ਪਟਿਆਲਾ ਵਿੱਚ ਬੇਰੁਜ਼ਗਾਰ ਪੀਟੀਆਈਜ਼ ਵੱਲੋਂ ਭਰਤੀ ਖੋਲ੍ਹਣ ਲਈ ਕੈਪਟਨ ਦੀ ਰਿਹਾਇਸ਼ ਤੱਕ ਮਾਰਚ
ਰਵੇਲ ਸਿੰਘ ਸਿੰਘ ਭਿੰਡਰ
ਪਟਿਆਲਾ, 20 ਅਗਸਤ
ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਪੰਜਾਬ ਭਰ ’ਚੋਂ ਵੱਡੀ ਗਿਣਤੀ ਮੈਂਬਰਾਂ ਵੱਲੋਂ ਅੱਜ ਇਥੇ ਬਾਰਾਂਦਰੀ ’ਚ ਇਕੱਤਰਤਾ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਥਾਨਕ ਘਰ ‘ਨਿਊ ਮੋਤੀਬਾਗ ਪੈਲੇਸ’ ਵੱਲ ਰੋਹ ਭਰਿਆ ਮਾਰਚ ਕੱਢਿਆ ਗਿਆ। ਪ੍ਰਦਸ਼ਨਕਾਰੀਆਂ ਨੂੰ ਵਾਈਪੀਐੱਸ ਚੌਕ ਕੋਲ ਪੁਲੀਸ ਨੇ ਰੋਕ ਲਿਆ। ਇਸ ਕਾਰਨ ਕਾਰਕੁਨਾਂ ਨੇ ਚੌਕ ’ਚ ਰੋਸ ਧਰਨਾ ਦਿੱਤਾ। ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਕਿਹਾ ਕਿ ਪੰਜਾਬ ਦੇ ਵੱਡੀ ਗਿਣਤੀ ਸਕੂਲਾਂ ’ਚ ਪੀਟੀਆਈ ਦੀ ਘਾਟ ਹੈ, ਜਦੋਂ ਕਿ ਸਰੀਰਕ ਸਿੱਖਿਆ ਲਈ ਇਹ ਆਸਾਮੀ ਲਾਜ਼ਮੀ ਹੈ। 15 ਸਾਲਾਂ ਤੋਂ ਇਹ ਭਰਤੀ ਬੰਦ ਹੈ। ਜਥੇਬੰਦੀ ਦੇ ਜਨਰਲ ਸਕੱਤਰ ਅਮਨਜੀਤ ਕੰਬੋਜ, ਮੀਤ ਪ੍ਰਧਾਨ ਅਮਨਦੀਪ ਕੌਰ ਤੇ ਸੰਦੀਪ ਸਿੰਘ, ਸਲਾਹਕਾਰ ਕੁਲਜੀਤ ਸਿੰਘ ਢਿੱਲੋਂ, ਦਵਿੰਦਰ ਕੁਮਾਰ, ਮਲਕੀਤ ਕੌਰ, ਨੀਤੂ, ਅੰਮ੍ਰਿਤਪਾਲ ਕੌਰ, ਜਸਵਿੰਦਰ, ਭਾਰਤ ਭੂਸ਼ਣ, ਬਲਜਿੰਦਰ ਸਿੰੰਘ ਸਮੇਤ ਵੱਡੀ ਗਿਣਤੀ ਕਾਰਕੁਨਾਂ ਨੇ ਗਰਮਜੋਸ਼ੀ ਨਾਲ ਸ਼ਿਰਕਤ ਕੀਤੀ। ਤਹਿਸੀਲਦਾਰ ਨੇ ਪ੍ਰਦਸ਼ਨਕਾਰੀਆਂ ਪਾਸੋਂ ਮੰਗ ਪੱਤਰ ਹਾਸਲ ਕੀਤਾ।