ਪ੍ਰਾਜੈਕਟ ਗੁਜਰਾਤ ਭੇਜਣ ਕਾਰਨ ਮਹਾਰਾਸ਼ਟਰ ’ਚ ਬੇਰੁਜ਼ਗਾਰੀ ਵਧੀ: ਪ੍ਰਿਯੰਕਾ
ਮੁੰਬਈ, 17 ਨਵੰਬਰ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਹੁਕਮਰਾਨ ਭਾਜਪਾ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਵੱਡੇ ਪ੍ਰਾਜੈਕਟ ਗੁਜਰਾਤ ਤਬਦੀਲ ਕੀਤੇ ਜਾਣ ਕਾਰਨ ਮਹਾਰਾਸ਼ਟਰ ’ਚ ਬੇਰੁਜ਼ਗਾਰੀ ਵਧ ਗਈ ਹੈ। ਕਾਂਗਰਸ ਆਗੂ ਨੇ ਇਹ ਵੀ ਕਿਹਾ ਕਿ ਹੁਕਮਰਾਨ ਗੱਠਜੋੜ ਦੇ ਆਗੂ ਅਸਲ ਮੁੱਦਿਆਂ ਤੋਂ ਧਿਆਨ ਵੰਡਾ ਕੇ ਸਮਾਜ ਦੇ ਧਰੁੱਵੀਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਲੜਕੀ ਭੈਣ ਯੋਜਨਾ ਲਈ ਮਹਾਯੁਤੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਪ੍ਰਿਯੰਕਾ ਨੇ ਕਿਹਾ ਕਿ ਔਰਤਾਂ ਨੂੰ 1500 ਰੁਪਏ ਮਹੀਨਾ ਲੈਣ ਦੀ ਬਜਾਏ ਆਪਣੇ ਬਿਹਤਰ ਜੀਵਨ ਲਈ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇ ਮਹਾ ਵਿਕਾਸ ਅਘਾੜੀ ਸੱਤਾ ’ਚ ਆਇਆ ਤਾਂ ਉਹ ਸੋਇਆਬੀਨ ਦੀ ਫ਼ਸਲ ਲਈ ਕਿਸਾਨਾਂ ਨੂੰ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦੇਵੇਗਾ। ਭਾਜਪਾ ਆਗੂਆਂ ਵੱਲੋਂ ਦਿੱਤੇ ਗਏ ਨਾਅਰੇ ‘ਏਕ ਹੈਂ ਤੋ ਸੇਫ਼ ਹੈਂ’ ਦਾ ਜ਼ਿਕਰ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਸ਼ਬਦ ‘ਸੇਫ਼’ ਦੇ ਦੋ ਅਰਥ ਹਨ-ਇਕ ਸੁਰੱਖਿਆ ਅਤੇ ਦੂਜਾ ਤਿਜੌਰੀ। ਉਨ੍ਹਾਂ ਦੋਸ਼ ਲਾਇਆ, ‘‘ਦੇਸ਼ ’ਚ ਦਰਅਸਲ ਸਿਰਫ਼ ਇਕ ਵਿਅਕਤੀ ਅਡਾਨੀ ਹੀ ਸੁਰੱਖਿਅਤ ਹੈ। ਪੂਰਾ ਮੁਲਕ ਜਾਣਦਾ ਹੈ ਕਿ ਅਡਾਨੀ ਹੀ ਇਕਲੌਤਾ ਵਿਅਕਤੀ ਹੈ ਜਿਸ ਦੀ ਸਰਕਾਰੀ ਤਿਜੌਰੀ ਤੱਕ ਪਹੁੰਚ ਹੈ ਜਦਕਿ ਆਮ ਨਾਗਰਿਕਾਂ ਨੂੰ ਰੋਜ਼ੀ-ਰੋਟੀ ਲਈ ਸੰਘਰਸ਼ ਕਰਨਾ ਪੈਂਦਾ ਹੈ।’’ ਪ੍ਰਿਯੰਕਾ ਨੇ ਭਾਜਪਾ ’ਤੇ ਲੋਕਤੰਤਰ ਦੀ ਪਰਵਾਹ ਨਾ ਕਰਨ ਦਾ ਦੋਸ਼ ਲਾਉਂਦਿਆਂ ਮਹਾਰਾਸ਼ਟਰ ’ਚ ਐੱਮਵੀਏ ਸਰਕਾਰ ਡੇਗਣ ਦਾ ਹਵਾਲਾ ਦਿੱਤਾ। ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਆਦਿਵਾਸੀਆਂ ਦੀ ਜ਼ਮੀਨ ਪ੍ਰਾਈਵੇਟ ਕੰਪਨੀਆਂ ਹਵਾਲੇ ਕੀਤੀ ਜਾ ਰਹੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇ ਐੱਮਵੀਏ ਸੱਤਾ ’ਚ ਆਇਆ ਤਾਂ ਉਹ ਜਵਾਬਦੇਹੀ, ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਲੋਕਾਂ ਨੂੰ ਹਮਾਇਤ ਦੇਣ ’ਤੇ ਧਿਆਨ ਕੇਂਦਰਤ ਕਰੇਗਾ। -ਪੀਟੀਆਈ