ਸਮਾਰਟ ਪਿੰਡ ਮੁਹਿੰਮ ਤਹਿਤ ਪਿੰਡ ਰੋਹਣੋਂ ਕਲਾਂ ਦੂਜੇ ਸਥਾਨ ’ਤੇ
ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਜੁਲਾਈ
ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਦੇ ਪਿੰਡ ਰੋਹਣੋਂ ਕਲਾਂ ਨੂੰ ਮਾਡਲ ਪਿੰਡ ਦਾ ਖਿਤਾਬ ਮਿਲਿਆ, ਜਿਸ ਨੇ ਪੰਜਾਬ ਸਰਕਾਰ ਦੀ ‘ਸਮਾਰਟ ਪਿੰਡ ਮੁਹਿੰਮ’ ਤਹਿਤ ਲੁਧਿਆਣਾ ਜ਼ਿਲ੍ਹੇ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਪਿੰਡ ਨੂੰ ਇਹ ਖਿਤਾਬ ਪਿਛਲੇ ਪੰਜ ਸਾਲਾਂ ਦੌਰਾਨ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਗਏ ਸ਼ਾਨਦਾਰ ਕੰਮਾਂ ਕਾਰਨ ਮਿਲਿਆ ਹੈ। ਸੂਬਾ ਸਰਕਾਰ ਵੱਲੋਂ ਪਿੰਡ ਨੂੰ ਇਨਾਮ ਵਜੋਂ 5 ਲੱਖ 3 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਗਈ, ਜਿਸ ਨੂੰ ਪਿੰਡ ਦੇ ਵਿਕਾਸ ਵਿੱਚ ਲਾਇਆ ਜਾਵੇਗਾ।
ਸ੍ਰੀ ਸੋਨੀ ਨੇ ਕਿਹਾ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਤੋਂ ਲੈ ਕੇ ਪਿੰਡ ਦੇ ਪਾਰਕ ਦੇ ਸੁੰਦਰੀਕਰਨ, ਪ੍ਰਾਇਮਰੀ ਸਕੂਲ ਅਤੇ ਪਿੰਡ ਦੇ ਦਰਵਾਜ਼ਿਆਂ ਦਾ ਨਵੀਨੀਕਰਨ ਆਦਿ ਕੰਮਾਂ ਨੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਇਆ ਹੈ। ਰੋਹਣੋਂ ਕਲਾਂ ਨੂੰ ਮਾਡਲ ਪਿੰਡ ਬਣਾਉਣ ’ਚ ਸਾਬਕਾ ਸਰਪੰਚ ਕੁਲਵਿੰਦਰ ਕੌਰ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਸ ਵਿੱਚ ਪੰਚ ਜਸਵੀਰ ਸਿੰਘ, ਜਸਮੇਲ ਸਿੰਘ, ਜਮੀਲਾ ਬੇਗਮ, ਨਰੇਸ਼ ਕੌਰ, ਦਵਿੰਦਰ ਕੌਰ, ਕਰਮ ਸਿੰਘ ਤੇ ਸੁਰਜੀਤ ਸਿੰਘ ਨੇ ਸਹਿਯੋਗ ਦਿੱਤਾ।
ਅਖੀਰ ਵਿੱਚ ਸਾਰੀ ਪੰਚਾਇਤ ਨੂੰ ਸਨਮਾਨਿਤ ਕਰਦਿਆਂ ਸ੍ਰੀ ਸੋਨੀ ਨੇ ਪਿੰਡਾਂ ਵਾਸੀਆਂ ਅਤੇ ਪੰਚਾਂ-ਸਰਪੰਚਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੋਂ ਵੀ ਪਿੰਡ ਦੀ ਭਲਾਈ ਲਈ ਇਸੇ ਤਰ੍ਹਾਂ ਇੱਕਜੁੱਟ ਹੋ ਕੇ ਕਾਰਜ ਕੀਤੇ ਜਾਣ। ਇਸ ਮੌਕੇ ਨੰਬਰਦਾਰ ਜਗਵੀਰ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ, ਮੇਵਾ ਸਿੰਘ, ਕੇਸਰ ਸਿੰਘ, ਮਨਿੰਦਰ ਸਿੰਘ, ਪਰਵਿੰਦਰ ਸਿੰਘ, ਗੁਰਮੀਤ ਸਿੰਘ, ਸਵਰਨਜੀਤ ਸਿੰਘ, ਬਲਵੀਰ ਸਿੰਘ, ਬਲਜੀਤ ਸਿੰਘ, ਹਰਮੇਲ ਸਿੰਘ, ਚੰਦ ਸਿੰਘ ਤੇ ਡਾ. ਦਵਿੰਦਰ ਸਿੰਘ ਆਦਿ ਹਾਜ਼ਰ ਸਨ।