For the best experience, open
https://m.punjabitribuneonline.com
on your mobile browser.
Advertisement

ਬੇਰੁਜ਼ਗਾਰੀ ਲੋਕ ਸਭਾ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ: ਖੜਗੇ

07:17 AM Apr 08, 2024 IST
ਬੇਰੁਜ਼ਗਾਰੀ ਲੋਕ ਸਭਾ ਚੋਣਾਂ ਦਾ ਸਭ ਤੋਂ ਵੱਡਾ ਮੁੱਦਾ  ਖੜਗੇ
Advertisement

ਨਵੀਂ ਦਿੱਲੀ, 7 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ’ਚ ‘ਭਾਜਪਾ ਵੱਲੋਂ ਥੋਪੀ ਗਈ ਬੇਰੁਜ਼ਗਾਰੀ’ ਸਭ ਤੋਂ ਵੱਡਾ ਮੁੱਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨ ਰੁਜ਼ਗਾਰ ਲੱਭਣ ਲਈ ਸੰਘਰਸ਼ ਕਰ ਰਹੇ ਹਨ। ਖੜਗੇ ਨੇ ਐਕਸ ’ਤੇ ਕਿਹਾ ਕਿ ‘ਯੁਵਾ ਨਿਆਏ’ ਤਹਿਤ ਕਾਂਗਰਸ ਦੀ ‘ਪਹਿਲੀ ਨੌਕਰੀ ਪੱਕੀ’ ਗਾਰੰਟੀ ਕੰਮ ਅਤੇ ਸਿੱਖਣ ਵਾਲੀਆਂ ਰੁਕਾਵਟਾਂ ਦੂਰ ਕਰੇਗੀ ਜਿਸ ਨਾਲ ਕਰੀਅਰ ਦੇ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਣਗੇ। ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ, ‘‘ਇਸ ਲੋਕ ਸਭਾ ਚੋਣ ਵਿੱਚ ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਹੈ ਜੋ ਭਾਜਪਾ ਵੱਲੋਂ ਥੋਪੀ ਗਈ ਹੈ। ਸਾਡੇ ਨੌਜਵਾਨ ਨੌਕਰੀਆਂ ਲਈ ਸੰਘਰਸ਼ ਕਰ ਰਹੇ ਹਨ।’’
ਉਨ੍ਹਾਂ ਕਿਹਾ ਕਿ 12 ਆਈਆਈਟੀਜ਼ ਵਿੱਚ ਲਗਪਗ 30 ਫੀਸਦ ਵਿਦਿਆਰਥੀਆਂ ਨੂੰ ਰੈਗੂਲਰ ਪਲੇਸਮੈਂਟ ਨਹੀਂ ਮਿਲ ਰਹੀ ਹੈ। ਖੜਗੇ ਨੇ ਕਿਹਾ, ‘‘21 ਆਈਆਈਐੱਮਜ਼ ’ਚੋਂ ਸਿਰਫ 20 ਫੀਸਦ ਹੀ ਹੁਣ ਤੱਕ ਗਰਮੀਆਂ ਦੀਆਂ ਪਲੇਸਮੈਂਟਾਂ ਪੂਰੀਆਂ ਕਰਨ ਦੇ ਯੋਗ ਹੋਏ ਹਨ। ਜੇ ਆਈਆਈਟੀਜ਼ ਅਤੇ ਆਈਆਈਐੱਮਜ਼ ਦੇ ਇਹ ਹਾਲਾਤ ਹਨ ਤਾਂ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਭਾਜਪਾ ਨੇ ਦੇਸ਼ ਭਰ ਵਿੱਚ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਕਿਵੇਂ ਬਰਬਾਦ ਕੀਤਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਬੇਰੁਜ਼ਗਾਰੀ ਦੀ ਦਰ 2014 ਤੋਂ ਬਾਅਦ ਤੋਂ ਤਿੰਨ ਗੁਣਾ ਹੋ ਗਈ ਹੈ। ਖੜਗੇ ਨੇ ਕਿਹਾ, ‘‘2012 ਅਤੇ 2019 ਵਿਚਾਲੇ ਰੁਜ਼ਗਾਰ ਵਿੱਚ ਸਿਰਫ 0.001 ਫੀਸਦ ਦਾ ਵਾਧਾ ਹੋਇਆ। ਮੋਦੀ ਦੀ ਦੋ ਕਰੋੜ ਨੌਕਰੀਆਂ ਦੇਣ ਦੀ ਗਾਰੰਟੀ ਸਾਡੇ ਨੌਜਵਾਨਾਂ ਦੇ ਦਿਲਾਂ ਅਤੇ ਦਿਮਾਗਾਂ ਵਿੱਚ ਇੱਕ ਡਰਾਉਣੇ ਸੁਫ਼ਨੇ ਵਾਂਗ ਗੂੰਜਦੀ ਹੈ। ਇਸ ਲਈ ਕਾਂਗਰਸ ਯੁਵਾ ਨਿਆਏ’ ਤਹਿਤ ‘ਪਹਿਲੀ ਨੌਕਰੀ ਪੱਕੀ’ ਗਾਰੰਟੀ ਲੈ ਕੇ ਆਈ ਹੈ।’’ਖੜਗੇ ਨੇ ਕਿਹਾ ਕਿ 25 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਡਿਪਲੋਮਾ ਜਾਂ ਡਿਗਰੀ ਧਾਰਕ ਨੂੰ ਹੁਣ ਰੁਜ਼ਗਾਰ ਮੰਗਣ ਦਾ ਕਾਨੂੰਨੀ ਅਧਿਕਾਰ ਹੋਵੇਗਾ ਅਤੇ ਉਸ ਨੂੰ ਘੱਟੋ-ਘੱਟ 1 ਲੱਖ ਰੁਪਏ ਪ੍ਰਤੀ ਸਾਲ ਦਿੱਤੇ ਜਾਣਗੇ। ਉਨ੍ਹਾਂ ਕਿਹਾ, ‘‘ਇਸ ਨਾਲ ਕੰਮ ਅਤੇ ਸਿੱਖਣ ਨੂੰ ਵੱਖ ਕਰਨ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ, ਜਿਸ ਨਾਲ ਕਰੀਅਰ ਦੇ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਣਗੇ।’’ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਸ਼ੁੱਕਰਵਾਰ ਨੂੰ ਇੱਥੇ ਕਾਂਗਰਸ ਹੈੱਡਕੁਆਰਟਰ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਸਾਬਕਾ ਪ੍ਰਧਾਨਾਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਕਾਂਗਰਸ ਦਫ਼ਤਰ ਵਿੱਚ ਲੋਕ ਸਭਾ ਚੋਣਾਂ ਲਈ ਆਪਣਾ ਮਨੋਰਥ ਪੱਤਰ ਜਾਰੀ ਕੀਤਾ ਸੀ। -ਪੀਟੀਆਈ

Advertisement

Advertisement
Author Image

Advertisement
Advertisement
×