ਵਿਦਿਆਰਥੀਆਂ ਦੇ ਸਕੂਲ ਸਫ਼ਰ ਨੂੰ ਸਮਝਦਿਆਂ
ਅਵਿਜੀਤ ਪਾਠਕ
ਹਾਲ ਹੀ ਵਿਚ ਮੈਂ ਪਟਨਾ ਵਿਚ ਦਸਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਮਿਲਿਆ ਸੀ। ਸਬਬ ਨਾਲ ਅਸੀਂ ਦੋ-ਤਿੰਨ ਦਿਨ ਇਕੱਠੇ ਗੁਜ਼ਾਰੇ। ਸ਼ਹਿਰ ਦੇ ਬਾਹਰਵਾਰ ਪੈਂਦੇ ਪਿੰਡਾਂ ਵਿਚ ਅਸੀਂ ਇਕੱਠੇ ਘੁੰਮੇ; ਖੁੱਲ੍ਹ ਕੇ ਗੱਲਾਂ ਕੀਤੀਆਂ। ਮੈਨੂੰ ਉਹ ਨੌਜਵਾਨ ਬਹੁਤ ਹੀ ਫਰਾਖ਼ਦਿਲ ਅਤੇ ਮਿਲਣਸਾਰ ਲੱਗਿਆ। ਉਂਝ, ਉਸ ਦੀ ਸਭ ਤੋਂ ਵੱਡੀ ਖਾਸੀਅਤ ਸੀ ਕੁਦਰਤ ਨਾਲ ਉਸ ਦਾ ਪਿਆਰ। ਜਦੋਂ ਅਸੀਂ ਕਿਸੇ ਖਾਮੋਸ਼ ਅਤੇ ਅਣਜਾਣ ਪਿੰਡ ਵਿਚੋਂ ਲੰਘ ਰਹੇ ਹੁੰਦੇ ਸਾਂ ਤਾਂ ਸ਼ਹਿਰ ਨੂੰ ਲੈ ਕੇ, ਇਸ ਦੇ ਗ਼ੈਰ-ਕੁਦਰਤੀ ਮਾਹੌਲ, ਇਸ ਦੀ ਪਲੀਤ ਹੋਈ ਹਵਾ, ਇਕਲਾਪੇ ਜਾਂ ਫਿਰ ਹੁਣ ਜਿਵੇਂ ਸ਼ਹਿਰਾਂ ਦੀ ਦੇਖਾ ਦੇਖੀ ਪਿੰਡ ਵੀ ਉੱਦਾਂ ਦੇ ਹੀ ਬਣਦੇ ਜਾ ਰਹੇ, ਬਾਰੇ ਉਸ ਦੀ ਬੇਚੈਨੀ ਮੈਨੂੰ ਸਾਫ਼ ਦਿਖਾਈ ਦਿੰਦੀ ਸੀ। ਵਾਕਈ, ਉਹ ਸੋਚਣਸ਼ੀਲ ਨੌਜਵਾਨ ਹੈ ਅਤੇ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਦੱਸਣ ਦੇ ਸਮਰੱਥ ਹੈ। ਉਂਝ, ਇਸ ਗ਼ੈਰ-ਰਸਮੀ ਗੱਲਬਾਤ ਵਿਚ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਉਸ ਨੇ ਇਕ ਤਰ੍ਹਾਂ ਦੀ ਜ਼ਖ਼ਮੀ ਚੇਤਨਾ ਦਾ ਬੋਝ ਚੁੱਕਿਆ ਹੋਇਆ ਹੈ। ਇਸ ਦਾ ਕਾਰਨ ਇਹ ਸੀ ਕਿ ਉਸ ਨੂੰ ਆਪਣੇ ਸਕੂਲ ਨਾਲ ਨਫ਼ਰਤ ਹੈ; ਉਹ ਕਲਾਸਾਂ ਨਹੀਂ ਲਾਉਣਾ ਚਾਹੁੰਦਾ; ਤੇ ਉਸ ਦੇ ਮਨ ਵਿਚ ਕੋਈ ਅਜਿਹੀ ਅਭਿਲਾਸ਼ਾ ਨਹੀਂ ਹੈ ਜੋ ਉਸ ਦੇ ਹਾਣੀਆਂ ਦੇ ਮਨਾਂ ਵਿਚ ਆਮ ਹੁੰਦੀ ਹੈ, ਮਸਲਨ ਬੋਰਡ ਦੀ ਪ੍ਰੀਖਿਆ ਵਿਚ ਚੰਗੇ ਨੰਬਰ ਲੈਣੇ, ਕਿਸੇ ਬ੍ਰਾਂਡਿਡ ਕੋਚਿੰਗ ਕੇਂਦਰ ਵਿਚ ਭਰਤੀ ਹੋਣਾ, ਐੱਨਈਈਟੀ ਜਾਂ ਆਈਆਈਟੀ-ਜੇਈਈ ਟੈਸਟਾਂ ਦੀ ਤਿਆਰੀ ਕਰਨੀ ਅਤੇ ਇੰਝ ‘ਸਫਲ’ ਹੋਣਾ! ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਹ ਮਹਿਸੂਸ ਕਰਦਾ ਸੀ ਕੋਈ ਵੀ ਉਸ ਨੂੰ ਸਮਝਦਾ ਨਹੀਂ ਹੈ, ਉਸ ਦੇ ਸਭ ਤੋਂ ਕਰੀਬੀ ਲੋਕ ਵੀ ਉਸ ਨੂੰ ‘ਅਸਫਲ’ ਸਮਝਣ ਲੱਗ ਪਏ ਹਨ।
ਉਸ ਨਾਲ ਮੇਰੀ ਮੁਲਾਕਾਤ ਤੋਂ ਬਾਅਦ ਮੈਨੂੰ ਸਕੂਲਾਂ ਵਲੋਂ ਘੜੇ ਜਾਂਦੇ ਅਤੇ ਪ੍ਰਵਾਨ ਕੀਤੇ ਜਾਂਦੇ ‘ਅਸਫਲਤਾ’ ਦੇ ਬਿਰਤਾਂਤ ਵੱਲ ਝਾਤੀ ਮਾਰਨ ਦਾ ਮੌਕਾ ਮਿਲਿਆ। ਇਵਾਨ ਇਲਿਚ ਆਪਣੀ ਬੇਮਿਸਾਲ ਕਿਤਾਬ ‘ਡੀਸਕੂਲਿੰਗ ਸੁਸਾਇਟੀ’ ਵਿਚ ਸਕੂਲੀ ਮਾਨਸਿਕਤਾ ਦੇ ਬੁਰੇ ਪਹਿਲੂਆਂ ਵੱਲ ਸਾਡੀ ਝਾਤ ਪਵਾਉਂਦਾ ਹੈ। ਆਧੁਨਿਕ ਸਮਿਆਂ ਵਿਚ ਸਕੂਲ ਬਹੁਤ ਜਿ਼ਆਦਾ ਸ਼ਕਤੀਸ਼ਾਲੀ ਹੋ ਗਏ ਹਨ, ਇਹ ਪਰਿਭਾਸ਼ਤ ਕਰਨ ਲੱਗ ਪਏ ਹਨ ਕਿ ਕੁਝ ਚੋਣਵੀਆਂ ਪਾਠ ਪੁਸਤਕਾਂ ਜਾਂ ਸਰਕਾਰੀ ਪਾਠਕ੍ਰਮ ਰਾਹੀਂ ‘ਕੀ ਕੁਝ ਜਾਣਨ ਯੋਗ ਹੈ’ ਅਤੇ ਇਨ੍ਹਾਂ ਨੇ ਕਿਸੇ ਦੀ ਮੈਰਿਟ ਤੇ ਲਿਆਕਤ ਨੂੰ ਮਾਪਣ ਤੇ ਪ੍ਰਮਾਣਿਕ ਕਰਨ ਵਿਚ ਅਥਾਹ ਅਹਿਮੀਅਤ ਹਾਸਲ ਕਰ ਲਈ ਹੈ, ਪਟਨਾ ਵਿਚ ਬਣੇ ਮੇਰੇ ਇਸ ਨਵੇਂ ਦੋਸਤ ਲਈ ਉਸ ਨੂੰ ਵਸਤੂ ਬਣਾ ਦੇਣ, ਸ਼ੱਕ ਕਰਨ ਜਾਂ ਉਸ ਨੂੰ ਸਮੱਸਿਆਜਨਕ ਬੱਚਾ ਸਮਝਣ ਵਾਲੀਆਂ ਨਜ਼ਰਾਂ ਤੋਂ ਬਚਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ। ਜਾਪਦਾ ਹੈ ਕਿ ਉਹ ਇਸ ਅਕਾਦਮਿਕ ਨੌਕਰਸ਼ਾਹੀ ਦੇ ਪਿੰਜਰੇ ਵਿਚ ਫਿੱਟ ਨਹੀਂ ਬੈਠ ਰਿਹਾ। ਹੋ ਸਕਦਾ ਹੈ ਕਿ ਉਹ ਬੇਪ੍ਰਵਾਹ ਹੋਵੇ ਪਰ ਸਕੂਲ ਚਾਹੁੰਦਾ ਹੈ ਕਿ ਉਹ ਅਤਿ ਦਾ ਮੁਕਾਬਲੇਬਾਜ਼ ਬਣੇ। ਉਹ ਜ਼ਮੀਨ, ਫ਼ਸਲਾਂ ਅਤੇ ਖੇਤੀਬਾੜੀ ਬਾਰੇ ਜਾਣਦਾ ਹੈ ਪਰ ਸਕੂਲ ਚਾਹੁੰਦਾ ਹੈ ਕਿ ਉਹ ਹਰ ਦਿਨ ਸਕੂਲ ਆ ਕੇ ਅੰਕ ਗਣਿਤ ਤੇ ਬੀਜ ਗਣਿਤ ਸਿੱਖੇ। ਉਸ ਲਈ ਚੁੱਪ-ਚਾਪ ਪਿੰਡ ਦੇ ਝੋਨੇ ਦੇ ਖੇਤਾਂ ’ਚ ਗੇੜਾ ਮਾਰਨਾ ਕਾਵਿਕ ਹੋ ਨਿੱਬੜਦਾ ਹੈ ਪਰ ਸਕੂਲ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਉਹ ਅੰਗਰੇਜ਼ੀ ਵਿਆਕਰਨ ਦਾ ਗਿਆਨ ਹਾਸਲ ਕਰੇ। ਉਹ ਬਹੁਤ ਸਫ਼ਾਈ ਨਾਲ ਮੋਟਰਸਾਈਕਲ ਦੀ ਮੁਰੰਮਤ ਕਰ ਸਕਦਾ ਹੈ ਪਰ ਸਕੂਲ ਚਾਹੁੰਦਾ ਹੈ ਕਿ ਉਹ ਕਲਾਸ ਵਿਚ ਆਗਿਆਕਾਰੀ ਬਣ ਕੇ ਬੈਠੇ ਅਤੇ ਭੌਤਿਕ ਵਿਗਿਆਨ ਦੇ ਅਧਿਆਪਕ ਦੀ ਮਨਬਚਨੀ ਨੂੰ ਆਤਮਸਾਤ ਕਰੇ ਜਿਸ ਦਾ ਉਸ ਦੀ ਜਿ਼ੰਦਗੀ ਜਾਂ ਦੁਨੀਆ ਨਾਲ ਕੋਈ ਵਜੋ-ਵਾਸਤਾ ਨਜ਼ਰ ਨਹੀਂ ਆਉਂਦਾ। ਇਸ ਕਿਤਾਬੀ ਗਿਆਨ ਵਿਚ ਉਸ ਦੇ ਤਜਰਬਾਤੀ ਹੁਨਰ ਦੀ ਕੋਈ ਵੁੱਕਤ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਨੂੰ ਸਕੂਲ ਦਾ ਨਾਂ ਸੁਣ ਕੇ ਭੈਅ ਆਉਣ ਲੱਗ ਪਵੇ ਜਿਵੇਂ ਕੋਈ ਬੰਦਾ ਜੇਲ੍ਹ ਦਾ ਨਾਂ ਸੁਣ ਕੇ ਡਰ ਜਾਂਦਾ ਹੈ।
ਉਂਝ, ਮੇਰਾ ਇਹ ਮਿੱਤਰ ਕੋਈ ਇਕੱਲਾ ਇਕਹਿਰਾ ਨਹੀਂ ਹੈ। ਉਸ ਵਰਗੇ ਬਹੁਤ ਸਾਰੇ ਬੱਚੇ ਹਨ ਜੋ ਸਕੂਲ ਨੂੰ ਨਫ਼ਰਤ ਕਰਦੇ ਹਨ। ਉਨ੍ਹਾਂ ਦੀਆਂ ਆਵਾਜ਼ਾਂ ਸ਼ਾਇਦ ਹੀ ਕਦੇ ਸੁਣੀਆਂ ਜਾਂਦੀਆਂ ਹਨ ਜਿਸ ਕਰ ਕੇ ਉਹ ਦਿਲਚਸਪੀ ਹੀ ਗੁਆ ਲੈਂਦੇ ਹਨ। ਰਸਮੀ ਅਤੇ ਸੰਸਥਾਈ ਸਿੱਖਿਆ ਲਾਜ਼ਮੀ ਤੌਰ ’ਤੇ ਇਕ ਦਿਸ਼ਾਵੀ ਹੁੰਦੀ ਹੈ ਜਿਸ ਤਹਿਤ ਸਿੱਖਿਆ ਹਾਸਲ ਕਰਨ ਜਾਂ ਦੁਨੀਆ ਨਾਲ ਜੁੜਨ ਦੇ ਵੱਖੋ-ਵੱਖਰੇ ਤਰੀਕਿਆਂ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਇਹ ਜੀਵਨ ਦੀ ਸਜੀਵਤਾ ਤੋਂ ਬਹੁਤ ਦੂਰ ਹੁੰਦੀ ਹੈ। ਹਾਲਾਂਕਿ ‘ਸਫ਼ਲਤਾ’ ਦੇ ਕੰਧਾੜੇ ਚੜ੍ਹੇ ਸਾਡੇ ਸਮਾਜ ਵਿਚ ਅਸੀਂ ‘ਅਸਫਲਤਾ’ ਦੇ ਬਿਰਤਾਂਤਾਂ ਨੂੰ ਘੜਨ ਦੀ ਪ੍ਰਕਿਰਿਆ ਬਾਰੇ ਘੋਖ ਪੜਤਾਲ ਕਰਨ ਦੀ ਖੇਚਲ ਘੱਟ ਹੀ ਕਰਦੇ ਹਾਂ ਪਰ ਜੌਹਨ ਹੋਲਟ ਜਿਹਾ ਕੋਈ ਸੰਵੇਦਨਸ਼ੀਲ ਅਤੇ ਰੈਡੀਕਲ ਸਿੱਖਿਆ ਸ਼ਾਸਤਰੀ ਆਪਣੀ ਕਿਤਾਬ ‘ਹਾਓ ਚਿਲਰਡਨ ਫੇਲ੍ਹ’ ਵਿਚ ਸਾਡੀਆਂ ਅੱਖਾਂ ਖੋਲ੍ਹਦਾ ਹੈ: ਹੋਲਟ ਦੇ ਸ਼ਬਦਾਂ ਵਿਚ ‘ਉਹ ਫੇਲ੍ਹ ਹੁੰਦੇ ਹਨ ਕਿਉਂਕਿ ਉਹ ਡਰਦੇ ਹਨ, ਅੱਕ ਜਾਂਦੇ ਹਨ ਅਤੇ ਭਮੱਤਰ ਜਾਂਦੇ ਹਨ।’ ਯਕੀਨਨ, ਉਹ ਆਪਣੇ ਆਲੇ ਦੁਆਲੇ ਬੇਚੈਨ ਬਾਲਗਾਂ ਨੂੰ ਤੱਕ ਕੇ ਡਰ ਜਾਂਦੇ ਹਨ ਜਿਨ੍ਹਾਂ ਦੀਆਂ ਅਨੰਤ ਆਸਾਂ ਤੇ ਉਮੀਦਾਂ ਦੀ ਡੋਰ ਉਨ੍ਹਾਂ ਦੇ ਸਿਰ ’ਤੇ ਲਟਕਦੀ ਰਹਿੰਦੀ ਹੈ। ਉਹ ਇਸ ਲਈ ਅੱਕ ਜਾਂਦੇ ਹਨ ਕਿਉਂਕਿ ਸਕੂਲ ਵਿਚ ਉਨ੍ਹਾਂ ਨੂੰ ਜੋ ਕੁਝ ਵੀ ਕਰਨ ਲਈ ਦਿੱਤਾ ਜਾਂਦਾ ਹੈ, ਉਹ ਐਨੇ ਨਿਗੂਣੇ ਅਤੇ ਨੀਰਸ ਹੁੰਦੇ ਹਨ ਕਿ ਜਿਨ੍ਹਾਂ ਲਈ ਉਨ੍ਹਾਂ ਦੇ ਲਿਆਕਤ, ਸਮੱਰਥਾ ਅਤੇ ਪ੍ਰਤਿਭਾ ਦੇ ਅਥਾਹ ਭੰਡਾਰ ਦੇ ਇਸਤੇਮਾਲ ਦੀ ਘੱਟ ਹੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਉਹ ਇਸ ਲਈ ਭਮੱਤਰ ਜਾਂਦੇ ਹਨ ਕਿਉਂਕਿ ਸਕੂਲਾਂ ਵਿਚ ਉਨ੍ਹਾਂ ’ਤੇ ਜੋ ਸ਼ਬਦੀ ਛਿੜਕਾਓ ਕੀਤਾ ਜਾਂਦਾ ਹੈ, ਉਸ ਦਾ ਵਡੇਰਾ ਹਿੱਸਾ ਉਨ੍ਹਾਂ ਲਈ ਨਿਰਾਰਥਕ ਹੁੰਦਾ ਹੈ।
ਉਂਝ, ਹੋਲਟ ਵਰਗੇ ਭਾਵੁਕ ਅਤੇ ਸੰਵੇਦਨਸ਼ੀਲ ਉਸਤਾਦ ਮਿਲਣੇ ਸੌਖਾ ਨਹੀਂ ਹੁੰਦਾ ਸਗੋਂ ਸਾਡੇ ਵਿਚੋਂ ਬਹੁਤੇ ਸਫਲਤਾ ਦਾ ਗੁਣਗਾਨ ਕਰਨ ਅਤੇ ਇਸ ਹੋੜ ’ਚੋਂ ਪਿੱਛੇ ਰਹਿ ਜਾਣ ਵਾਲਿਆਂ ਨੂੰ ਭੰਡਣ ਦਾ ਕੰਮ ਹੀ ਕਰਦੇ ਹਨ। ਕਦੇ ਕਦੇ ਤਾਂ ਮੈਂ ਵੀ ਉਹੀ ਸਵਾਲ ਪੁੱਛਣ ਲੱਗ ਪਿਆ ਸੀ: ਕੀ ਪਟਨੇ ਵਿਚ ਮਿਲਿਆ ਮੇਰਾ ਦੋਸਤ ਵਾਕਈ ਜ਼ਹੀਨ ਹੈ? ਜੇ ਅਸੀਂ ਜ਼ਹਾਨਤ ਦੀ ਪ੍ਰਚੱਲਤ ਧਾਰਨਾ ’ਤੇ ਚੱਲੀਏ ਤਾਂ ਤਰ੍ਹਾਂ ਤਰ੍ਹਾਂ ਦੇ ਟੈਸਟਾਂ ਰਾਹੀਂ ਮਾਪੀ ਜਾਣ ਵਾਲੀ ਜ਼ਹਾਨਤ ਦੇ ਹਿਸਾਬ ਨਾਲ ਸੰਭਵ ਹੈ ਕਿ ਉਸ ਨੂੰ ਜ਼ਹੀਨ ਨਾ ਗਿਣਿਆ ਜਾ ਸਕੇ। ਹੋ ਸਕਦਾ ਹੈ ਕਿ ਉਸ ਨੂੰ ਭੌਤਿਕ ਵਿਗਿਆਨ ਦੇ ਕਿਸੇ ਅੰਕ ਜਾਂ ਗਣਿਤ ਦੀ ਸਮੀਕਰਨ ਨੂੰ ਕਿਸੇ ਰੋਬੋਟ ਦੀ ਤਰ੍ਹਾਂ ਹੱਲ ਕਰਨ ਵਿਚ ਔਖ ਮਹਿਸੂਸ ਹੁੰਦੀ ਹੋਵੇ ਪਰ ਫਿਰ ਜਿਵੇਂ ਸਿੱਖਿਆ ਸ਼ਾਸਤਰੀ ਮਨੋਵਿਗਿਆਨਕ ਹਾਵਰਡ ਗਾਰਡਨਰ ਨੇ ਸਾਨੂੰ ਸਚੇਤ ਕੀਤਾ ਹੈ ਕਿ ਜ਼ਹਾਨਤ ਦੇ ਕਈ ਪ੍ਰਕਾਰ ਹੁੰਦੇ ਹਨ ਜੋ ਸਾਡੇ ਸਮਿਆਂ ਵਿਚ ਪ੍ਰਚਾਰੀਆਂ ਜਾਂਦੀਆਂ ਤਾਰਕਿਕ ਅਤੇ ਗਣਿਤ ਜ਼ਹਾਨਤ ਤੋਂ ਪਾਰ ਹੁੰਦੀਆਂ ਹਨ। ਗਾਰਡਨਰ ਨੇ ਹੀ ਮੈਨੂੰ ਆਪਣੇ ਇਸ ਛੋਟੇ ਦੋਸਤ ਦੀ ਵਿਲੱਖਣਤਾ ਨੂੰ ਸਮਝਣਾ ਅਤੇ ਉਸ ਦੀ ਕਦਰ ਕਰਨਾ ਸਿਖਾਇਆ ਹੈ। ਮਿਸਾਲ ਦੇ ਤੌਰ ’ਤੇ ਉਸ ਵਿਚ ਕਿਸੇ ਦੂਜੇ ਸ਼ਖ਼ਸ ਨਾਲ ਸਾਂਝ ਪਾਉਣ ਦੀ ਯੋਗਤਾ ਹੈ ਅਤੇ ਉਹ ਸਵੈ-ਪ੍ਰਗਟਾਵਾ ਕਰਨ ਦੇ ਵੀ ਸਮੱਰਥ ਹੈ ਅਤੇ ਉਸ ਨੂੰ ਆਪਣੀ ਅੰਦਰੂਨੀ ਅਵਸਥਾ ਦੀ ਸੋਝੀ ਹੈ। ਇਸ ਤਰ੍ਹਾਂ ਉਸ ਦੀ ਸਰੀਰਕ ਲਚਕ ਦੀ ਜ਼ਹਾਨਤ ਵੀ ਦੇਖਣਯੋਗ ਹੈ ਜਿਸ ਸਦਕਾ ਉਸ ਨੂੰ ਆਪਣੇ ਹੱਥਾਂ ਨਾਲ ਚੀਜ਼ਾਂ ਦੀ ਰਚਨਾ ਕਰਨ ਵਿਚ ਮਜ਼ਾ ਆਉਂਦਾ ਹੈ ਪਰ ਸਾਡੇ ਸਕੂਲ ਤਾਰਕਿਕ-ਗਣਿਤਕ ਜੋੜ ਤੋਂ ਪਰ੍ਹੇ ਮਿਸਾਲ ਦੇ ਤੌਰ ’ਤੇ ਭਾਸ਼ਾਈ ਅਤੇ ਵਾਚਨ ਜ਼ਹਾਨਤ ਨੂੰ ਦੇਖਣ ਲਈ ਤਿਆਰ ਹੀ ਨਹੀਂ ਹਨ।
ਹਰ ਬੱਚਾ ਨਿਆਰਾ ਹੁੰਦਾ ਹੈ। ਉਂਝ, ਜਿਵੇਂ ਸੰਸਥਾਈ ਅਤੇ ਨੌਕਰਸ਼ਾਹਾਂ ਵਾਲੀ ਰਸਮੀ ਸਿੱਖਿਆ ਸਾਨੂੰ ਮਿਆਰੀਕਰਨ ਅਤੇ ਇਕਰੂਪੀਕਰਨ ਵੱਲ ਧੂੰਹਦੀ ਹੈ, ਇਸ ਨਾਲ ਯੁਵਾ ਮਨ ਮੁਰਝਾ ਜਾਂਦੇ ਹਨ। ਅਸਫਲਤਾ ਦਾ ਫਰਜ਼ੀ ਦਾਗ ਲਾਉਣ ਨਾਲ ਉਨ੍ਹਾਂ ਦੀ ਮਾਨਸਿਕ ਅਵਸਾਦ ਦੀ ਅਵਸਥਾ ਇਕਲਾਪੇ ਵਿਚ ਬਦਲ ਜਾਂਦੀ ਹੈ, ਉਨ੍ਹਾਂ ਨੂੰ ਸਤਾਉਂਦੀ ਰਹਿੰਦੀ ਹੈ ਅਤੇ ਅੰਤ ਨੂੰ ਉਨ੍ਹਾਂ ਨੂੰ ਭਟਕੇ ਹੋਏ ਕਰਾਰ ਦੇ ਕੇ ਛੱਡ ਦਿੰਦੀ ਹੈ।
ਸਫਲਤਾ ਦੀ ਚਕਾਚੌਂਧ ਵਿਚ ਕੀ ਅਸੀਂ ਅਸਫਲਤਾ ਦੇ ਅਧਿਕਾਰਤ ਅਤੇ ਪ੍ਰਵਾਨਤ ਬਿਰਤਾਂਤ ’ਤੇ ਕਿੰਤੂ ਕਰਨ, ਰੁਚੀਆਂ ਅਤੇ ਜੀਵਨ ਦੀਆਂ ਪਸੰਦਾਂ ਦੀ ਵੰਨ-ਸਵੰਨਤਾ ਨੂੰ ਸਵੀਕਾਰ ਕਰਨ ਅਤੇ ਇਵੇਂ ਇਨ੍ਹਾਂ ਵਿਦਿਆਰਥੀਆਂ ਨੂੰ ਅੰਦਰੋਂ ਤਿੜਕ ਜਾਂ ਟੁੱਟ ਜਾਣ ਦੇ ਅਮਲ ਤੋਂ ਬਚਾਉਣ ਲਈ ਤਿਆਰ ਹਾਂ?
*ਲੇਖਕ ਸਮਾਜ ਸ਼ਾਸਤਰੀ ਹੈ।