ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਨੂੰ ਖੂਨ ਨਾਲ ਲਿਖਿਆ ਪੱਤਰ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 17 ਅਕਤੂਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਨੇੜੇ ਪਿੰਡ ਢੇਰ ਵਿੱਚ ਪਿਛਲੇ 14 ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਬੈਠੇ ਈਟੀਟੀ 5994 ਭਰਤੀ ਦੇ ਦੋ ਉਮੀਦਵਾਰਾਂ ਨੇ ਆਪਣੇ ਖੂਨ ਨਾਲ ਪੱਤਰ ਲਿਖ ਕੇ ਸਿੱਖਿਆ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਜਲਦੀ ਉਨ੍ਹਾਂ ਦੇ ਨਿਯੁਕਤੀ ਪੱਤਰ ਜਾਰੀ ਕਰਨ। ਜ਼ਿਕਰਯੋਗ ਹੈ ਕਿ ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਦੇ ਦੋ ਉਮੀਦਵਾਰ ਆਦਰਸ਼ ਅਬੋਹਰ ਅਤੇ ਅਨਮੋਲ ਬੱਲੂਆਣਾ ਜੁਆਇਨਿੰਗ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਬੈਠੇ ਹਨ। ਇਸ ਦੇ ਨਾਲ ਹੀ ਯੂਨੀਅਨ ਵੱਲੋਂ ਪਿਛਲੇ 19 ਦਿਨਾਂ ਤੋਂ ਰੋਸ ਧਰਨਾ ਵੀ ਜਾਰੀ ਹੈ। ਅੱਜ ਆਗੂਆਂ ਨੇ ਕਿਹਾ ਕਿ ਖੂਨ ਨਾਲ ਲਿਖਿਆ ਪੱਤਰ ਸਿੱਖਿਆ ਮੰਤਰੀ ਹਰਜੋਤ ਬੈਂਸ, ਐੱਸਡੀਐੱਮ ਸ੍ਰੀ ਆਨੰਦਪੁਰ ਸਾਹਿਬ ਸਣੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਏ। ਨੌਜਵਾਨਾਂ ਨੇ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਜਾਣ-ਬੁੱਝ ਕੇ ਡੰਗ ਟਪਾਊ ਨੀਤੀ ਤਹਿਤ ਕੰਮ ਕਰਦੀ ਹੋਈ ਆਏ ਦਿਨ ਲਾਰੇ ਲਗਾ ਰਹੀ ਹੈ। ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ, ਪਰਮਪਾਲ ਫਾਜ਼ਿਲਕਾ, ਬਲਿਹਾਰ ਸਿੰਘ, ਬੰਟੀ ਕੰਬੋਜ, ਕੁਲਵਿੰਦਰ ਬਰੇਟਾ, ਅਸ਼ੋਕ ਬਾਵਾ, ਹਰੀਸ਼ ਫਾਜ਼ਿਲਕਾ ਅਤੇ ਪ੍ਰਗਟ ਬੋਹਾ ਨੇ ਸਰਕਾਰ ਦੇ ਨਾ ਪੱਖੀ ਵਰਤਾਰੇ ਦੀ ਨਿਖੇਧੀ ਕੀਤੀ।