱਚ ਪੁਲੀਸ ਕਮਿਸ਼ਨਰ ਵੱਲੋਂ ਥਾਣਿਆਂ ਦੀ ਅਚਨਚੇਤ ਚੈਕਿੰਗ
ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 18 ਜੂਨ
ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਕਮਿਸ਼ਨਰਾਂ, ਆਈਜੀ, ਡੀਆਈਜੀ ਅਤੇ ਐੱਸਐੱਸਪੀ ਰੈਂਕ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਤੋਂ ਬਾਅਦ ਹੁਣ ਪੁਲੀਸ ਹਰਕਤ ਵਿੱਚ ਆ ਗਈ ਹੈ। ਜਲੰਧਰ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਅੱਜ ਸਵੇਰੇ ਖੁਦ ਫੀਲਡ ਵਿੱਚ ਜਾ ਕੇ ਥਾਣਿਆਂ ਦਾ ਮੁਆਇਨਾ ਕੀਤਾ। ਇਸ ਦੌਰਾਨ ਉਨ੍ਹਾਂ ਥਾਣਾ ਪੱਧਰ ’ਤੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਕੰਮ-ਕਾਜ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕਈ ਥਾਵਾਂ ’ਤੇ ਸੁਧਾਰ ਕਰਨ ਲਈ ਕਿਹਾ। ਜਦੋਂ ਪੁਲੀਸ ਕਮਿਸ਼ਨਰ ਜਾਂਚ ਲਈ ਪੁੱਜੇ ਤਾਂ ਪੁਲੀਸ ਮੁਲਾਜ਼ਮ ਘਬਰਾ ਗਏ। ਇਸ ਮੌਕੇ ਪੁਲੀਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਿੱਚ ਚੰਗੀ ਪੁਲੀਸਿੰਗ ਲਈ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਜੋ ਕਰਮਚਾਰੀ ਅਤੇ ਅਧਿਕਾਰੀ ਹਰ ਸਮੇਂ ਸੁਚੇਤ ਰਹਿਣ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਇਹ ਰੋਜ਼ਾਨਾ ਚੈਕਿੰਗ ਸੀ ਜਿੱਥੇ ਉਨ੍ਹਾਂ ਥਾਣੇ ਦਾ ਰਿਕਾਰਡ ਚੈੱਕ ਕੀਤਾ ਤੇ ਥਾਣੇ ਵਿੱਚ ਖੜ੍ਹੇ ਕਈ ਵਾਹਨਾਂ ਨੂੰ ਸਾਫ਼ ਕਰਨ ਦੇ ਹੁਕਮ ਦਿੱਤੇ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਅਚਾਨਕ ਥਾਣਾ ਡਿਵੀਜ਼ਨ ਨੰਬਰ 6 ਵਿੱਚ ਪੁੱਜੇ ਜਿੱਥੇ ਉਸ ਨੇ ਕ੍ਰਾਈਮ ਰਜਿਸਟਰ ਦੀ ਜਾਂਚ ਕੀਤੀ ਅਤੇ ਐਂਟਰੀਆਂ ਚੈੱਕ ਕੀਤੀਆਂ। ਇਸ ਤੋਂ ਬਾਅਦ ਸੀਪੀ ਸ਼ਰਮਾ ਨੇ ਤਕਨੀਕੀ ਐਂਗਲ ’ਤੇ ਜਾਂਚ ਨੂੰ ਲੈ ਕੇ ਐੱਸਐੱਚਓ ਨਾਲ ਗੱਲ ਕੀਤੀ। ਇਸੇ ਤਰ੍ਹਾਂ ਸੀਪੀ ਸ਼ਰਮਾ ਨੇ ਥਾਣਾ ਡਿਵੀਜ਼ਨ ਨੰਬਰ-4 ਵਿੱਚ ਚੈਕਿੰਗ ਕੀਤੀ।

Advertisement

ਹੁਸ਼ਿਆਰਪੁਰ ਵਿੱਚ ਡੀਆਈਜੀ ਵੱਲੋਂ ਐੱਸਐੱਚਓ ਮੁਅੱਤਲ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਜਲੰਧਰ ਰੇਂਜ ਦੇ ਡੀਆਈਜੀ ਹਰਮਨਬੀਰ ਸਿੰਘ ਗਿੱਲ ਨੇ ਸਵੇਰੇ ਹੁਸ਼ਿਆਰਪੁਰ ਦੇ ਟਾਂਡਾ ਪੁਲੀਸ ਥਾਣੇ ਦੀ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਡੀਐੱਸਪੀ ਅਤੇ ਐੱਸਐੱਚਓ ਡਿਊਟੀ ਤੋਂ ਗੈਰ- ਹਾਜ਼ਰ ਮਿਲੇ। ਥਾਣੇ ਵਿੱਚ ਕੇਵਲ ਇੱਕ ਸਹਾਇਕ ਮੁਣਛੀ ਮੌਜੂਦ ਸੀ ਪਰ ਉਸ ਕੋਲ ਵੀ ਕੋਈ ਹਥਿਆਰ ਨਹੀਂ ਸੀ। ਡੀਆਈਜੀ ਨੇ ਜਦੋਂ ਰਿਕਾਰਡ ਚੈੱਕ ਕੀਤਾ ਤਾਂ ਦੇਖਿਆ ਕਿ ਸਵੇਰੇ 8 ਵਜੇ ਵਾਲੀ ਰੋਲ ਕਾਲ ਨਹੀਂ ਲਾਈ ਜਾ ਰਹੀ ਸੀ। ਥਾਣੇ ਵਿੱਚ ਇੱਕ ਮਹਿਲਾ ਹਵਾਲਾਤੀ ਸੀ, ਪਰ ਕੋਈ ਮਹਿਲਾ ਮੁਲਾਜ਼ਮ ਹਾਜ਼ਰ ਨਹੀਂ ਸੀ। ਡੀਆਈਜੀ ਨੇ ਕੁਤਾਹੀ ਦਾ ਗੰਭੀਰ ਨੋਟਿਸ ਲੈਂਦਿਆਂ ਐੱਸਐੱਚਓ ਟਾਂਡਾ ਐੱਸਆਈ ਰਮਨ ਕੁਮਾਰ ਨੂੰ ਤੁਰੰਤ ਮੁਅੱਤਲ ਕਰ ਕੇ ਲਾਈਨ ਹਾਜ਼ਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਡੀਐੱਸਪੀ ਖਿਲਾਫ਼ ਵੀ ਐਕਸ਼ਨ ਲਿਆ ਜਾਵੇਗਾ। ਡੀਆਈਜੀ ਨੇ ਮੁਣਛੀ ਦੇ ਕਮਰੇ ’ਚ ਪਹੁੰਚ ਕੇ ਵਾਇਰਲੈੱਸ ਸੈਟ ’ਤੇ ਕੰਟਰੋਲ ਰੂਮ ਨਾਲ ਗੱਲ ਕੀਤੀ ਤੇ ਨੋਟ ਕਰਵਾਇਆ ਕਿ ਉਨ੍ਹਾਂ ਵੱਲੋਂ ਜਲੰਧਰ ਰੇਂਜ ਦੇ ਤਿੰਨਾਂ ਜ਼ਿਲ੍ਹਿਆਂ- ਜਲੰਧਰ, ਕਪੂਰਥਲਾ ਤੇ ਹੁਸ਼ਿਆਰਪੁਰ ਦੇ ਥਾਣਿਆਂ ਦੀ ਇਸੇ ਤਰ੍ਹਾਂ ਅਚਨਚੇਤ ਚੈਕਿੰਗ ਕੀਤੀ ਜਾਂਦੀ ਰਹੇਗੀ ਅਤੇ ਜਿੱਥੇ ਕਿਤੇ ਵੀ ਕੋਈ ਕਮੀ ਮਿਲੇਗੀ, ਸਖ਼ਤ ਕਾਰਵਾਈ ਕੀਤੀ ਜਾਵੇਗੀ।

ਡੀਸੀ ਵੱਲੋਂ ਵੱਖ-ਵੱਖ ਦਫ਼ਤਰਾਂ ਦੀ ਜਾਂਚ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਅਤੇ ਸਬ-ਰਜਿਸਟਰਾਰ ਦਫ਼ਤਰਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿੱਚ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਆਪਣਾ ਕੰਮ-ਕਾਰ ਕਰਵਾਉਣ ਆਏ ਲੋਕਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਸਮੂਹ ਉਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਨਾਲ ਸਬੰਧਤ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦਾ ਲਗਾਤਾਰ ਨਿਰੀਖਣ ਕਰਨ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕਰਨ। ਇਸੇ ਤਰ੍ਹਾਂ ਉਨ੍ਹਾਂ ਆਰ.ਟੀ.ਓ ਦਫਤਰ ਅਤੇ ਸੇਵਾ ਕੇਂਦਰ ਹੁਸ਼ਿਆਰਪੁਰ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਚੈਕਿੰਗ ਨਿਰੰਤਰ ਜਾਰੀ ਰੱਖੀ ਜਾਵੇਗੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਆਪਣੇ ਕੰਮਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×