For the best experience, open
https://m.punjabitribuneonline.com
on your mobile browser.
Advertisement

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

12:36 PM Jun 05, 2023 IST
ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ
Advertisement

ਸ਼ਨਿਚਰਵਾਰ ਦਾ ਦਿਨ ਮੌਸਮ ਪੱਖੋਂ ਵੀ ਸੁਹਾਵਣਾ ਸੀ ਅਤੇ ਪਾਕਿਸਤਾਨ ਸੁਪਰੀਮ ਕੋਰਟ ਦੇ ਅਹਾਤੇ ਅੰਦਰ ਮਾਹੌਲ ਪੱਖੋਂ ਵੀ ਖੁਸ਼ਗਵਾਰ। ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਤੇ ਉਨ੍ਹਾਂ ਦੇ ਸੰਭਾਵੀ ਜਾਂਨਸ਼ੀਨ ਜਸਟਿਸ ਕਾਜ਼ੀ ਫ਼ੈਜ਼ ਈਸਾ ਨੇ ਮਿਲ ਕੇ ਬਗ਼ੀਚਿਆਂ ਵਿਚ ਕਈ ਪੌਦੇ ਲਾਏ ਅਤੇ ਸਾਂਝੀਆਂ ਤਸਵੀਰਾਂ ਖਿਚਵਾਈਆਂ। ਮੀਡੀਆ ਵੱਲੋਂ ਉਠਾਏ ਕੁਝ ਸਵਾਲਾਂ ਦੇ ਜਵਾਬ ਵਿਚ ਚੀਫ਼ ਜਸਟਿਸ ਨੇ ਇਕ ਬਿਆਨ ਜਾਰੀ ਕੀਤਾ ਕਿ ਸਿਖ਼ਰਲੀ ਅਦਾਲਤ ਦੇ ਸਾਰੇ ਜੱਜਾਂ ਦਰਮਿਆਨ ਕੋਈ ਮਤਭੇਦ ਨਹੀਂ ਬਲਕਿ ਪੂਰੀ ਯਕਜਹਿਤੀ ਹੈ। ਬਿਆਨ ਵਿਚ ਮੀਡੀਆ ਤੇ ਸੋਸ਼ਲ ਮੀਡੀਆ ਮੰਚਾਂ ਨੂੰ ਅਪੀਲ ਕੀਤੀ ਗਈ ਕਿ ਉਹ ਜੱਜਾਂ ਦਰਮਿਆਨ ਕਥਿਤ ਦੁਫ਼ੇੜ ਬਾਰੇ ‘ਫ਼ਰਜ਼ੀ ਖ਼ਬਰਾਂ’ ਨਸ਼ਰ ਕਰਨ ਤੋਂ ਬਚਣ।

Advertisement

ਸਭ ਅੱਛਾ ਹੋਣ ਦਾ ਇਹ ਸੁਨੇਹਾ ਬਹੁਤੀ ਦੇਰ ਤਕ ਅਸਰਦਾਰ ਨਹੀਂ ਰਿਹਾ। ਰੋਜ਼ਾਨਾ ਅਖ਼ਬਾਰ ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸੁਪਰੀਮ ਕੋਰਟ ਦੀ ਰਜਿਸਟਰੀ ਨੇ ਸੋਮਵਾਰ (5 ਜੂਨ) ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਾਸਤੇ ਜੋ ਰੋਸਟਰ ਜਾਰੀ ਕੀਤਾ, ਉਸ ਅਨੁਸਾਰ ਇਕ ਵੀ ਬੈਂਚ ਦੀ ਅਗਵਾਈ ਜਸਟਿਸ ਫ਼ੈਜ਼ ਈਸਾ ਨੂੰ ਨਹੀਂ ਸੌਂਪੀ ਗਈ। ਇਸ ਹਫ਼ਤੇ ਦੌਰਾਨ ਉਹ ਅਮਲੀ ਤੌਰ ਉੱਤੇ ‘ਬੇ-ਕਾਰ’ ਰਹਿਣਗੇ। ਉਨ੍ਹਾਂ ਨੇ ਕੁਝ ਪ੍ਰਸ਼ਾਸਨਿਕ ਕੰਮ ਜ਼ਰੂਰ ਕਰਨੇ ਹਨ, ਪਰ ਸੁਪਰੀਮ ਕੋਰਟ ਦੇ ਇਤਿਹਾਸ ਵਿਚ 15 ਵਰ੍ਹਿਆਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਸੀਨੀਅਰ ਜੱਜ ਤੋਂ ਅਦਾਲਤੀ ਕੰਮ ਨਹੀਂ ਲਿਆ ਜਾ ਰਿਹਾ, ਉਹ ਵੀ ਬਿਨਾਂ ਕਿਸੇ ਜ਼ਾਬਤਾ ਕਾਰਵਾਈ ਦੀ ਬੁਨਿਆਦ ‘ਤੇ।

ਸੀਨੀਅਰ ਵਕੀਲ ਇਸ ਦ੍ਰਿਸ਼ਾਵਲੀ ਤੋਂ ਔਖੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੀਫ਼ ਜਸਟਿਸ ਆਪਣਾ ਅਕਸ ਆਪਣੇ ਹੀ ਅਮਲਾਂ ਰਾਹੀਂ ਖ਼ਰਾਬ ਕਰ ਰਹੇ ਹਨ। ਦਰਅਸਲ, ਜਦੋਂ ਤੋਂ ਪਾਰਲੀਮੈਂਟ ਨੇ ਸੁਪਰੀਮ ਕੋਰਟ ਪ੍ਰੈਕਟਿਸ ਐਂਡ ਪ੍ਰੋਸੀਜਰ ਐਕਟ, 2023 ਪਾਸ ਕੀਤਾ ਹੈ, ਜਸਟਿਸ ਫ਼ੈਜ਼ ਈਸਾ ਨੂੰ ਬੈਂਚਾਂ ਦੀ ਅਗਵਾਈ ਤੋਂ ਲਾਂਭੇ ਰੱਖਿਆ ਜਾ ਰਿਹਾ ਹੈ। ਪਹਿਲਾਂ ਅਜਿਹਾ ਕੁਝ ਬਹਾਨਿਆਂ ਦੇ ਪਰਦੇ ਹੇਠ ਕੀਤਾ ਗਿਆ, ਹੁਣ ਤਾਂ ਕੋਈ ਬਹਾਨਾ ਵੀ ਨਹੀਂ ਬਣਾਇਆ ਗਿਆ। ਉਪਰੋਕਤ ਕਾਨੂੰਨ ਵਿਚ ਇਹ ਵਿਵਸਥਾ ਕੀਤੀ ਗਈ ਹੈ ਕਿ ਕੇਸਾਂ ਦੀ ਸੁਣਵਾਈ ਕਰਨ ਵਾਲੇ ਬੈਂਚਾਂ ਦਾ ਗਠਨ, ਇਕੱਲਾ ਚੀਫ਼ ਜਸਟਿਸ ਨਹੀਂ ਕਰੇਗਾ, ਬਲਕਿ ਚੀਫ਼ ਜਸਟਿਸ ਸਮੇਤ ਤਿੰਨ ਸਭ ਤੋਂ ਸੀਨੀਅਰ ਜੱਜਾਂ ਦੀ ਕਮੇਟੀ ਕਰੇਗੀ। ਇਸ ਕਾਨੂੰਨ ਉਪਰ ਚੀਫ਼ ਜਸਟਿਸ ਦੀ ਅਗਵਾਈ ਵਾਲੇ ਅੱਠ ਮੈਂਬਰੀ ਸੰਵਿਧਾਨਕ ਬੈਂਚ ਨੇ ਰੋਕ ਲਾਈ ਹੋਈ ਹੈ। ਇਸ ਬੈਂਚ ਵਿਚ ਸਾਰੇ ਉਹ ਜੱਜ ਸ਼ਾਮਲ ਕੀਤੇ ਗਏ, ਜੋ ਚੀਫ਼ ਜਸਟਿਸ ਦੇ ਨਾਲ ਧਿਰ ਵਜੋਂ ਵਿਚਰਦੇ ਆ ਰਹੇ ਹਨ।

ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਨੇ ਇਸ ਸਟੇਅ ਉਪਰ ਨਜ਼ਰਸਾਨੀ, ਸੁਪਰੀਮ ਕੋਰਟ ਦੇ ਪੂਰੇ ਬੈਂਚ ਤੋਂ ਕਰਵਾਏ ਜਾਣ ਦੀ ਦਰਖ਼ਾਸਤ ਦਾਇਰ ਕੀਤੀ ਸੀ, ਪਰ ਚੀਫ਼ ਜਸਟਿਸ ਇਸ ਦਰਖ਼ਾਸਤ ਉੱਤੇ ਸੁਣਵਾਈ ਬਾਰੇ ਫ਼ੈਸਲਾ ਲੈਣ ਦੀ ਰੌਂਅ ਵਿਚ ਨਹੀਂ ਜਾਪਦੇ। ਅਖ਼ਬਾਰੀ ਰਿਪੋਰਟ ਮੁਤਾਬਿਕ ਚੀਫ਼ ਜਸਟਿਸ ਬੰਦਿਆਲ ਦੇ ਕਾਰਜਕਾਲ ਦੌਰਾਨ, ਦਰਅਸਲ, ਸਿਆਸੀ ਤੌਰ ‘ਤੇ ਅਹਿਮ ਕਿਸੇ ਵੀ ਕੇਸ ਦੇ ਬੈਂਚ ਵਿਚ ਜਸਟਿਸ ਕਾਜ਼ੀ ਫ਼ੈਜ਼ ਈਸਾ ਤੇ ਜਸਟਿਸ ਸਰਦਾਰ ਤਾਰਿਕ ਮਸੂਦ ਨੂੰ ਸ਼ਾਮਲ ਨਹੀਂ ਕੀਤਾ ਗਿਆ। ਨਾ ਹੀ ਸੁਪਰੀਮ ਕੋਰਟ ਅੰਦਰਲੀਆਂ ਜੱਜਾਂ ਦੀਆਂ ਦੋ ਅਸਾਮੀਆਂ ਭਰਨ ਵਾਸਤੇ ਪਾਕਿਸਤਾਨ ਜੁਡੀਸ਼ਲ ਕਮਿਸ਼ਨ ਦੀ ਕੋਈ ਮੀਟਿੰਗ ਬੁਲਾਈ ਗਈ ਹੈ। ਇਕ ਕੇਂਦਰੀ ਕੈਬਨਿਟ ਮੰਤਰੀ ਦਾ ਦਾਅਵਾ ਹੈ ਕਿ ਚੀਫ਼ ਜਸਟਿਸ ਦਾ ਵਤੀਰਾ ਸਿੱਧੇ ਤੌਰ ‘ਤੇ ਇਹ ਦਰਸਾਉਂਦਾ ਹੈ ਕਿ ਉਹ ‘ਇਨਸਾਫ਼ ਨਹੀਂ, ਇਮਰਾਨ ਦੇ ਪੈਰੋਕਾਰ’ ਹਨ।

ਜਿਬਰਾਨ ਨਾਸਿਰ ਦੀ ਰਿਹਾਈ

ਮਨੁੱਖੀ ਹੱਕਾਂ ਦੀ ਹਿਫ਼ਾਜ਼ਤ ਲਈ ਸਰਗਰਮ ਕਾਰਕੁਨ ਤੇ ਨਾਮਵਰ ਵਕੀਲ ਜਿਬਰਾਨ ਨਾਸਿਰ ਨੂੰ ਉਸ ਦੇ ‘ਅਗਵਾਕਾਰਾਂ’ ਨੇ ਸ਼ਨਿਚਰਵਾਰ ਸ਼ਾਮੀਂ ਰਿਹਾਅ ਕਰ ਦਿੱਤਾ ਅਤੇ ਉਹ ਕਰਾਚੀ ਸਥਿਤ ਆਪਣੇ ਘਰ ਰਾਤ ਵੇਲੇ ਪਰਤ ਆਇਆ। ਉਸ ਦੀ ਪਤਨੀ ਮਨਸ਼ਾ ਪਾਸ਼ਾ ਨੇ ਉਸੇ ਦਿਨ ਤੜਕੇ ਇਕ ਟਵੀਟ ਰਾਹੀਂ ਦਾਅਵਾ ਕੀਤਾ ਸੀ ਕਿ ਉਹ ਤੇ ਨਾਸਿਰ ਸ਼ੁੱਕਰਵਾਰ ਰਾਤੀਂ ਇਕ ਡਿਨਰ ਪਾਰਟੀ ਵਿਚ ਸ਼ਿਰਕਤ ਮਗਰੋਂ ਘਰ ਪਰਤ ਰਹੇ ਸਨ ਕਿ 15 ਕੁ ਲੋਕਾਂ ਨੇ ਕਾਰ ਰੁਕਵਾ ਲਈ ਅਤੇ ਨਾਸਿਰ ਨੂੰ ਜਬਰੀ ਚੁੱਕ ਕੇ ਲੈ ਗਏ। ਉਸ ਨੇ ਇਸੇ ਟਵੀਟ ਵਿਚ ਸ਼ੱਕ ਪ੍ਰਗਟਾਇਆ ਸੀ ਕਿ ‘ਅਗਵਾਕਾਰ’ ਕਰਾਚੀ ਪੁਲੀਸ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਤੋਂ ਸਨ।

ਇਸ ਟਵੀਟ ਦੇ ਜਵਾਬ ਵਿਚ ਕਰਾਚੀ ਦੇ ਆਈ.ਜੀ. (ਪੁਲੀਸ) ਨੇ ਘਟਨਾ ਵਿਚ ਪੁਲੀਸ ਦਾ ਹੱਥ ਨਾ ਹੋਣ ਅਤੇ ਦੋਸ਼ੀਆਂ ਦਾ ਛੇਤੀ ਤੋਂ ਛੇਤੀ ਪਤਾ ਲਾਉਣ ਵਰਗੇ ਦਾਅਵੇ ਕੀਤੇ। ਬਹਰਹਾਲ, ਨਾਸਿਰ ਦੇ ਘਰ ਪਰਤਣ ਮਗਰੋਂ ਉਸ ਦੀ ਸਲਾਮਤੀ ਨਾਲ ਜੁੜੇ ਖ਼ਦਸ਼ੇ ਤਾਂ ਇਕ ਵਾਰ ਦੂਰ ਹੋ ਗਏ ਹਨ, ਪਰ ਅਜੇ ਵੀ ਇਹ ਸਵਾਲ ਬਰਕਰਾਰ ਹੈ ਕਿ ਕਿਸ ਧਿਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਉੱਧਰ, ਉੱਘੇ ਟੀਵੀ ਐਂਕਰ ਤੇ ਇਮਰਾਨ ਖ਼ਾਨ ਪੱਖੀ ਬਲੌਗਰ ਇਮਰਾਨ ਰਿਆਜ਼ ਖ਼ਾਨ ਬਾਰੇ ਹੌਲਨਾਕ ਖ਼ਬਰ ਸਾਹਮਣੇ ਆਈ ਹੈ। ਪੱਤਰਕਾਰਾਂ ਦੀ ਸੁਰੱਖਿਆ ਵਾਸਤੇ ਸਰਗਰਮ ਕੌਂਮਾਤਰੀ ਜਥੇਬੰਦੀ ‘ਰਿਪੋਰਟਰਜ਼ ਸਾਂਜ਼ ਫਰੰਟੀਅਰਜ਼’ (ਆਰ.ਐੱਸ.ਐਫ.) ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਰਿਆਜ਼ ਦਮ ਤੋੜ ਚੁੱਕਾ ਹੈ। ਜਥੇਬੰਦੀ ਦੇ ਏਸ਼ੀਆ ਬਿਓਰੋ ਦਾ ਮੰਨਣਾ ਹੈ ਕਿ ਰਿਆਜ਼ ਨੂੰ ਸਿਆਲਕੋਟ ਹਵਾਈ ਅੱਡੇ ਤੋਂ ਇਕ ਸਰਕਾਰੀ ਖ਼ੁਫ਼ੀਆ ਏਜੰਸੀ ਨੇ ਅਗਵਾ ਕੀਤਾ ਸੀ। ਆਪਣੀ ਨਜ਼ਰਬੰਦੀ ਦੌਰਾਨ ਉਹ ਜਿਸਮਾਨੀ ਤੇ ਜ਼ਿਹਨੀ ਤਸੀਹੇ ਨਹੀਂ ਝੱਲ ਸਕਿਆ ਅਤੇ ਜਾਨ ਗੁਆ ਬੈਠਾ। ਆਨਲਾਈਨ ਅਖ਼ਬਾਰ ‘ਡੇਲੀ ਪਾਕਿਸਤਾਨ’ ਮੁਤਾਬਿਕ ਰਿਆਜ਼ ਨੂੰ ਦਰਅਸਲ ਨਾ ਤਾਂ ਆਈ.ਐੱਸ.ਆਈ. ਅਤੇ ਨਾ ਹੀ ਐੱਮ.ਆਈ. (ਮਿਲਟਰੀ ਇੰਟੈਂਲੀਜੈਂਸ) ਨੇ ਅਗਵਾ ਕੀਤਾ। ਉਸ ਨੂੰ ਕਿਸੇ ਤੀਜੀ ਏਜੰਸੀ ਨੇ ਹਿਰਾਸਤ ਵਿਚ ਲਿਆ ਅਤੇ ਉਹ ਏਜੰਸੀਆਂ ਦੀ ਆਪਸੀ ਅਣਬਣ ਅਤੇ ਚੌਧਰ ਦੀ ਲੜਾਈ ਦਾ ਸ਼ਿਕਾਰ ਹੋਇਆ।

ਪੀਟੀਵੀ ਦਾ ਨਿਘਾਰ ਕਿਉਂ?

ਪਾਕਿਸਤਾਨ ਦੇ ਸਰਕਾਰੀ ਟੀਵੀ ਨੈੱਟਵਰਕ- ਪੀਟੀਵੀ ਬਾਰੇ ਅੰਗਰੇਜ਼ੀ ਅਖ਼ਬਾਰ ‘ਡਾਅਨ’ ਨੇ ਅਹਿਮ ਲੇਖ ਛਾਪਿਆ ਹੈ। ਇਸ ਮੁਤਾਬਿਕ ਹੁਣ ਸਿਰਫ਼ 5 ਤੋਂ 7 ਫ਼ੀਸਦੀ ਤੱਕ ਪਾਕਿਸਤਾਨੀ ਵਸੋਂ ਇਸ ਨੈੱਟਵਰਕ ਦੇ ਚੈਨਲਾਂ ਨੂੰ ਦੇਖਦੀ ਹੈ, ਬਾਕੀ ਵਸੋਂ ਪ੍ਰਾਈਵੇਟ ਟੀਵੀ ਚੈਨਲਾਂ ਨਾਲ ਜੁੜੀ ਹੋਈ ਹੈ। ‘ਪੀਟੀਵੀ ਦਾ ਉਭਾਰ ਤੇ ਨਿਘਾਰ’ ਸਿਰਲੇਖ ਹੇਠਲੇ ਇਸ ਲੇਖ ਮੁਤਾਬਿਕ ਪਾਕਿਸਤਾਨੀ ਇਸ਼ਤਿਹਾਰਬਾਜ਼ੀ ਦਾ 47 ਫ਼ੀਸਦੀ ਹਿੱਸਾ ਟੀ.ਵੀ. ਚੈਨਲਾਂ ਨੇ ਕਾਬੂ ਕੀਤਾ ਹੋਇਆ ਹੈ। ਇਸ ਇਸ਼ਤਿਹਾਰਬਾਜ਼ੀ ਦਾ ਬਹੁਤ ਛੋਟਾ ਜਿਹਾ ਹਿੱਸਾ ਪੀਟੀਵੀ ਤੱਕ ਪਹੁੰਚ ਰਿਹਾ ਹੈ, ਬਾਕੀ ਸਾਰੇ ਹਿੱਸੇ ਉਪਰ ਪ੍ਰਾਈਵੇਟ ਚੈਨਲ ਗ਼ਾਲਬ ਹਨ।

ਪੀਟੀਵੀ ਦੀ ਪੈਦਾਇਸ਼ ਦਰਅਸਲ ਇਕ ਪ੍ਰਾਈਵੇਟ ਚੈਨਲ ‘ਫਿਲਿਪਸ ਟੀਵੀ’ ਰਾਹੀਂ ਹੋਈ ਜੋ ਕਿ ਅਕਤੂਬਰ 1962 ਨੂੰ ਕਰਾਚੀ ਤੋਂ ਸ਼ੁਰੂ ਹੋਇਆ। ਇਸ ਦੇ ਪ੍ਰੋਗਰਾਮ ਸ਼ਾਮ 6.00 ਵਜੇ ਸ਼ੁਰੂ ਹੁੰਦੇ ਸਨ ਅਤੇ ਰਾਤ 9.30 ਤੱਕ ਚਲਦੇ ਸਨ। ਇਸ ਕੰਪਨੀ ਨੇ 200 ਟੈਲੀਵਿਜ਼ਨ ਸੈੱਟ ਖ਼ਰੀਦੇ ਸਨ ਜਿਨ੍ਹਾਂ ਵਿਚੋਂ ਕੁਝ ਅਹਿਮ ਲੋਕਾਂ ਦੇ ਘਰਾਂ ਵਿਚ ਤੋਹਫ਼ੇ ਵਜੋਂ ਪੁੱਜ ਗਏ। ਬਾਕੀ ਕਰਾਚੀ ਮਹਾਂਨਗਰ ਵਿਚ ਜਨਤਕ ਥਾਵਾਂ (ਦੁਕਾਨਾਂ ਆਦਿ) ‘ਤੇ ਇਸ ਤਰ੍ਹਾਂ ਰੱਖੇ ਗਏ ਕਿ ਲੋਕ ਟੈਲੀਵਿਜ਼ਨ ਪ੍ਰੋਗਰਾਮ ਦੇਖ ਸਕਣ। ਇਸ ਦੀ ਕਾਮਯਾਬੀ ਮਗਰੋਂ ਤਵੱਕੋ ਇਹ ਕੀਤੀ ਜਾਂਦੀ ਸੀ ਕਿ ਸਰਕਾਰ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ‘ਟੀਵੀ ਨੈੱਟਵਰਕ’ ਦਾ ਪਾਇਲਟ ਪ੍ਰਾਜੈਕਟ ਫਿਲਿਪਸ ਕੰਪਨੀ ਨੂੰ ਹੀ ਸੌਂਪਿਆ ਜਾਵੇਗਾ, ਪਰ ਹੋਇਆ ਉਲਟ। ਇਹ ਪਾਇਲਟ ਪ੍ਰਾਜੈਕਟ ਕਰਾਚੀ ਤੇ ਲਾਹੌਰ ਵਿਚ ਆਰੰਭਿਆ ਗਿਆ। ਇਸ ਦਾ ਨਾਮ ਵੀ ਪਾਇਲਟ ਟੀਵੀ (ਉਰਦੂ ਵਿਚ ਰਹਿਬਰ ਟੀਵੀ) ਰੱਖਿਆ ਗਿਆ। ਪਰ ਇਸ ਨੂੰ ਸਥਾਪਿਤ ਕਰਨ ਤੇ ਚਲਾਉਣ ਦੀ ਜ਼ਿੰਮੇਵਾਰੀ ਜਪਾਨ ਦੀ ਨਿੱਪੌਨ ਇਲੈਕਟ੍ਰਿਕ ਕੰਪਨੀ (ਐੱਨਈਸੀ) ਤੇ ਵਜ਼ੀਰ ਅਲੀ ਇੰਡਸਟਰੀਜ਼ ਨੂੰ ਸਾਂਝੇ ਤੌਰ ‘ਤੇ ਸੌਂਪੀ ਗਈ। ਇਸ ਦਾ ਪਹਿਲਾ ਕੇਂਦਰ, ਲਾਹੌਰ ‘ਚ ਪਾਕਿਸਤਾਨ ਰੇਡੀਓ ਦੇ ਇਮਾਰਤੀ ਵਿਹੜੇ ਵਿਚ ਕਾਇਮ ਕੀਤਾ ਗਿਆ। ਇਸ ਨੈੱਟਵਰਕ ‘ਤੇ ਪਹਿਲਾ ਪ੍ਰਸਾਰਨ 26 ਨਵੰਬਰ 1964 ਨੂੰ ਹੋਇਆ। ਨੱਬੇ ਦਿਨਾਂ ਦੇ ਤਜਰਬੇ ਮਗਰੋਂ ਐੱਨਈਸੀ, ਗੋਸ਼ੋ ਕੰਪਨੀ (ਜਪਾਨ), ਟੌਮਸਨ ਟੀਵੀ (ਬ੍ਰਿਟੇਨ) ਤੇ ਪਾਕਿਸਤਾਨ ਸਰਕਾਰ ਦੀ ਭਾਈਵਾਲੀ ਨਾਲ ਟੈਲੀਵਿਜ਼ਨ ਪਰੋਮੋਟਰਜ਼ ਕੰਪਨੀ (ਟੀਪੀਸੀ) ਕਾਇਮ ਕੀਤੀ ਗਈ। ਕੰਪਨੀ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਪਾਕਿਸਤਾਨ ਸਰਕਾਰ ਦੀ ਸੀ। ਇਸ ਕੰਪਨੀ ਨੇ ਅੱਠ ਹਜ਼ਾਰ ਟੀਵੀ ਸੈੱਟ ਦਰਾਮਦ ਕੀਤੇ ਜਿਹੜੇ 800 ਤੋਂ ਹਜ਼ਾਰ ਰੁਪਏ ‘ਚ ਵੇਚੇ ਗਏ। ਅਗਲੇ ਤਿੰਨ ਵਰ੍ਹਿਆਂ ਦੌਰਾਨ ਨੌਂ ਕੰਪਨੀਆਂ ਨੂੰ ਟੀਵੀ ਸੈੱਟ ਅਸੈਂਬਲ ਕਰਨ ਦੇ ਲਾਇਸੈਂਸ ਜਾਰੀ ਕੀਤੇ ਗਏ। ਫਿਰ ਕੰਪਨੀ ਦਾ ਨਾਮ ਤੇ ਲੋਗੋ ਬਦਲ ਕੇ ਪੀਟੀਵੀ ਕਰ ਦਿੱਤੇ ਗਏ। ਇਸ ਮਗਰੋਂ ਕਮਰਸ਼ਲਾਂ (ਭਾਵ ਇਸ਼ਤਿਹਾਰਾਂ) ਦਾ ਪ੍ਰਸਾਰਨ ਸ਼ੁਰੂ ਹੋਇਆ। ਪਹਿਲਾਂ ਹੈਂਡਬਿਲਾਂ ਵਰਗੇ ਇਸ਼ਤਿਹਾਰ ਆਇਆ ਕਰਦੇ ਸਨ, ਫਿਰ ਇਨ੍ਹਾਂ ਨੇ ਫਿਲਮਾਂ ਵਾਲਾ ਰੂਪ ਹਾਸਲ ਕੀਤਾ। 1976 ਵਿਚ ਰੰਗਦਾਰ ਟੀਵੀ ਆਇਆ। ਉਦੋਂ ਤੱਕ ਪੀਟੀਵੀ ਖ਼ੂਬ ਕਮਾਈ ਕਰਨ ਲੱਗ ਪਿਆ ਸੀ। 1992 ਵਿਚ ‘ਪੀਟੀਵੀ 2’ ਦੇ ਨਾਮ ਨਾਲ ਪਹਿਲਾ ਉਪਗ੍ਰਹਿ ਚੈਨਲ ਸ਼ੁਰੂ ਕੀਤਾ ਗਿਆ ਜੋ ਬਾਅਦ ਵਿਚ ‘ਪੀਟੀਵੀ ਵਲਡ’ ਦੇ ਰੂਪ ਵਿਚ ਬੇਹੱਦ ਮਕਬੂਲ ਹੋਇਆ। ਪਰ 1996 ਵਿਚ ਸਟਾਰ ਟੀਵੀ ਦੀ ਆਮਦ ਤੇ ਕਾਮਯਾਬੀ ਨੇ ਪੀਟੀਵੀ ਨੂੰ ਮਾਇਕ ਤੌਰ ‘ਤੇ ਹਿਲਾ ਕੇ ਰੱਖ ਦਿੱਤਾ। ਅੱਜ ਮੁਲਕ ਵਿਚ 100 ਦੇ ਕਰੀਬ ਪ੍ਰਾਈਵੇਟ ਚੈਨਲ ਹਨ। ‘ਪੀਟੀਵੀ’ ਹੁਣ ਕਿਸੇ ਵੀ ਤਰ੍ਹਾਂ ਸਿਰਮੌਰ ਨਹੀਂ।

– ਪੰਜਾਬੀ ਟ੍ਰਿਬਿਊਨ ਫੀਚਰ

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×